ਸਲਾਈਟ ਵਿਖੇ ਪੁਲਾੜ ਵਿਗਿਆਨ ਸੁਸਾਇਟੀ ਦਾ ਉਦਘਾਟਨ
ਲੌਂਗੋਵਾਲ, 11 ਅਕਤੂਬਰ (ਵਿਨੋਦ, ਖੰਨਾ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਵਿਖੇ ਵਿਸ਼ਵ ਪੁਲਾੜ ਹਫ਼ਤੇ ਮੌਕੇ ਪੁਲਾੜ ਵਿਗਿਆਨ ਸੁਸਾਇਟੀ ਦਾ ਉਦਘਾਟਨ ਸੰਸਥਾ ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਕੀਤਾ।
ਲੌਂਗੋਵਾਲ, 11 ਅਕਤੂਬਰ (ਵਿਨੋਦ, ਖੰਨਾ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਵਿਖੇ ਵਿਸ਼ਵ ਪੁਲਾੜ ਹਫ਼ਤੇ ਮੌਕੇ ਪੁਲਾੜ ਵਿਗਿਆਨ ਸੁਸਾਇਟੀ ਦਾ ਉਦਘਾਟਨ ਸੰਸਥਾ ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਅਤੇ ਇਸਰੋ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸੁਸਾਇਟੀ ਵਿਦਿਆਰਥੀਆਂ ਨੂੰ ਪੁਲਾੜ ਵਿਗਿਆਨ ਦੀ ਪੜ੍ਹਾਈ ਅਤੇ ਖੋਜ ਲਈ ਉਤਸ਼ਾਹਿਤ ਕਰੇਗੀ। ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਪ੍ਰੋ. ਰਵੀ ਕਾਂਤ ਮਿਸ਼ਰਾ ਨੇ ਦੱਸਿਆ ਕਿ ਸੁਸਾਇਟੀ ਦਾ ਉਦੇਸ਼ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਪੁਲਾੜ ਵਿਗਿਆਨ ਨਾਲ ਜੋੜਨਾ ਹੈ। ਇਸ ਤਹਿਤ ਆਕਾਸ਼ ਦਰਸ਼ਨ, ਦੂਰਬੀਨ ਪ੍ਰਦਰਸ਼ਨ, ਵਿਸ਼ੇਸ਼ ਭਾਸ਼ਣ, ਪ੍ਰਸ਼ਨੋਤਰੀ, ਪ੍ਰਦਰਸ਼ਨੀਆਂ ਅਤੇ ਸਕੂਲਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਵਿਦਿਆਰਥੀਆਂ ਨੂੰ ਸੰਚਾਰ, ਖੇਤੀਬਾੜੀ ਅਤੇ ਆਫ਼ਤ ਪ੍ਰਬੰਧਨ ਵਿੱਚ ਉਪਗ੍ਰਹਿਆਂ ਦੀ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਪ੍ਰੋ. ਮਿਸ਼ਰਾ ਨੇ ਚੰਦਰਯਾਨ-3 ਦੀ ਸਫਲਤਾ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ, ਟੀਮ ਵਰਕ ਅਤੇ ਨਿਰੰਤਰ ਸਿੱਖਣ ਦੀ ਪ੍ਰੇਰਣਾ ਦਿੱਤੀ। ਸਮਾਗਮ ਦੌਰਾਨ ਪੁਲਾੜ ਵਿਗਿਆਨ ਟੀਮ ਦੇ ਮੈਂਬਰਾਂ ਡਾ. ਪ੍ਰਭਦੀਪ ਕੌਰ, ਡਾ. ਤੇਜਿੰਦਰ, ਡਾ. ਸੁਧੀਰ, ਡਾ. ਯੋਗੇਸ਼, ਸ਼੍ਰੀਮਤੀ ਕਨਿਕਾ, ਡਾ. ਹਿਮਾਂਸ਼ੂ, ਸ਼੍ਰੀਮਤੀ ਨਵਿਆ, ਸ਼੍ਰੀਮਤੀ ਪ੍ਰਿਆ, ਸ਼੍ਰੀਮਤੀ ਸੰਧਿਆ, ਸ਼੍ਰੀਮਤੀ ਅਨੰਨਿਆ, ਸ਼੍ਰੀਮਤੀ ਮੀਤਲੀ, ਸ਼੍ਰੀਮਤੀ ਲਵਲੀਨ, ਅਤੇ ਸ਼੍ਰੀ ਸਿਧਾਰਥ ਨੇ ਆਪਣੇ ਖੋਜ ਕਾਰਜ ਪੇਸ਼ ਕੀਤੇ। ਇਸ ਮੌਕੇ ਸੁਸਾਇਟੀ ਦੇ ਸਹਿ-ਸਰਪ੍ਰਸਤ ਪ੍ਰੋ. ਰੰਗਨ ਕੁਮਾਰ ਗੁਹਾ, ਡੀਨ ਪ੍ਰੋ. ਸੁਰਿੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਪ੍ਰੋ. ਪੀ. ਕੁਮਾਰ ਅਤੇ ਕੇਂਦਰੀ ਵਿਦਿਆਲਿਆ ਸਲਾਈਟ ਦੇ ਪ੍ਰਿੰਸੀਪਲ ਹਰੀ ਹਰ ਯਾਦਵ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਸੁਸਾਇਟੀ ਵੱਲੋਂ ਕੇਂਦਰੀ ਵਿਦਿਆਲਿਆ ਸਲਾਈਟ ਵਿੱਚ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ। ਇਸ ਤੋਂ ਇਲਾਵਾ 24 ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।