ਫਿਰੋਜਸ਼ਾਹ, 20 ਜਨਵਰੀ (ਸਰਬਜੀਤ ਸਿੰਘ ਧਾਲੀਵਾਲ)-ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸੁਨੀਤਾ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਘੱਲ ਖ਼ੁਰਦ ਅੰਮਿ੍ਤਪਾਲ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਬਲਾਕ ਘੱਲ ਖ਼ੁਰਦ ਦੇ ਅਧਿਆਪਕਾਂ ਦੇ ਮਿਸ਼ਨ ਸਮਰੱਥ ਸੈਮੀਨਾਰ ਦਾ ਪਹਿਲਾ ਫੇਸ ਬਲਾਕ ਦਫਤਰ ਘੱਲ ਖੁਰਦ ਵਿਖੇ ਸ਼ੁਰੂ ਹੋਇਆ | ਸੈਮੀਨਾਰ 'ਚ ਬੀ. ਪੀ. ਈ. ਓ. ਅੰਮਿ੍ਤਪਾਲ ਸਿੰਘ ਬਰਾੜ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਸਾਰੇ ਵਿਸ਼ਿਆਂ 'ਚ ਖ਼ਾਸਕਰ ਪੰਜਾਬੀ, ਗਣਿਤ ਤੇ ਅੰਗਰੇਜ਼ੀ 'ਚ ਹਰ ਪੱਖੋਂ ਪਰਪੱਕ ਹੋਣਾ ਜ਼ਰੂਰੀ ਹੈ | ਜਿਸ ਲਈ ਅਧਿਆਪਕਾਂ ਨੂੰ ਟਰੇਡ ਕੀਤਾ ਜਾ ਰਿਹਾ ਹੈ, ਬਲਕਿ ਬੱਚਿਆਂ ਨੂੰ ਹੋਰ ਸਿੱਖਿਅਤ ਕਰਨ ਲਈ ਵੱਖ-ਵੱਖ ਸਰਗਰਮੀਆਂ ਵੀ ਕਰਵਾਈਆਂ ਜਾ ਰਹੀਆਂ ਹਨ | ਬਲਾਕ ਰਿਸੋਰਸ ਪਰਸਨ ਜਸਵਿੰਦਰਪਾਲ ਸਿੰਘ, ਹਰਵਿੰਦਰ ਸਿੰਘ ਸਿੱਧੂ, ਮਹਿੰਦਰਪਾਲ ਚੌਹਾਨ, ਭਾਰਤ ਭੂਸ਼ਨ ਨੇ ਸੰਬੋਧਨ ਦੌਰਾਨ ਅਧਿਆਪਕਾਂ ਨੂੰ ਮਿਸ਼ਨ ਸਮਰੱਥ 4.0 ਅਧੀਨ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਨੂੰ ਅੰਗਰੇਜ਼ੀ, ਪੰਜਾਬੀ, ਗਣਿਤ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਮਿਸ਼ਨ ਸਮਰੱਥ 3.0 ਤੋਂ ਬਾਅਦ ਮਿਸ਼ਨ ਸਮਰੱਥ 4.0 ਸ਼ੁਰੂ ਕੀਤਾ ਹੈ, ਜਿਸ 'ਚ ਪੜ੍ਹਨ ਪੜਾਉਣ ਦੇ ਤਰੀਕਿਆਂ ਨੂੰ ਰੋਚਕ ਤੇ ਸੁਖਾਲਾ ਬਣਾਇਆ ਗਿਆ ਹੈ | ਇਸ ਮੌਕੇ ਨਵੀਆਂ ਪਾਠ ਪੁਸਤਕਾਂ, ਵਰਕ ਬੁੱਕ ਤੇ ਵਿਦਿਆਰਥੀ ਲਈ ਸਕੂਲਾਂ 'ਚ ਭੇਜੇ ਪੜ੍ਹਾਈ ਨਾਲ ਸੰਬੰਧਿਤ ਮੈਟੀਰੀਅਲ ਦੀ ਵੱਧ ਤੋਂ ਵੱਧ ਵਰਤੋ ਕਰਨ ਦੀ ਤਕੀਦ ਕੀਤੀ | ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਸੁਭਾਸ਼ ਸ਼ਰਮਾ ਤੇ ਸਟੇਟ ਤੋਂ ਆਈ ਟੀਮ ਨੇ ਚੱਲ ਰਹੇ ਸੈਮੀਨਾਰ ਦਾ ਨਿਰੀਖਣ ਕਰਦਿਆਂ ਮਿਸ਼ਨ ਸਮਰੱਥ 4.0 ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਕਿਹਾ ਮਿਸ਼ਨ ਸਮਰੱਥ ਦਾ ਭਾਵ ਕਿ ਅਸੀਂ ਹਰ ਵਿਦਿਆਰਥੀ ਨੂੰ ਉਸ ਦੇ ਪੜ੍ਹਨ ਲਿਖਣ ਬੋਲਣ ਦੇ ਮਿਸ਼ਨ ਨੂੰ ਪੂਰਾ ਕਰਨਾ ਹੈ, ਜਿਸ ਲਈ ਹਰ ਤਰ੍ਹਾਂ ਦੀ ਸਿੱਖਣ-ਸਿਖਾਉਣ ਦੀ ਸਮਗਰੀ ਸਕੂਲਾਂ 'ਚ ਪਹੁੰਚਦੀ ਕੀਤੀ ਜਾ ਰਹੀ ਹੈ | ਇਸ ਮੌਕੇ ਬਲਾਕ ਰਿਸੋਰਸ ਪਰਸਨ ਹਰਵਿੰਦਰ ਸਿੰਘ ਸਿੱਧੂ, ਮਹਿੰਦਰਪਾਲ ਚੌਹਾਨ, ਜਸਵਿੰਦਰਪਾਲ ਸਿੰਘ, ਭਾਰਤ ਭੂਸ਼ਨ, ਦਾਰਾ ਸਿੰਘ, ਜਸਵਿੰਦਰ ਸਿੰਘ, ਅਮਨਦੀਪ ਸਿੰਘ ਸਾਹਿਲ ਸਿੰਘ ਹਾਜ਼ਰ ਸਨ |