ਨੱਥੂਵਾਲਾ ਗਰਬੀ, 27 ਜੁਲਾਈ (ਨਵਦੀਪ ਸਿੰਘ)-29 ਜੁਲਾਈ ਨੂੰ ਹਲਕਾ ਬਾਘਾ ਪੁਰਾਣਾ ਦੇ ਨੱਥੂਵਾਲਾ ਗਰਬੀ ਪੁਲ ‘ਤੇ ਪਹੁੰਚਣ ਵਾਲੇ ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਸ਼ਾਨਦਾਰ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਵਾਗਤ ਲਈ ਅੱਜ ਅਕਾਲੀ ਦਲ (ਬਾਦਲ) ਦੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ਦੇ ਗ੍ਰਹਿ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਦੱਸਿਆ ਕਿ ਜਦੋਂ ਮਾਰਚ ਨੱਥੂਵਾਲਾ ਗਰਬੀ ਪੁਲ ‘ਤੇ ਪਹੁੰਚੇਗਾ ਤਾਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਸ਼ਸਤਰਾਂ ਦਾ ਪੂਰੀ ਸ਼ਰਧਾ, ਸਤਿਕਾਰ ਅਤੇ ਗੁਰਮਰਯਾਦਾ ਅਨੁਸਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸੰਗਤ ਅਤੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਕੱਢੇ ਜਾ ਰਹੇ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਨਿੱਘਾ ਸਵਾਗਤ ਕਰਨ ਲਈ ਵੱਡੀ ਗਿਣਤੀ ਵਿਚ ਪਹੁੰਚਣ। ਉਨ੍ਹਾਂ ਖ਼ਾਸ ਤੌਰ ‘ਤੇ ਨੌਜਵਾਨਾਂ ਨੂੰ ਕੇਸਰੀ ਪੱਗਾਂ ਸਜਾ ਕੇ ਆਪਣੇ ਮੋਟਰਸਾਈਕਲਾਂ ਅਤੇ ਕਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਆਓ, ਗੁਰੂ ਗ੍ਰੰਥ ਸਾਹਿਬ ਜੀ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਸ਼ਸਤਰਾਂ ਦੇ ਦਰਸ਼ਨ ਕਰੀਏ ਅਤੇ ਦੂਰ-ਦੁਰਾਡੇ ਤੋਂ ਪਹੁੰਚ ਰਹੀ ਸੰਗਤ ਨੂੰ ਵੀ ਪੂਰੇ ਸਤਿਕਾਰ ਨਾਲ ਦਰਸ਼ਨ ਕਰਵਾਉਣ ਦਾ ਸੁਭਾਗ ਪ੍ਰਾਪਤ ਕਰੀਏ। ਇਸ ਮੌਕੇ ਯੂਥ ਆਗੂ ਸੁਖਜੀਤ ਸਿੰਘ ਮਾਹਲਾ, ਜਰਨੈਲ ਸਿੰਘ ਸਰਪੰਚ ਮਾਹਲਾ ਕਲਾਂ, ਕਰਮ ਸਿੰਘ ਪੀ.ਏ. , ਬਲਾਕ ਸੰਮਤੀ ਮੈਂਬਰ ਨਿਰਮਲ ਸਿੰਘ, ਕੁਲਵਿੰਦਰ ਸਿੰਘ, ਬਲਵੀਰ ਸਿੰਘ, ਡਾ. ਗੁਰਜੰਟ ਸਿੰਘ, ਦਿਲਬਾਗ ਸਿੰਘ, ਰੇਸ਼ਮ ਸਿੰਘ, ਜਸਵਿੰਦਰ ਸਿੰਘ, ਕਮਲਜੀਤ ਸਿੰਘ, ਬੀਬੀ ਸ਼ਿੰਦਰ ਕੌਰ, ਨਸੀਬ ਕੌਰ ਪੰਚ, ਪਰਮਜੀਤ ਕੌਰ ਸਮੇਤ ਹੋਰ ਕਈ ਆਗੂ ਅਤੇ ਵਰਕਰ ਹਾਜ਼ਰ ਸਨ।