ਫ਼ਿਰੋਜ਼ਪੁਰ, 20 ਜਨਵਰੀ (ਸੁਖਵਿੰਦਰ ਸਿੰਘ)-ਸ਼ਹਿਰ 'ਚ ਚੋਰੀਆਂ ਦਾ ਕਹਿਰ ਲਗਾਤਾਰ ਜਾਰੀ ਹੈ | ਚੋਰ ਰੋਜ਼ਾਨਾ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ ਜਿਸ ਕਾਰਨ ਸ਼ਹਿਰ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪਿਛਲੇ ਦਸ ਦਿਨਾਂ ਦੇ ਅੰਦਰ ਤਕਰੀਬਨ ਕਈ ਦੁਕਾਨਾਂ 'ਤੇ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਕਿਤੇ ਨਕਦੀ ਤੇ ਕਿਤੇ ਮਹਿੰਗੇ ਸਾਮਾਨ 'ਤੇ ਹੱਥ ਸਾਫ਼ ਕੀਤੇ ਜਾ ਰਹੇ ਹਨ | ਤਾਜ਼ਾ ਮਾਮਲਾ ਫ਼ਿਰੋਜ਼ਪੁਰ ਸ਼ਹਿਰ ਦੇ ਸਰਕਲ ਰੋਡ 'ਤੇ ਸਾਹਮਣੇ ਆਇਆ ਹੈ ਜਿਥੇ ਚੋਰਾਂ ਨੇ ਦਾ ਸਟਾਈਲ ਜ਼ੋਨ ਨਾਮਕ ਰੈਡੀਮੇਡ ਸ਼ੋਅਰੂਮ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਵਿਚੋਂ ਨਕਦੀ ਤੇ ਲੱਖਾਂ ਰੁਪਇਆਂ ਦੇ ਮਹਿੰਗੇ ਕੱਪੜੇ ਲੈ ਕੇ ਫ਼ਰਾਰ ਹੋ ਗਏ | ਲੋਕਾਂ ਨੇ ਕਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਫੜਨ ਦੇ ਦਾਅਵੇਦਾਰ ਕਰ ਰਿਹਾ ਹੈ ਪਰ ਅਜੇ ਤੱਕ ਕੋਈ ਵੀ ਕਾਮਯਾਬੀ ਸਾਹਮਣੇ ਨਹੀਂ ਆਈ | ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਕਾਬੂ ਕਰਕੇ ਸ਼ਹਿਰ 'ਚ ਸੁਰੱਖਿਆ ਦਾ ਮਾਹੌਲ ਬਣਾਇਆ ਜਾਵੇ | ਇਸ ਸੰਬੰਧੀ ਦੁਕਾਨ ਮਾਲਕ ਜਸਕਰਨ ਸਿੰਘ ਨੇ ਦੱਸਿਆ ਹੈ ਕਿ ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਹਨ ਅਤੇ ਗੱਲ੍ਹੇ ਦੇ ਵਿਚ ਪਈ ਹੋਈ 30 ਹਜ਼ਾਰ ਦੀ ਨਕਦੀ, ਡੇਢ ਲੱਖ ਦੀ ਅਸੈਸਰੀ ਅਤੇ ਕੱਪੜਿਆਂ ਦਾ ਕੋਈ ਹਿਸਾਬ ਨਹੀਂ ਅਜੇ ਵੇਖ ਰਹੇ ਹਾਂ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਕੇ ਲੈ ਗਏ | ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਹੈ ਕਿ ਪਿਛਲੇ ਲਗਾਤਾਰ 10 ਦਿਨਾਂ ਤੋਂ ਇਸ ਰੋਡ 'ਤੇ ਚੋਰੀਆਂ ਹੋ ਰਹੀਆਂ ਹਨ | ਪੁਲਿਸ ਨੂੰ ਇਸ ਵੱਲ ਸਖ਼ਤੀ ਨਾਲ ਧਿਆਨ ਦੇਣਾ ਚਾਹੀਦਾ ਹੈ | ਚੋਰੀਆਂ ਤੋਂ ਅੱਕੇ ਦੁਕਾਨਦਾਰਾਂ ਨੇ ਐੱਸ. ਐੱਸ. ਪੀ. ਨੂੰ ਗੁਹਾਰ ਲਗਾਈ ਹੈ ਕਿ ਜੇਕਰ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤੀ ਨਾਲ ਚੋਰੀਆਂ 'ਤੇ ਠੱਲ੍ਹ ਨਾ ਪਾਈ ਗਈ ਤਾਂ 23 ਜਨਵਰੀ ਤੋਂ ਬਾਅਦ ਬਾਜ਼ਾਰ ਬੰਦ ਕਰਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਕਰਾਂਗੇ |