ਠੱਠੀ ਭਾਈ, 31 ਮਾਰਚ (ਜਗਰੂਪ ਸਿੰਘ ਮਠਾੜੂ)-ਸਾਬਕਾ ਸੈਨਿਕ ਜਥੇਬੰਦੀ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ ਸੂਬੇਦਾਰ ਹਰਬੰਸ ਸਿੰਘ ਕੈਨੇਡੀਅਨ ਸੇਖਾ ਕਲਾਂ ਦੇ ਗ੍ਰਹਿ ਵਿਖੇ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਕਾਲੇਕੇ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਜਥੇਬੰਦੀ ਵਲੋਂ ਭਰਪੂਰ ਯੋਗਦਾਨ ਪਾਉਣ ਵਾਲੇ ਸੂਬੇਦਾਰ ਹਰਬੰਸ ਸਿੰਘ ਕੈਨੇਡਾ ਤੇ ਮਾਤਾ ਜੋਗਿੰਦਰ ਕੌਰ ਕੈਨੇਡਾ ਨੂੰ ਪੰਜਾਬ ਆਉਣ 'ਤੇ ਗਰਮਜੋਸ਼ੀ ਨਾਲ ਜੀ ਆਇਆਂ ਆਖਿਆ ਗਿਆ | ਮੀਟਿੰਗ ਵਿਚ ਸਾਬਕਾ ਸੈਨਿਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਭਲਾਈ ਨਾਲ ਜੁੜੇ ਕਈ ਅਹਿਮ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਾਬਕਾ ਸੈਨਿਕਾਂ ਦੀਆਂ ਪੈਨਸ਼ਨ, ਸਿਹਤ ਸਹੂਲਤਾਂ ਤੇ ਸਮਾਜਿਕ ਸੁਰੱਖਿਆ ਨਾਲ ਸੰਬੰਧਿਤ ਮਸਲੇ ਹੱਲ ਕਰਵਾਉਣ ਲਈ ਸੰਗਠਨ ਵਲੋਂ ਇਕਜੁੱਟ ਹੋ ਕੇ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਕਾਲੇਕੇ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਫ਼ੌਜੀ ਭਰਤੀ ਵਿਚ ਕੀਤੀ ਜਾ ਰਹੀ ਕਟੌਤੀ ਤੇ ਅਗਨੀਵੀਰ ਯੋਜਨਾ ਕਾਰਨ ਨੌਜਵਾਨਾਂ ਵਿਚ ਭਰਤੀ ਪ੍ਰਤੀ ਰੁਝਾਨ ਕੁਝ ਹੱਦ ਤੱਕ ਘਟਿਆ ਹੈ, ਪਰ ਦੇਸ਼ ਦੀ ਰੱਖਿਆ ਲਈ ਨੌਜਵਾਨਾਂ ਦਾ ਜਜ਼ਬਾ ਅੱਜ ਵੀ ਕਾਇਮ ਹੈ | ਮੀਟਿੰਗ ਦੌਰਾਨ ਨਾਇਕ ਬਲਵਿੰਦਰ ਸਿੰਘ ਡਰੋਲੀ ਭਾਈ ਤੇ ਸਾਬਕਾ ਸੈਨਿਕ ਸਮਾਜ ਸੇਵੀ ਸੁਖਦੇਵ ਸਿੰਘ ਸਿੱਧੂ ਨੇ ਕਿਹਾ ਕਿ ਭਾਰਤੀ ਫ਼ੌਜ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਫ਼ੌਜਾਂ ਚੋਂ ਇਕ ਹੈ ਤੇ ਇਸ ਵਿਚ ਸੇਵਾ ਕਰਨਾ ਹਰ ਇਕ ਨੌਜਵਾਨ ਲਈ ਮਾਣ ਵਾਲੀ ਗੱਲ ਹੈ | ਮੀਟਿੰਗ 'ਚ ਸੂਬੇਦਾਰ ਗੁਰਭੇਜ ਸਿੰਘ, ਸਾਬਕਾ ਸੈਨਿਕ ਹਰਦਿਆਲ ਸਿੰਘ, ਨਾਇਕ ਗੁਰਮੀਤ ਸਿੰਘ, ਸਾਬਕਾ ਸੈਨਿਕ ਕਰਨੈਲ ਸਿੰਘ, ਸਾਬਕਾ ਸੈਨਿਕ ਸਮਾਜ ਸੇਵੀ ਸੁਖਦੇਵ ਸਿੰਘ ਸਿੱਧੂ, ਨਾਇਕ ਬਲਵਿੰਦਰ ਸਿੰਘ ਡਰੋਲੀ ਭਾਈ, ਸਾਬਕਾ ਸੈਨਿਕ ਚਮਕੌਰ ਸਿੰਘ ਧਾਲੀਵਾਲ, ਸਾਬਕਾ ਸੈਨਿਕ ਗੁਰਜੰਟ ਸਿੰਘ ਸੇਖਾ ਆਦਿ ਸਮੁੱਚੀ ਜਥੇਬੰਦੀ ਵਲੋਂ ਸੂਬੇਦਾਰ ਹਰਬੰਸ ਸਿੰਘ ਸੇਖਾ ਕਲਾਂ ਅਤੇ ਮਾਤਾ ਜੋਗਿੰਦਰ ਕੌਰ ਕੈਨੇਡਾ ਨੂੰ ਸਿਰੋਪਾਉ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਥੇਬੰਦੀ ਵਲੋਂ ਮਾਤਾ ਗੁਜ਼ਰ ਕੌਰ ਪਾਰਕ ਤੇ ਸ਼ਮਸ਼ਾਨਘਾਟ ਦਾ ਦੌਰਾ ਕਰਨ ਉਪਰੰਤ ਪ੍ਰਬੰਧਾਂ ਤੇ ਸਫ਼ਾਈ ਨੂੰ ਲੈ ਕੇ ਵੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ |