ਦਾਣਾ ਮੰਡੀਆਂ 'ਚ ਤਿਆਰੀਆਂ ਮੁਕੰਮਲ
ਮੋਗਾ, 31 ਮਾਰਚ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪੰਜਾਬ 'ਚ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ | ਮੋਗਾ ਜ਼ਿਲ੍ਹੇ 'ਚ ਵੀ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੇ ਖ਼ਰੀਦ ਏਜੰਸੀਆਂ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਹਾਲਾਂਕਿ ਇਸ ਵਾਰ ਮੌਸਮ ਦੀ ਖ਼ਰਾਬੀ ਕਾਰਨ ਮੋਗਾ ਦੀਆਂ ਅਨਾਜ ਮੰਡੀਆਂ 'ਚ ਕਣਕ ਦੀ ਆਮਦ 10 ਤੋਂ 15 ਅਪ੍ਰੈਲ ਦੇ ਦਰਮਿਆਨ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਇਸ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਸਾਰੇ ਲੋੜੀਂਦੇ ਇੰਤਜ਼ਾਮ ਯਕੀਨੀ ਬਣਾਏ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਮੰਡੀਆਂ 'ਚ ਬਾਰਦਾਨੇ ਦੀ ਪੂਰੀ ਵਿਵਸਥਾ ਕਰ ਲਈ ਗਈ ਹੈ ਤੇ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਮੋਗਾ ਜ਼ਿਲ੍ਹੇ 'ਚ ਕੁੱਲ 121 ਮੰਡੀਆਂ ਹਨ, ਜਿਨ੍ਹਾਂ ਦੀ ਸਫ਼ਾਈ ਲਈ ਟੈਂਡਰ ਵੀ ਪਾਸ ਹੋ ਚੁੱਕੇ ਹਨ, ਤਾਂ ਜੋ ਕਿਸਾਨਾਂ ਦੇ ਆਉਣ ਤੋਂ ਪਹਿਲਾਂ ਮੰਡੀਆਂ ਸਾਫ਼-ਸੁਥਰੀਆਂ ਹੋਣ | ਹਾਲਾਂਕਿ ਕੁਝ ਮੰਡੀਆਂ 'ਚ ਅਜੇ ਤੱਕ ਸਫ਼ਾਈ ਦਾ ਕੰਮ ਸ਼ੁਰੂ ਨਹੀਂ ਹੋਇਆ, ਜਿਸ 'ਤੇ ਪ੍ਰਸ਼ਾਸਨ ਨੂੰ ਜਲਦੀ ਧਿਆਨ ਦੇਣ ਦੀ ਲੋੜ ਹੈ | ਜਾਣਕਾਰੀ ਦਿੰਦਿਆਂ ਡੀ.ਐਫ.ਐਸ.ਸੀ. ਮੋਗਾ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਾਲ 2025 'ਚ ਮੋਗਾ ਦੀਆਂ ਮੰਡੀਆਂ 'ਚ 7 ਲੱਖ 17 ਹਜ਼ਾਰ ਮੈਟਿ੍ਕ ਟਨ ਕਣਕ ਦੀ ਆਮਦ ਹੋਈ ਸੀ ਤੇ ਇਸ ਵਾਰ ਵੀ ਲਗਭਗ ਇੰਨੀ ਹੀ ਆਮਦ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਭਾਵੇਂ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ, ਪਰ ਮੌਸਮ ਕਰਕੇ ਅਸਲ ਆਮਦ 10 ਤੋਂ 15 ਅਪ੍ਰੈਲ ਵਿਚਕਾਰ ਆਉਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਖ਼ਰੀਦ ਲਈ ਲਗਭਗ 28700 ਗੱਠਾ ਦੀ ਲੋੜ ਹੈ, ਜਿਨ੍ਹਾਂ 'ਚੋਂ ਕਰੀਬ 27700 ਗੱਠਾ ਪਹਿਲਾਂ ਹੀ ਪਹੁੰਚ ਚੁੱਕੀਆਂ ਹਨ | ਜ਼ਿਲ੍ਹਾ ਪ੍ਰਸ਼ਾਸਨ ਤੇ ਸਾਰੀਆਂ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ |
ਅੱਜ ਤੋਂ ਕਣਕ ਦੀ ਖ਼ਰੀਦ ਸ਼ੁਰੂ
ਅਜੀਤ ਡੈਸਕ
01-04-2026