ਤਕਨੀਕੀ ਸਿੱਖਿਆ ਵਿਚ ਪੰਜਾਬੀ ਲਾਗੂ ਕਰਨ ਦੇ ਦਾਅਵੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ
ਰਾਮਪੁਰਾ ਫੂਲ, 2 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)- ਪੰਜਾਬੀ ਭਾਸ਼ਾ ਨੂੰ ਉਚੇਰੀ ਤੇ ਤਕਨੀਕੀ ਸਿੱਖਿਆ ਵਿਚ ਪ੍ਰਫੁੱਲਿਤ ਕਰਨ ਸਬੰਧੀ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚ ਵੱਡਾ ਫਰਕ ਨਜ਼ਰ ਆ ਰਿਹਾ ਹੈ । ਸਿੱਖਿਆ ਮੰਤਰਾਲੇ ਵਲੋਂ 11 ਅਗਸਤ 2026 ਨੂੰ ਜਾਰੀ ਕੀਤੀ ਰਿਪੋਰਟ ਵਿਚ ਨੈਸ਼ਨਲ ਐਜੂਕੇਸ਼ਨ ਪਾਲਿਸੀ-2020 ਤਹਿਤ ਭਾਰਤੀ ਭਾਸ਼ਾਵਾਂ ਲਈ ਕੀਤੀਆਂ ਪਹਿਲਕਦਮੀਆਂ ਦਾ ਵੇਰਵਾ ਦਿੱਤਾ ਗਿਆ ਹੈ, ਪਰ ਪੰਜਾਬੀ ਨੂੰ ਉਚੇਰੀ ਸਿੱਖਿਆ ਦੇ ਮਾਧਿਅਮ ਵਜੋਂ ਲਾਗੂ ਕਰਨ ਦੀ ਅਸਲ ਤਸਵੀਰ ਕਈ ਸਵਾਲ ਖੜ੍ਹੇ ਕਰਦੀ ਹੈ।
ਰਾਮਪੁਰਾ ਫੂਲ, 2 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)- ਪੰਜਾਬੀ ਭਾਸ਼ਾ ਨੂੰ ਉਚੇਰੀ ਤੇ ਤਕਨੀਕੀ ਸਿੱਖਿਆ ਵਿਚ ਪ੍ਰਫੁੱਲਿਤ ਕਰਨ ਸਬੰਧੀ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚ ਵੱਡਾ ਫਰਕ ਨਜ਼ਰ ਆ ਰਿਹਾ ਹੈ । ਸਿੱਖਿਆ ਮੰਤਰਾਲੇ ਵਲੋਂ 11 ਅਗਸਤ 2026 ਨੂੰ ਜਾਰੀ ਕੀਤੀ ਰਿਪੋਰਟ ਵਿਚ ਨੈਸ਼ਨਲ ਐਜੂਕੇਸ਼ਨ ਪਾਲਿਸੀ-2020 ਤਹਿਤ ਭਾਰਤੀ ਭਾਸ਼ਾਵਾਂ ਲਈ ਕੀਤੀਆਂ ਪਹਿਲਕਦਮੀਆਂ ਦਾ ਵੇਰਵਾ ਦਿੱਤਾ ਗਿਆ ਹੈ, ਪਰ ਪੰਜਾਬੀ ਨੂੰ ਉਚੇਰੀ ਸਿੱਖਿਆ ਦੇ ਮਾਧਿਅਮ ਵਜੋਂ ਲਾਗੂ ਕਰਨ ਦੀ ਅਸਲ ਤਸਵੀਰ ਕਈ ਸਵਾਲ ਖੜ੍ਹੇ ਕਰਦੀ ਹੈ। ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਵਲੋਂ ਪੰਜਾਬੀ ਸਮੇਤ 22 ਅਨੁਸੂਚਿਤ ਭਾਰਤੀ ਭਾਸ਼ਾਵਾਂ ਵਿਚ ਤਕਨੀਕੀ ਤੇ ਪ੍ਰਬੰਧਨ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਗਈ ਹੈ । ਇਸ ਤਹਿਤ ਮਨਜ਼ੂਰਸ਼ੁਦਾ ਸੰਸਥਾਵਾਂ ਨੂੰ ਪੰਜਾਬੀ ਮਾਧਿਅਮ ਵਿਚ ਤਕਨੀਕੀ ਸਿੱਖਿਆ ਲਈ 30 ਜਾਂ 60 ਵਾਧੂ ਸੀਟਾਂ ਵਾਲਾ ਸੈਕਸ਼ਨ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ । ਹਾਲਾਂਕਿ ਇਹ ਸਪੱਸ਼ਟ ਨਹੀਂ ਕਿ ਪੰਜਾਬ ਦੇ ਕਿੰਨੇ ਇੰਜੀਨੀਅਰਿੰਗ ਕਾਲਜਾਂ ਨੇ ਅਸਲ ਵਿਚ ਪੰਜਾਬੀ ਮਾਧਿਅਮ ਦੇ ਬੈਚ ਸ਼ੁਰੂ ਕੀਤੇ ਹਨ । ਤਕਨੀਕੀ ਕਿਤਾਬਾਂ ਦੀ ਘਾਟ ਦੂਰ ਕਰਨ ਲਈ ਏ.ਆਈ.ਸੀ.ਟੀ.ਈ. ਨੇ 2021-22 ਵਿਚ ਕਿਤਾਬਾਂ ਲਿਖਣ ਅਤੇ ਅਨੁਵਾਦ ਕਰਨ ਦੀ ਯੋਜਨਾ ਸ਼ੁਰੂ ਕੀਤੀ । ਇਸ ਦੇ ਨਾਲ ਈ-ਕੁੰਭ ਪੋਰਟਲ ਰਾਹੀਂ ਅੰਗਰੇਜ਼ੀ ਅਤੇ ਭਾਰਤੀ ਭਾਸ਼ਾਵਾਂ ਵਿਚ ਤਕਨੀਕੀ ਕਿਤਾਬਾਂ ਮੁਫ਼ਤ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ । ਏ.ਆਈ.ਸੀ.ਟੀ.ਈ.-ਵਾਣੀ ਤਹਿਤ ਕਾਨਫਰੰਸਾਂ ਅਤੇ ਸੈਮੀਨਾਰਾਂ ਲਈ ਵਿੱਤੀ ਸਹਾਇਤਾ ਦਾ ਵੀ ਜ਼ਿਕਰ ਹੈ। ਕੇਂਦਰੀ ਸੰਸਥਾਵਾਂ ਵਲੋਂ ਪੰਜਾਬੀ ਖੋਜ ਅਤੇ ਅਨੁਵਾਦ ਲਈ ਵੀ ਕਈ ਕੰਮ ਕੀਤੇ ਜਾਣ ਦਾ ਦਾਅਵਾ ਹੈ । ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ ਵਲੋਂ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਸਬੰਧਤ ਖੋਜ ਪ੍ਰਾਜੈਕਟਾਂ ਅਤੇ ਖੋਜਾਰਥੀਆਂ ਨੂੰ ਵੱਖ-ਵੱਖ ਫੈਲੋਸ਼ਿਪਾਂ ਦਿੱਤੀਆਂ ਜਾ ਰਹੀਆਂ ਹਨ । ਸੈਂਟਰਲ ਇੰਸਟੀਚਿਊਟ ਆਫ਼ ਇੰਡੀਅਨ ਲੈਂਗੂਏਜ਼ਿਜ਼ ਦੇ ਨੈਸ਼ਨਲ ਟਰਾਂਸਲੇਸ਼ਨ ਮਿਸ਼ਨ ਤਹਿਤ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਗਿਆ ਹੈ ਤੇ 141 ਪੰਜਾਬੀ ਅਨੁਵਾਦਕਾਂ ਨੂੰ ਸਿਖਲਾਈ ਦਿੱਤੀ ਗਈ ਹੈ । ਭਾਸ਼ਾਈ ਤਕਨਾਲੋਜੀ ਦੇ ਖੇਤਰ ਵਿਚ ਵੀ ਪੰਜਾਬੀ ਲਈ ਡਾਟਾਸੈੱਟ ਤਿਆਰ ਕੀਤੇ ਗਏ ਹਨ । ਰਿਪੋਰਟ ਅਨੁਸਾਰ ਪੰਜਾਬੀ ਡਾਟਾਬੇਸ ਵਿਚ ਇੱਕ ਕਰੋੜ ਤੋਂ ਵੱਧ ਸ਼ਬਦਾਂ ਦਾ ਕੱਚਾ ਟੈਕਸਟ ਮੌਜੂਦ ਹੈ, ਜਦਕਿ ਆਵਾਜ਼ ਡਾਟਾਬੇਸ ਵਿਚ ਸੈਂਕੜੇ ਬੁਲਾਰਿਆਂ ਦੀਆਂ ਰਿਕਾਰਡਿੰਗਾਂ ਸ਼ਾਮਿਲ ਹਨ। ਭਾਰਤਵਾਣੀ ਪੋਰਟਲ ’ਤੇ ਵੀ ਪੰਜਾਬੀ ਭਾਸ਼ਾ-ਸਿੱਖਣ, ਡਿਕਸ਼ਨਰੀ ਅਤੇ ਗਿਆਨ ਸਰੋਤ ਉਪਲਬਧ ਕਰਵਾਏ ਗਏ ਹਨ । ਇਸ ਦੇ ਬਾਵਜੂਦ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਸਥਿਤੀ ਰਿਪੋਰਟ ਦੇ ਦਾਅਵਿਆਂ ਨਾਲ ਵਿਰੋਧਾਭਾਸ ਪੈਦਾ ਕਰਦੀ ਹੈ । ਰਿਪੋਰਟ ਅਨੁਸਾਰ ਯੂਨੀਵਰਸਿਟੀ ਵਿਚ 2019 ਵਿਚ ਪੰਜਾਬੀ ਦਾ ਵਿਭਾਗ ਸਥਾਪਤ ਕੀਤਾ ਗਿਆ, ਪਰ ਪੰਜਾਬੀ ਨੂੰ ਉਚੇਰੀ ਸਿੱਖਿਆ ਦੇ ਮਾਧਿਅਮ ਵਜੋਂ ਵਰਤਣ ਦੀ ਇਜਾਜ਼ਤ ਸਿਰਫ਼ ਮਾਸ ਕਮਿਊਨੀਕੇਸ਼ਨ ਅਤੇ ਮੀਡੀਆ ਸਟੱਡੀਜ਼ ਵਿਭਾਗ ਤੱਕ ਸੀਮਤ ਹੈ । ਹੋਰ ਵਿਸ਼ਿਆਂ ਵਿਚ ਵਿਦਿਆਰਥੀਆਂ ਨੂੰ ਪੰਜਾਬੀ ਵਿਚ ਪ੍ਰੀਖਿਆ ਦੇਣ ਦੀ ਸਹੂਲਤ ਬਾਰੇ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ । ਇਸ ਤੋਂ ਇਲਾਵਾ ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬੀ ਭਾਸ਼ਾ ਲਈ ਅਲਾਟ ਕੀਤੇ ਫੰਡਾਂ ਦੇ ਸਪੱਸ਼ਟ ਅੰਕੜੇ ਰਿਪੋਰਟ ਵਿਚ ਨਾ ਹੋਣਾ ਵੀ ਚਰਚਾ ਦਾ ਵਿਸ਼ਾ ਹੈ । ਮਾਹਿਰਾਂ ਅਨੁਸਾਰ ਤਕਨੀਕੀ ਸਿੱਖਿਆ ਨੂੰ ਪੰਜਾਬੀ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਿਰਫ਼ ਕਿਤਾਬਾਂ ਦਾ ਅਨੁਵਾਦ ਹੀ ਕਾਫੀ ਨਹੀਂ, ਸਗੋਂ ਯੋਗ ਅਧਿਆਪਕਾਂ ਦੀ ਸਿਖਲਾਈ, ਮਿਆਰੀ ਪਾਠ ਸਮੱਗਰੀ, ਨਿਯਮਤ ਵਿੱਤੀ ਸਹਾਇਤਾ ਅਤੇ ਕਾਲਜਾਂ ਵਿਚ ਅਸਲ ਲਾਗੂਕਰਨ ਵੀ ਜ਼ਰੂਰੀ ਹੈ । ਖਾਸ ਕਰਕੇ ਪੇਂਡੂ ਵਿਦਿਆਰਥੀਆਂ ਲਈ ਪੰਜਾਬੀ ਮਾਧਿਅਮ ਤਕਨੀਕੀ ਸਿੱਖਿਆ ਦੇ ਮੌਕੇ ਵਧਾ ਸਕਦਾ ਹੈ, ਪਰ ਇਸ ਲਈ ਨੀਤੀਗਤ ਐਲਾਨਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ।