ਸੰਗਰੂਰ, 20 ਜਨਵਰੀ (ਫੁੱਲ, ਬਿੱਟਾ) - ਮਹਿਲਾ ਪੁਲਿਸ ਥਾਣਾ ਨੇ ਮਿਹਨਤ, ਸਿਆਣਪ ਅਤੇ ਹਿੰਮਤ ਤੋਂ ਕੰਮ ਲੈ ਕੇ ਬੀਤੇ ਸਾਲ 2025 ਦੌਰਾਨ 220 ਘਰ ਟੁੱਟਣੋਂ ਬਚਾ ਲਏ | ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਪਿਛਲੇ ਸਾਲ ਇਸ ਥਾਣੇ ਵਿਚ ਘਰੇਲੂ ਝਗੜਿਆਂ ਦੇ 520 ਕੇਸ ਆਏ ਸਨ ਉਨ੍ਹਾਂ ਵਿਚੋਂ ਬਹੁਤੇ ਪਤੀ-ਪਤਨੀ ਨਾਲ ਸੰਬੰਧਤ ਸਨ | ਕੁਝ ਕੇਸਾਂ ਵਿਚ ਸੰਬੰਧਤ ਧਿਰਾਂ ਅਦਾਲਤਾਂ ਵਿਚ ਪਹੁੰਚ ਗਈਆਂ ਸਨ ਜਾਂ ਪਹੁੰਚਣ ਦੀ ਤਿਆਰੀ ਵਿਚ ਸਨ | ਅਜਿਹੀ ਸਥਿਤੀ ਵਿਚ ਦੋਨਾਂ ਧਿਰਾਂ ਨੰੂ ਬੁਲਾ ਕੇ ਮਤਭੇਦ ਅਤੇ ਮਨਭੇਦ ਖ਼ਤਮ ਕਰਵਾ ਕੇ ਚੰਗੇਰਾ ਮਾਹੌਲ ਬਣਾਇਆ ਗਿਆ | ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਅਮਨਦੀਪ ਕੌਰ ਅਤੇ ਉਨ੍ਹਾਂ ਦੇ ਸਟਾਫ਼ ਨੇ ਹਿੰਮਤ ਵਿਖਾਈ ਜਿਸ ਨਾਲ 220 ਘਰਾਂ ਵਿਚ ਪੈਦਾ ਹੋਇਆ ਕਲੇਸ਼ ਅਮਨ ਚੈਨ ਵਿਚ ਬਦਲ ਗਿਆ ਅਤੇ ਅੱਜ ਇਹ ਘਰ ਰਾਜੀ ਖ਼ੁਸ਼ੀ ਵਸ ਰਹੇ ਹਨ | ਸ੍ਰੀ ਚਾਹਲ ਨੇ ਦੱਸਿਆ ਕਿ ਕੈਨੇਡਾ ਤੋਂ ਆਈ ਇਕ ਨੌਜਵਾਨ ਜੋੜੀ ਜਿਸ ਪਾਸ ਡੇਢ ਦੋ ਮਹੀਨੇ ਦਾ ਬੱਚਾ ਵੀ ਹੈ, ਦਾ ਕੇਸ ਬੜੇ ਧੀਰਜ਼ ਨਾਲ ਨਜਿੱਠਿਆ ਗਿਆ | ਇਹ ਦੋਨੋਂ ਤਲਾਕ ਲੈਣ ਲਈ ਅਦਾਲਤ ਦਾ ਸਹਾਰਾ ਲੈ ਰਹੇ ਸਨ ਪਰ ਮਹਿਲਾ ਥਾਣਾ ਮੁਖੀ ਅਮਨਦੀਪ ਕੌਰ ਅਤੇ ਉਨ੍ਹਾਂ ਦੇ ਸਟਾਫ਼ ਨੇ ਦੋਨਾਂ ਧਿਰਾਂ ਨੰੂ ਕਈ ਬੈਠਕਾਂ ਰਾਹੀਂ ਸਮਝਾ ਕੇ ਜ਼ਿੰਦਗੀ ਦੀ ਮੁੱਖ ਧਾਰਾ ਵਿਚ ਮੁੜ ਪ੍ਰਵੇਸ਼ ਲਈ ਰਾਜੀ ਕਰ ਲਿਆ | ਨਤੀਜੇ ਵਜੋਂ ਇਹ ਜੋੜੀ ਜੋ ਕੈਨੇਡਾ ਤੋਂ ਤਣਾਓ ਭਰੇ ਮਾਹੌਲ ਵਿਚ ਆਈ ਸੀ, ਖ਼ੁਸ਼ੀ ਭਰੇ ਮਾਹੌਲ ਵਿਚ ਵਾਪਸ ਕੈਨੇਡਾ ਪਰਤ ਗਈ ਹੈ |