03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸਰਦ ਰੁੱਤ ਦੇ ਪਹਿਲੇ ਮੀਂਹ ਨੇ 'ਸਮੁੱਚੀ ਕਾਇਨਾਤ' ਨੂੰ 'ਚਾੜਿ੍ਹਆ ਹੁਸਨ' <br/>

ਅਜੀਤ ਡੈਸਕ 24-01-2026
ਮਲੇਰਕੋਟਲਾ, 23 ਜਨਵਰੀ (ਮਨਜਿੰਦਰ ਸਿੰਘ ਸਰੌਦ) - ਪੰਜਾਬ ਦੇ ਅੰਦਰ ਕਣਕ ਦੀ ਫ਼ਸਲ ਲਈ ਅੱਜ ਸਵੇਰ ਤੋਂ ਬਦਲਿਆ ਮੌਸਮ ਬੇਹੱਦ ਲਾਹੇਵੰਦ ਮੰਨਿਆ ਜਾ ਰਿਹਾ ਹੈ | ਸਰਦ ਰੁੱਤ ਦੇ ਪਹਿਲੇ ਮੀਂਹ ਨੇ ਜਿੱਥੇ ਇਨਸਾਨੀ ਜ਼ਿੰਦਗੀਆਂ ਨੂੰ ਧੁੰਦ ਤੇ ਸੁੱਕੀ ਠਾਰੀ ਤੋਂ ਫ਼ੌਰੀ ਰਾਹਤ ਦਿਵਾਈ ਉੱਥੇ ਹੀ ਫ਼ਸਲਾਂ ਤੇ ਬਨਸਪਤੀ ਨੂੰ ਵੀ ਹੁਸਨ ਚਾੜ੍ਹ ਦਿੱਤਾ, ਸਮੁੱਚੀ ਕਾਇਨਾਤ ਨਿੱਖਰ ਗਈ | ਸੂਬੇ ਦੇ ਵੱਖ-ਵੱਖ ਹਿੱਸਿਆਂ ਅੰਦਰ ਸਵੇਰ ਤੋਂ ਸ਼ੁਰੂ ਹੋਇਆ ਮੀਂਹ ਲਗਾਤਾਰ ਕਈ ਘੰਟੇ ਰੁਕ-ਰੁਕ ਕੇ ਪੈਂਦਾ ਰਿਹਾ | ਪੰਜਾਬ ਅੰਦਰ ਕਣਕ ਦੀ ਫ਼ਸਲ ਇਸ ਵੇਲੇ ਆਪਣੇ ਭਰ ਜੋਬਨ ਵੱਲ ਨੂੰ ਵਧ ਰਹੀ ਹੋਣ ਕਰਕੇ ਕਿਸਾਨ ਵਰਗ ਇਸ ਮੀਂਹ ਨੂੰ ਕਣਕ ਦੀ ਫ਼ਸਲ ਲਈ ਨਿਆਮਤ ਮੰਨ ਕੇ ਚੱਲ ਰਿਹਾ ਹੈ | ਕਿਉਂਕਿ ਅਕਸਰ ਇਹ ਗੱਲ ਆਖੀ ਜਾਂਦੀ ਹੈ ਕਿ ਕੋਈ ਵੀ ਫ਼ਸਲ ਪਾਣੀ ਲਗਾਉਣ ਨਾਲ ਉੰਨਾਂ ਭਰਵਾਂ ਝਾੜ ਨਹੀਂ ਦਿੰਦੀ ਜਿੰਨਾ ਕੁਦਰਤੀ ਤੌਰ 'ਤੇ ਮੌਸਮ ਚੰਗਾ ਹੋਣ ਕਾਰਨ ਫ਼ਸਲ ਦਾ ਝਾੜ ਨਿਕਲਦਾ ਹੈ | ਕਰੀਬ 6 ਮਹੀਨੇ ਪਹਿਲਾਂ ਜਦੋਂ ਪੰਜਾਬ ਦੇ ਅੰਦਰ ਭਾਰੀ ਮੀਂਹ ਕਾਰਨ ਹੜ੍ਹਾਂ ਨੇ ਤਬਾਹੀ ਮਚਾਈ ਸੀ ਉਸ ਤੋਂ ਲੈ ਕੇ ਸ਼ਾਇਦ ਜਨਵਰੀ ਮਹੀਨੇ ਤੱਕ ਮੁੜ ਕੇ ਅਸਮਾਨ ਵਿਚੋਂ ਕੋਈ ਵੀ ਬੂੰਦ ਪਾਣੀ ਦੀ ਨਹੀਂ ਡਿੱਗੀ ਪਰ ਹੁਣ ਸਰਦ ਰੁੱਤ ਦੇ ਪਹਿਲੇ ਮੀਂਹ ਨੇ ਕਣਕ ਦੀ ਫ਼ਸਲ ਨੂੰ ਨੂਰੋਂ ਨੂਰ ਕਰ ਦਿੱਤਾ | ਇਸ ਸਬੰਧੀ ਗੱਲਬਾਤ ਕਰਦਿਆਂ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਸਾਬਕਾ ਚੇਅਰਮੈਨ ਪ੍ਰਦੱਮਣ ਸਿੰਘ ਦਲੇਲਗੜ੍ਹ, ਸਾਬਕਾ ਚੇਅਰਮੈਨ ਜਥੇਦਾਰ ਹਰਬੰਸ ਸਿੰਘ ਚੌਦਾਂ, ਚੇਅਰਮੈਨ ਡਾਕਟਰ ਪਰਮਜੀਤ ਸਿੰਘ ਗੁਆਰਾ, ਚੇਅਰਮੈਨ ਗੁਰਜੀਤ ਸਿੰਘ ਸਿੱਧੂ ਬਘਰੌਲ, ਪ੍ਰਧਾਨ ਜਰਨੈਲ ਸਿੰਘ ਤੇ ਜਥੇਦਾਰ ਸ਼ੇਰ ਸਿੰਘ ਭੋਗੀਵਾਲ ਨੇ ਆਖਿਆ ਕਿ ਇਸ ਮੀਂਹ ਦੇ ਨਾਲ ਕਣਕ ਤੋਂ ਇਲਾਵਾ ਹਰੇ ਚਾਰੇ ਦੀ ਫ਼ਸਲ ਵੀ ਹੁਣ ਭਰਵੀਂ ਹੋਵੇਗੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਮੀਂਹ ਨਾ ਪੈਣ ਕਾਰਨ ਪੱਤਿਆਂ ਉੱਤੇ ਧੂੜ ਜੰਮ ਕੇ ਫ਼ਸਲਾਂ ਪ੍ਰਭਾਵਿਤ ਹੋ ਰਹੀਆਂ ਸਨ | ਉਨ੍ਹਾਂ ਆਖਿਆ ਕਿ ਫ਼ਸਲਾਂ ਤੋਂ ਇਲਾਵਾ ਬਨਸਪਤੀ ਦਾ ਵੀ ਬਹੁਤ ਮੰਦੜਾ ਹਾਲ ਸੀ | ਅਸਮਾਨ ਵਿਚ ਉੱਡ ਰਹੀ ਧੂੜ ਤੇ ਵਧ ਰਹੇ ਪ੍ਰਦੂਸ਼ਣ ਦੇ ਕਾਰਨ ਬਨਸਪਤੀ ਇੱਕ ਤਰ੍ਹਾਂ ਨਾਲ ਸਾਹਹੀਣ ਹੋ ਰਹੀ ਸੀ ਪਰ ਹੁਣ ਮੀਂਹ ਦੇ ਨਾਲ ਬਨਸਪਤੀ ਦਾ ਚਿਹਰਾ ਖਿੜ ਉੱਠਿਆ ਹੈ | ਬਾਗ਼ਾਂ ਤੇ ਘਰਾਂ ਅੰਦਰ ਮੁਰਝਾ ਚੁੱਕੇ ਫੁੱਲ, ਬੂਟੇ ਤੇ ਦਰਖ਼ਤ ਮੀਂਹ ਤੋਂ ਬਾਅਦ ਟਹਿਕਣ ਲੱਗੇ ਹਨ | ਖੇਤੀਬਾੜੀ ਮਾਹਿਰਾਂ ਅਨੁਸਾਰ ਜਿੱਥੇ ਇਹ ਮੀਂਹ ਕਣਕ ਦੀ ਫ਼ਸਲ ਲਈ ਬੇਹੱਦ ਲਾਭਦਾਇਕ ਮੰਨਿਆ ਜਾ ਰਿਹਾ ਹੈ, ਉੱਥੇ ਹੀ ਕਈ ਇਲਾਕਿਆਂ ਅੰਦਰ ਜ਼ਿਆਦਾ ਮੀਂਹ ਦੇ ਕਾਰਨ ਆਲੂ ਦੀ ਅਗੇਤੀ ਪੁਟਾਈ ਵੀ ਪ੍ਰਭਾਵਿਤ ਹੋ ਸਕਦੀ ਹੈ | ਕਿਉਂਕਿ ਕਈ ਇਲਾਕਿਆਂ ਅੰਦਰ ਖੇਤ ਨੀਵੇਂ ਹੋਣ ਕਾਰਨ ਪਾਣੀ ਜ਼ਿਆਦਾ ਖੜ੍ਹਾ ਹੋ ਜਾਂਦਾ ਹੈ ਤੇ ਫਿਰ ਉੱਥੇ ਆਲੂ ਦੀ ਫ਼ਸਲ ਪੁੱਟਣ ਵਿਚ ਦਿੱਕਤ ਆਉਂਦੀ ਹੈ ਤੇ ਕਈ ਜਗਾ ਆਲੂ ਗਲ ਵੀ ਜਾਂਦਾ ਹੈ | ਕਈ ਕਿਸਾਨਾਂ ਨੇ ਇਹ ਵੀ ਆਖਿਆ ਕਿ ਜਿਨ੍ਹਾਂ ਖੇਤਾਂ ਅੰਦਰ ਮਹਿੰਗੇ ਮੁੱਲ ਦੀ ਸਰੋਂ੍ਹ ਦੀ ਫ਼ਸਲ ਬੀਜੀ ਹੋਈ ਹੈ ਉਸ ਸਰੋਂ੍ਹ ਦੀ ਫ਼ਸਲ ਨੂੰ ਹੁਣ ਭਰਵਾਂ ਫਲ ਆਉਣ ਕਾਰਨ ਤੇਜ਼ ਹਵਾਵਾਂ ਤੇ ਜ਼ਿਆਦਾ ਮੀਂਹ ਉਸ ਨੂੰ ਥੋੜ੍ਹੀ-ਬਹੁਤ ਪ੍ਰਭਾਵਿਤ ਕਰ ਸਕਦਾ ਹੈ | ਕੁੱਲ ਮਿਲਾ ਕੇ ਖੇਤੀਬਾੜੀ ਮਾਹਿਰ ਤੇ ਕਿਸਾਨ, ਸਰਦ ਰੁੱਤ ਦੇ ਇਸ ਪਹਿਲੇ ਮੀਂਹ ਨੂੰ ਫ਼ਸਲਾਂ ਲਈ ਨਿਆਮਤ ਮੰਨ ਰਹੇ ਹਨ |

ਪਿਛਲੀ ਖ਼ਬਰ ਚਾਈਨਾ ਡੋਰ ਨਾਲ ਨੌਜਵਾਨ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਸੰਦੌੜ ਵਿਖੇ ਕਿਸਾਨ ਯੂਨੀਅਨ ਏਕਤਾ ਦੇ ਕਾਰਕੁਨਾਂ ਨੇ ਪ੍ਰੀਪੇਡ ਬਿਜਲੀ ਮੀਟਰ ਉਤਾਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।