ਨਵੀਂ ਦਿੱਲੀ, 3 ਅਕਤੂਬਰ (ਪੀ.ਟੀ.ਆਈ.)-ਇਕ ਅਧਿਕਾਰਤ ਮੈਮੋਰੈਂਡਮ ਅਨੁਸਾਰ ਸਿੱਖਿਆ ਮੰਤਰਾਲੇ ਨੇ ਕਲਾਸੀਕਲ ਅਸਾਮੀ, ਬੰਗਾਲੀ, ਪਾਲੀ, ਮਰਾਠੀ ਅਤੇ ਪ੍ਰਾਕ੍ਰਿਤ ਦੇ ਅਧਿਐਨ ਲਈ ਪੰਜ ਉੱਤਮਤਾ ਕੇਂਦਰ ਸਥਾਪਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪੰਜ ਕੇਂਦਰ ਇਨ੍ਹਾਂ ਕਲਾਸੀਕਲ ਭਾਸ਼ਾਵਾਂ ਦੀ ਅਕਾਦਮਿਕ ਖੋਜ, ਡਿਜਿਟਾਈਜ਼ੇਸ਼ਨ, ਸੰਭਾਲ ਅਤੇ ਵਿਰਾਸਤ ਦੇ ਪ੍ਰਸਾਰ ਨੂੰ ਮਜ਼ਬੂਤ ਕਰਨ ਲਈ ਸਥਾਪਿਤ ਕੀਤੇ ਜਾਣਗੇ।ਜਿੰਨ੍ਹਾਂ ਯੂਨੀਵਰਸਿਟੀਆਂ ਵਿਚ ਉੱਤਮਤਾ ਕੇਂਦਰ ਸਥਾਪਤ ਕੀਤੇ ਜਾਣਗੇ, ਉਹ ਹਨ ਤੇਜ਼ਪੁਰ ਯੂਨੀਵਰਸਿਟੀ (ਅਸਾਮੀ), ਵਿਸ਼ਵ ਭਾਰਤੀ ਯੂਨੀਵਰਸਿਟੀ (ਬੰਗਾਲੀ), ਸੈਂਟਰਲ ਯੂਨੀਵਰਸਿਟੀ ਆਫ ਓਡੀਸ਼ਾ (ਪਾਲੀ), ਸੈਂਟਰਲ ਯੂਨੀਵਰਸਿਟੀ ਆਫ ਗੁਜਰਾਤ (ਪ੍ਰਾਕ੍ਰਿਤ), ਡੈਕਨ ਕਾਲਜ ਪੋਸਟ ਗ੍ਰੈਜੂਏਟ ਐਂਡ ਰਿਸਰਚ ਇੰਸਟੀਚਿਊਟ, ਪੁਣੇ (ਮਰਾਠੀ)। ‘ਓਡੀਸ਼ਾ ਲਈ ਮਾਣ ਦਾ ਪਲ ਅਤੇ ਭਾਰਤ ਦੀ ਸਮ੍ਰਿੱਧ ਭਾਸ਼ਾਈ ਵਿਰਾਸਤ ਨੂੰ ਸੰਭਾਲਣ ਵੱਲ ਇਕ ਮਹੱਤਵਪੂਰਨ ਕਦਮ। ਸਿੱਖਿਆ ਮੰਤਰਾਲੇ ਵੱਲੋਂ ਸੈਂਟਰਲ ਯੂਨੀਵਰਸਿਟੀ ਆਫ ਓਡੀਸ਼ਾ ਵਿਚ ਕਲਾਸੀਕਲ ਪਾਲੀ ਲਈ ਉੱਤਮਤਾ ਕੇਂਦਰ ਨੂੰ ਮਨਜ਼ੂਰੀ ਦੇਣ ਨਾਲ ਪਾਲੀ ਦੇ ਅਧਿਐਨ, ਸੰਭਾਲ ਅਤੇ ਪ੍ਰਚਾਰ ਨੂੰ ਮਜ਼ਬੂਤੀ ਮਿਲੇਗੀ, ਜੋ ਭਾਰਤ ਦੀਆਂ ਬੌਧਿਕ, ਆਧਿਆਤਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਡੂੰਘੀ ਤਰ੍ਹਾਂ ਜੁੜੀ ਭਾਸ਼ਾ ਹੈ,’ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਐਕਸ ‘ਤੇ ਇੱਕ ਪੋਸਟ ਵਿਚ ਕਿਹਾ ਕਿ ‘ਇਹ ਕੇਂਦਰ ਭਾਰਤ ਦੇ ਸਭਿਅਤਾਗਤ ਗਿਆਨ ਅਤੇ ਭਾਸ਼ਾਈ ਵਿਰਾਸਤ ਨੂੰ ਸੰਭਾਲਣ ਵਿਚ ਓਡੀਸ਼ਾ ਦੇ ਯੋਗਦਾਨ ਨੂੰ ਹੋਰ ਮਜ਼ਬੂਤ ਕਰੇਗਾ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵੀ ਐਕਸ ‘ਤੇ ਕਿਹਾ, ‘ਅਸਾਮ ਵਿਚ, ਪੂਰੇ ਭਾਰਤ ਅਤੇ ਦੁਨੀਆ ਭਰ ਵਿਚ ਹਰ ਅਸਾਮੀ ਲਈ ਮਾਣ ਦਾ ਪਲ’ ਅਸਾਮੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਮਿਲਣ ਤੋਂ ਬਾਅਦ, ਅਸੀਂ ਭਾਰਤ ਸਰਕਾਰ ਨਾਲ ਇਸ ਦੇ ਅਧਿਐਨ ਲਈ ਇੱਕ ਸਮਰਪਿਤ ਕੇਂਦਰ ਸਥਾਪਤ ਕਰਨ ਦੀ ਮੰਗ ਕਰ ਰਹੇ ਸਾਂ।