ਫ਼ਿਰੋਜ਼ਪੁਰ, 20 ਜਨਵਰੀ (ਗੁਰਿੰਦਰ ਸਿੰਘ)-ਸ਼ਹਿਰ 'ਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੇ ਆਮ ਲੋਕਾਂ ਤੇ ਵਪਾਰੀਆਂ 'ਚ ਭਾਰੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਇਕ ਹਫ਼ਤੇ ਦੇ ਅੰਦਰ-ਅੰਦਰ ਪੰਜ ਵੱਡੀਆਂ ਚੋਰੀਆਂ ਹੋਣ ਨਾਲ ਪੁਲਿਸ ਦੀ ਕਾਰਗੁਜ਼ਾਰੀ ਤੇ ਚੋਰਾਂ ਪ੍ਰਤੀ ਦਰਿਆ ਦਿਲੀ 'ਤੇ ਗੰਭੀਰ ਸਵਾਲ ਖੜੇ੍ਹ ਹੋ ਗਏ ਹਨ | ਨਿੱਤ ਦਿਹਾੜੇ ਹੋ ਰਹੀਆਂ ਚੋਰੀਆਂ ਤੋਂ ਅੱਕੇ ਦੁਕਾਨਦਾਰਾਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਕੋਲ ਫ਼ਰਿਆਦ ਲੈ ਕੇ ਗਿਆ | ਐੱਸ. ਐੱਸ. ਪੀ. ਦੀ ਗੈਰ ਮੌਜੂਦਗੀ ਵਿਚ ਵਫ਼ਦ ਵਲੋਂ ਡੀ. ਐੱਸ. ਪੀ. ਸਿਟੀ ਨਾਲ ਮੁਲਾਕਾਤ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਚੋਰਾਂ 'ਤੇ ਲਗਾਮ ਨਾ ਕੱਸੀ ਤਾਂ ਉਹ 23 ਜਨਵਰੀ ਤੋਂ ਬਾਅਦ ਬਾਜ਼ਾਰ ਬੰਦ ਕਰਕੇ ਦੁਕਾਨਾਂ ਦੀਆਂ ਚਾਬੀਆਂ ਪੁਲਿਸ ਅਧਿਕਾਰੀਆਂ ਨੂੰ ਸੌਂਪ ਦੇਣਗੇ | ਐੱਸ. ਐੱਸ. ਪੀ. ਦਫ਼ਤਰ ਵਿਖੇ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਅੱਜ ਫ਼ਿਰੋਜ਼ਪੁਰ ਸ਼ਹਿਰ ਦੇ ਹਾਲਾਤ ਇਹ ਬਣ ਗਏ ਹਨ ਕਿ ਚੋਰ ਬੇਖ਼ੌਫ਼ ਹੋ ਕੇ ਕਹਿੰਦੇ ਪ੍ਰਤੀਤ ਹੁੰਦੇ ਹਨ ਕਿ ਪੁਲਿਸ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੀ | ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਗਰੋਵਰ ਮੈਡੀਕਲ ਹਾਲ, ਸ੍ਰੀ ਰਾਮ ਕਰਿਆਨਾ ਸਟੋਰ, ਬਜਾਜ ਸੈਨੇਟਰੀ, ਮੇਨ ਬਾਜ਼ਾਰ 'ਚ ਸਥਿਤ ਕੱਪੜੇ ਦੀ ਦੁਕਾਨ ਅਤੇ ਬੀਤੀ ਰਾਤ ਸਰਕੂਲਰ ਰੋਡ 'ਤੇ ਰੈਡੀਮੇਡ ਕੱਪੜਿਆਂ ਦੀ ਦੁਕਾਨ 'ਚ ਚੋਰੀ ਦੀਆਂ ਵਾਰਦਾਤਾਂ ਹੋਈਆਂ | ਸਭ ਤੋਂ ਅਫਸੋਸਜਨਕ ਗੱਲ ਇਹ ਹੈ ਕਿ ਜਿਥੇ ਬੀਤੀ ਰਾਤ ਚੋਰੀ ਹੋਈ, ਉਸ ਦੇ ਬਿਲਕੁਲ ਸਾਹਮਣੇ ਸਿਰਫ਼ ਚਾਰ ਦਿਨ ਪਹਿਲਾਂ ਹੀ ਬਜਾਜ ਸੈਨੇਟਰੀ 'ਤੇ ਵੀ ਚੋਰੀ ਹੋ ਚੁੱਕੀ ਸੀ | ਇਸ ਦੇ ਬਾਵਜੂਦ ਪੁਲਿਸ ਵਲੋਂ ਨਾ ਤਾਂ ਚੋਰ ਫੜੇ ਗਏ ਅਤੇ ਨਾ ਹੀ ਇਲਾਕੇ ਵਿਚ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕੀਤੇ ਗਏ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ | ਰਾਤਰੀ ਗਸ਼ਤ ਨਾਂਹ ਦੇ ਬਰਾਬਰ ਹੈ ਤੇ ਸ਼ਿਕਾਇਤਾਂ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ | ਲੋਕਾਂ ਨੇ ਦੱਸਿਆ ਕਿ ਪੁਲਿਸ ਦੀ ਚੋਰਾਂ ਪ੍ਰਤੀ ਦਰਿਆ ਦਿਲੀ ਦੇ ਚੱਲਦਿਆਂ ਕਈ ਮੁਹੱਲਿਆਂ 'ਚ ਲੋਕਾਂ ਨੇ ਆਪਣੀ ਸੁਰੱਖਿਆ ਲਈ ਗਲੀਆਂ ਨੂੰ ਗੇਟ ਲਗਾ ਕੇ ਰਾਤਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਵਪਾਰਕ ਇਲਾਕਿਆਂ ਵਿਚ ਦੁਕਾਨਾਂ ਖੁੱਲ੍ਹੀਆਂ ਹੋਣ ਕਰਕੇ ਚੋਰਾਂ ਦੇ ਰਹਿਮੋ-ਕਰਮ 'ਤੇ ਹਨ | ਵਫ਼ਦ ਨੇ ਸਾਫ਼ ਸ਼ਬਦਾਂ 'ਚ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਚੋਰੀਆਂ 'ਤੇ ਰੋਕ ਨਾ ਲੱਗੀ ਅਤੇ ਚੋਰਾਂ ਨੂੰ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਉਹ ਬਾਜ਼ਾਰ ਬੰਦ ਕਰਨ ਲਈ ਮਜਬੂਰ ਹੋਣਗੇ | ਵਫ਼ਦ ਨੇ ਡੀ. ਐੱਸ. ਪੀ. ਨੂੰ ਕਿਹਾ ਕਿ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਉਹ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਪੁਲਿਸ ਨੂੰ ਸੌਂਪਣ ਲਈ ਵੀ ਤਿਆਰ ਹਨ, ਕਿਉਂਕਿ ਪੁਲਿਸ ਦੀ ਮੌਜੂਦਗੀ ਵਿਚ ਹੀ ਉਨ੍ਹਾਂ ਨੂੰ ਸੁਰੱਖਿਆ ਮਹਿਸੂਸ ਹੋ ਸਕਦੀ ਹੈ | ਸ਼ਹਿਰ ਵਾਸੀਆਂ ਤੇ ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਰਾਤਰੀ ਗਸ਼ਤ ਵਧਾਈ ਜਾਵੇ, ਸੰਵੇਦਨਸ਼ੀਲ ਇਲਾਕਿਆਂ ਵਿਚ ਨਾਕਾਬੰਦੀ ਕੀਤੀ ਜਾਵੇ ਅਤੇ ਚੋਰੀਆਂ 'ਚ ਸ਼ਾਮਿਲ ਅਨਸਰਾਂ ਨੂੰ ਜਲਦ ਫੜ ਕੇ ਲੋਕਾਂ ਵਿਚ ਭਰੋਸਾ ਬਹਾਲ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਲੋਕਾਂ ਦਾ ਗੁੱਸਾ ਹੋਰ ਭੜਕ ਸਕਦਾ ਹੈ | ਪੁਲਿਸ ਅਧਿਕਾਰੀਆਂ ਨੂੰ ਮਿਲੇ ਵਫ਼ਦ 'ਚ ਅਸ਼ਵਨੀ ਗਰੋਵਰ ਸਾਬਕਾ ਪ੍ਰਧਾਨ ਨਗਰ ਕੌਂਸਲ, ਅਸ਼ਵਨੀ ਮਹਿਤਾ ਪ੍ਰਧਾਨ ਵਪਾਰ ਮੰਡਲ, ਦਵਿੰਦਰ ਬਜਾਜ, ਬੌਬੀ ਬਜਾਜ, ਜਸਕਰਨ ਸਿੰਘ, ਅਮਨ ਥਿੰਦ, ਸੁਖਮਿੰਦਰ ਸਿੰਘ ਲਾਡੂ ਆਦਿ ਵੱਡੀ ਗਿਣਤੀ ਵਿਚ ਦੁਕਾਨਦਾਰ ਤੇ ਸ਼ਹਿਰ ਵਾਸੀ ਮੌਜੂਦ ਸਨ |