ਗਿੱਦੜਬਾਹਾ, 26 ਮਾਰਚ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਕਿ ਜਦੋਂ ਪੁਲਿਸ ਨੇ ਪੰਜ ਜਾਣਿਆ ਨੂੰ ਗਿ੍ਫ਼ਤਾਰ ਕਰਦਿਆਂ ਕਥਿਤ ਦੋਸ਼ੀਆਂ ਪਾਸੋਂ 10280 ਨਸ਼ੀਲੀਆਂ ਗੋਲੀਆਂ ਤੇ 17702 ਪ੍ਰੈਗਾ ਕੈਪਸੂਲ ਬਰਾਮਦ ਕੀਤੇ ਗਏ | ਡੀ.ਐਸ.ਪੀ ਅਰੁਨ ਮੁੰਡਨ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਅਭਿਮੰਨਿਯੂ ਰਾਣਾ ਦੀ ਅਗਵਾਈ 'ਚ ਜ਼ਿਲ੍ਹੇ ਭਰ 'ਚ ਗੈਰ ਸਮਾਜਿਕ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਮੁਖੀ ਗਿੱਦੜਬਾਹਾ ਹਰਗੋਬਿੰਦਰ ਸਿੰਘ ਮਾਨ ਦੀ ਅਗਵਾਈ 'ਚ ਪੁਲਿਸ ਦੀ ਟੀਮ ਵਲੋਂ ਰਜਤ ਸੋਨੀ ਉਰਫ ਕਾਲੀ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਤਾਂ ਉਸ ਪਾਸੋਂ 1690 ਨਸ਼ੀਲੀਆਂ ਗੋਲੀਆਂ ਟਰਾਮਾਡੋਲ ਇਕ ਮੋਬਾਇਲ ਫ਼ੋਨ ਬਰਾਮਦ ਕਰਦਿਆਂ ਪੁੱਛਗਿੱਛ ਦੌਰਾਨ ਇਕ ਹੋਰ ਕਥਿਤ ਦੋਸ਼ੀ ਗਗਨਦੀਪ ਸਿੰਘ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ 20 ਨਸ਼ੀਲੀਆਂ ਗੋਲੀਆਂ ਤੇ 39000 ਰੁਪਿਆ ਡਰੱਗ ਮਨੀ ਬਰਾਮਦ ਕੀਤੀ ਗਈ | ਉਕਤ ਕਥਿਤ ਦੋਸ਼ੀਆਂ ਪਾਸੋਂ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ 'ਚ ਉਨ੍ਹਾਂ ਦੱਸਿਆ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਸੋਹਣ ਸਿੰਘ ਪੁੱਤਰ ਅਜੀਤ ਸਿੰਘ, ਹਰਪ੍ਰੀਤ ਸਿੰਘ ਤੇ ਗੁੁਰਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ਪਾਸੋਂ ਖ਼ਰੀਦ ਕਰਦੇ ਹਨ | ਜਿਸ 'ਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਝੋਲਾਛਾਪ ਡਾਕਟਰ ਸੋਹਣ ਸਿੰਘ ਤੇ ਉਸ ਦੋ ਦੋਵੇਂ ਪੁੱਤਰਾਂ ਨੂੰ ਕਾਬੂ ਕੀਤਾ ਗਿਆ | ਸੋਹਣ ਸਿੰਘ ਦੇ ਦਸਮੇਸ਼ ਹਸਪਤਾਲ 'ਚੋਂ 1300 ਨਸ਼ੀਲੀਆਂ ਗੋਲੀਆਂ ਟਰਾਮਾਡੋਲ ਤੇ ਘਰੋਂ 3420 ਗੋਲੀਆਂ ਮਾਰਕਾ ਟਰਾਮਾਂਡੋਲ, 17702 ਗੋਲੀਆਂ ਪ੍ਰੈਗਾ ਕੈਪਸੂਲ ਤੇ 10 ਹਜ਼ਾਰ ਰੁਪਿਆ ਡਰੱਗ ਮਨੀ ਤੋਂ ਇਲਾਵਾ 2 ਮੋਬਾਇਲ ਫੋਨ ਬਰਾਮਦ ਕੀਤੇ ਗਏ | ਏਸੇ ਤਰ੍ਹਾਂ ਉਕਤ ਕਥਿਤ ਦੋਸ਼ੀ ਸੋਹਣ ਸਿੰਘ ਦੇ ਲੜਕਿਆਂ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ 3850 ਗੋਲੀਆਂ ਟਰਾਮਾਡੋਲ ਤੇ ਇਕ ਮੋਟਰ ਸਾਈਕਲ ਬਰਾਮਦ ਕੀਤਾ ਗਿਆ ਹੈ | ਡੀ.ਐਸ.ਪੀ ਅਰੁਨ ਮੁੰਡਨ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਤੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ | ਉਨ੍ਹਾਂ ਕਥਿਤ ਦੋਸ਼ੀਆਂ ਪਾਸੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ |