ਸੰਦੌੜ, 20 ਜਨਵਰੀ (ਜਸਵੀਰ ਸਿੰਘ ਜੱਸੀ) - ਇਤਿਹਾਸਕ ਪਿੰਡ ਕੁਠਾਲਾ ਵਿਖੇ ਵੱਡੇ ਘੱਲੂਘਾਰੇ ਦੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਦੀ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦਾਂ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ | ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ, ਖ਼ਜ਼ਾਨਚੀ ਗੋਬਿੰਦ ਸਿੰਘ ਫ਼ੌਜੀ, ਜਗਦੀਪ ਸਿੰਘ ਚਹਿਲ, ਜਗਦੇਵ ਸਿੰਘ ਚਹਿਲ ਨੇ ਦੱਸਿਆ ਕਿ ਇੰਟਰਨੈਸ਼ਨਲ ਸਿੱਖ ਪ੍ਰਚਾਰਕ ਭਾਈ ਮਨਪ੍ਰੀਤ ਸਿੰਘ ਖ਼ਾਲਸਾ ਅਲੀਪੁਰ ਖ਼ਾਲਸਾ ਵਾਲੇ 22 ਤੋਂ 26 ਜਨਵਰੀ ਤੱਕ ਅੰਗੀਠਾ ਸਾਹਿਬ ਧਾਰਮਿਕ ਦੀਵਾਨ ਸਜਾਉਣਗੇ ਅਤੇ 28 ਜਨਵਰੀ ਨੂੰ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਗੁਰਬਾਣੀ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾਉਣਗੇ | 28 ਜਨਵਰੀ ਨੂੰ ਸਵੇਰੇ ਮਿਸਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਮਹਾਂਕਾਲ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ (ਬਾਬਾ ਬਕਾਲਾ) ਵਾਲੇ ਨਵਾਂ ਨਿਸ਼ਾਨ ਸਾਹਿਬ ਲਗਾਉਣ ਦਾ ਉਦਘਾਟਨ ਕਰਨਗੇ | ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਸੁਸ਼ੋਭਿਤ ਪੁਰਾਤਨ ਹੱਥ ਲਿਖਤ ਬੀੜ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ |