ਫ਼ਿਰੋਜ਼ਪੁਰ, 20 ਜਨਵਰੀ (ਗੁਰਿੰਦਰ ਸਿੰਘ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਫ਼ਿਰੋਜ਼ਪੁਰ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਪਿਉ-ਪੁੱਤ ਸਮੇਤ 3 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 7 ਕਿੱਲੋ 16 ਗਰਾਮ ਹੈਰੋਇਨ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਸੰਬੰਧੀ ਭੁਪਿੰਦਰ ਸਿੰਘ ਸਿੱਧੂ ਐੱਸ. ਐੱਸ. ਪੀ. ਫ਼ਿਰੋਜ਼ਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹੇ ਅੰਦਰ ਨਸ਼ਿਆਂ ਦੇ ਖ਼ਾਤਮੇ, ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਇੰਸਪੈਕਟਰ ਮੋਹਿਤ ਧਵਨ, ਇੰਚਾਰਜ ਸੀ. ਆਈ. ਏ. ਫ਼ਿਰੋਜ਼ਪੁਰ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਦੌਰਾਨੇ ਗਸ਼ਤ ਵਾ ਚੈਕਿੰਗ ਪੁਲਿਸ ਪਾਰਟੀ ਨੂੰ ਪਿੰਡ ਗਿੱਲ, ਥਾਣਾ ਸਦਰ ਫ਼ਿਰੋਜ਼ਪੁਰ ਦੇ ਨਜ਼ਦੀਕ ਇਤਲਾਹ ਮਿਲੀ ਕਿ ਜਸਵੀਰ ਸਿੰਘ ਉਰਫ਼ ਗੱਗੂ ਪੁੱਤਰ ਫੁੰਮਣ ਸਿੰਘ ਤੇ ਰਾਜਪਾਲ ਸਿੰਘ ਉਰਫ਼ ਵਿੱਕੀ ਪੁੱਤਰ ਹਰਜੀਤ ਸਿੰਘ ਵਾਸੀਆਨ ਪਿੰਡ ਚੱਕ ਬਲੋਚਾਂ ਵਾਲਾ ਉਰਫ਼ ਮਹਾਲਮ ਥਾਣਾ ਵੈਰੋਂ ਕੇ ਜ਼ਿਲ੍ਹਾ ਫ਼ਾਜ਼ਿਲਕਾ ਕੋਲ ਨਸ਼ੀਲਾ ਪਦਾਰਥ ਹੈਰੋਇਨ ਹੈ ਜੋ ਅੱਗੇ ਵੇਚਣ ਲਈ ਇਸ ਇਲਾਕੇ 'ਚ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਮਿਲੀ ਇਤਲਾਹ 'ਤੇ ਕਾਰਵਾਈ ਕਰਦਿਆਂ ਸੀ. ਆਈ. ਏ. ਟੀਮ ਵਲੋਂ ਜਸਵੀਰ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ 4 ਕਿੱਲੋ 479 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਦਕਿ ਉਸ ਦਾ ਦੂਜਾ ਸਾਥੀ ਫ਼ਰਾਰ ਹੋ ਗਿਆ। ਜਿਸ ਸੰਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਧਾਰਾ 21/61/85 ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਤੋਂ ਇਲਾਵਾ ਥਾਣਾ ਮੱਖੂ ਪੁਲਿਸ ਵਲੋਂ ਸਹਾਇਕ ਥਾਣੇਦਾਰ ਜਗਦੀਪ ਸਿੰਘ ਦੀ ਅਗਵਾਈ 'ਚ ਟੀਮ ਜਦੋਂ ਗਸ਼ਤ ਦਾ ਚੈਕਿੰਗ ਸੰਬੰਧੀ ਪੁਲ ਸੁਆ ਪਿੰਡ ਪੱਧਰੀ ਪਾਸ ਪੁੱਜੀ ਤਾਂ ਇਕ ਮੋਟਰਸਾਈਕਲ ਬਿਨਾ ਨੰਬਰੀ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਮੋਨਾ ਵਿਅਕਤੀ ਚਲਾ ਰਿਹਾ ਸੀ ਤੇ ਇਕ ਵਿਅਕਤੀ ਪਿੱਛੇ ਬੈਠਾ ਸੀ, ਜਿਨ੍ਹਾਂ ਨੂੰ ਸ਼ੱਕ ਦੀ ਬਿਨਾਂ 'ਤੇ ਰੋਕ ਕੇ ਡੀ. ਐੱਸ. ਪੀ. ਜ਼ੀਰਾ ਜਸਪਾਲ ਸਿੰਘ ਦੀ ਹਾਜ਼ਰੀ 'ਚ ਤਲਾਸ਼ੀ ਕਰਨ 'ਤੇ ਉਨ੍ਹਾਂ ਕੋਲੋਂ ਡੇਢ ਕਿੱਲੋ ਹੈਰੋਇਨ ਬਰਾਮਦ ਕਰਕੇ ਦੋਹਾਂ ਦੋਸ਼ੀਆਂ ਪ੍ਰਭਸਿਮਰਨ ਸਿੰਘ ਉਰਫ਼ ਸਿਮਨ ਪੁੱਤਰ ਸੁਖਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਉਰਫ਼ ਚਾਨਣ ਪੁੱਤਰ ਦੀਦਾਰ ਸਿੰਘ ਵਾਸੀਆਨ ਲਾਲਚੀਆਂ ਉਰਫ਼ ਚੱਕ ਮੋਬੀਆਂ ਹਾਰਦੋ ਢੰਡੀ ਥਾਣਾ ਲੱਖੋ ਕੇ ਬਹਿਰਾਮ ਜ਼ਿਲ੍ਹਾ ਫ਼ਿਰੋਜ਼ਪੁਰ ਖ਼ਿਲਾਫ਼ ਥਾਣਾ ਮੱਖੂ ਵਿਖੇ ਧਾਰਾ 21 ਸੀ/61/85 ਐੱਨ. ਡੀ. ਪੀ. ਐੱਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਕੀਤੀ ਤਫ਼ਤੀਸ਼ ਦੌਰਾਨ ਦੋਸ਼ੀਆਨ ਦੀ ਨਿਸ਼ਾਨਦੇਹੀ 'ਤੇ ਪਿੰਡ ਰਾਜਾਰਾਏ, ਥਾਣਾ ਲੱਖੋਂ ਕੇ ਬਹਿਰਾਮ ਤੋਂ ਇਕ ਕਿੱਲੋ 37 ਗਰਾਮ ਹੈਰੋਇਨ ਹੋਰ (ਕੁੱਲ 2 ਕਿੱਲੋ 537 ਗਰਾਮ) ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਜਸਵੀਰ ਸਿੰਘ ਪੁੱਤਰ ਫੁੰਮਣ ਸਿੰਘ ਖ਼ਿਲਾਫ਼ ਥਾਣਾ ਸਦਰ ਫ਼ਿਰੋਜ਼ਪੁਰ ਤੇ ਸੁਖਵਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਖ਼ਿਲਾਫ਼ ਥਾਣਾ ਮੱਖੂ ਵਿਖੇ ਇਸ ਤੋਂ ਪਹਿਲਾਂ ਵੀ ਐੱਨ. ਡੀ. ਪੀ. ਐੱਸ ਐਕਟ ਤਹਿਤ ਮੁਕੱਦਮੇ ਦਰਜ ਹਨ। ਐੱਸ. ਐੱਸ. ਪੀ. ਨੇ ਨਸ਼ਿਆਂ ਦੇ ਕਾਰੋਬਾਰ 'ਚ ਲੱਗੇ ਅਨਸਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮਾਮਲੇ 'ਚ ਫ਼ਿਰੋਜ਼ਪੁਰ ਪੁਲਿਸ ਵਲੋਂ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਦੌਰਾਨ ਹੋਰ ਖ਼ੁਲਾਸੇ ਤੇ ਬਰਾਮਦਗੀ ਹੋਣ ਦੀ ਸੰਭਾਵਨਾ ਹੈ।