ਨਵੀਂ ਦਿੱਲੀ, 29 ਸਤੰਬਰ (ਪੀ.ਟੀ.ਆਈ.)- ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਐਲ ਨੀਨੋ, ਸੋਕੇ ਤੇ ਦੇਸ਼ ਦੇ ਕੁਝ ਹਿੱਸਿਆਂ ’ਚ ਆਏ ਹੜ੍ਹਾਂ ਦੇ ਬਾਵਜੂਦ 2026-27 ਦੇ ਫ਼ਸਲੀ ਸਾਲ (ਜੁਲਾਈ-ਜੂਨ) ’ਚ ਸਾਉਣੀ ਦੀਆਂ ਫ਼ਸਲਾਂ ਦੇ ਅਨਾਜ ਉਤਪਾਦਨ ’ਚ ਕੋਈ ਵੱਡੀ ਗਿਰਾਵਟ ਨਹੀਂ ਆਵੇਗੀ। ਆਉਣ ਵਾਲੇ ਹਾੜ੍ਹੀ ਸੀਜ਼ਨ ਦੀਆਂ ਤਿਆਰੀਆਂ ਸਬੰਧੀ ਦੋ ਰੋਜ਼ਾ ਕੌਮੀ ਕਾਨਫਰੰਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੌਹਾਨ ਨੇ ਕਿਹਾ ਕਿ ਸਰਕਾਰ ਨੇ ਅਪ੍ਰੈਲ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਐਲ ਨੀਨੋ ਕਾਰਨ ਭਾਰਤ ’ਚ ਮੀਂਹ ਦੇ ਪ੍ਰਭਾਵ ਨੂੰ ਧਿਆਨ ’ਚ ਰੱਖਦਿਆਂ ਹਾੜ੍ਹੀ ਸੀਜ਼ਨ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ। 2026-27 ਲਈ ਹਾੜ੍ਹੀ ਅਨਾਜ ਉਤਪਾਦਨ ਦਾ ਟੀਚਾ 177.72 ਮਿਲੀਅਨ ਟਨ ਰੱਖਿਆ ਗਿਆ ਹੈ ਜਦਕਿ ਪਿਛਲੇ ਸਾਲ ਅਸਲ ਉਤਪਾਦਨ 174.51 ਮਿਲੀਅਨ ਟਨ ਰਿਹਾ ਸੀ। ਕਣਕ ਹਾੜ੍ਹੀ ਦੀ ਮੁੱਖ ਫ਼ਸਲ ਹੈ।ਚੌਹਾਨ ਨੇ ਕਿਹਾ ਕਿ ਕੁਝ ਫ਼ਸਲਾਂ ਹੇਠ ਰਕਬਾ ਘਟਿਆ ਹੈ, ਪਰ ਕੁੱਲ ਬੀਜਿਆ ਰਕਬਾ ਪਿਛਲੇ ਸਾਲ ਦੇ ਲਗਭਗ ਬਰਾਬਰ ਹੈ। ਇਸ ਸਮੇਂ ਮੀਂਹ ਦੀ ਘਾਟ ਕਰੀਬ 12 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ 20 ਫ਼ੀਸਦੀ ਤੋਂ ਵੱਧ ਘਾਟ ਹੋਣ ’ਤੇ ਹੀ ਸੋਕਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪੱਧਰ ਦੀ ਘਾਟ ਨਾਲ ਉਤਪਾਦਨ ’ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ ਤੇ ਅੰਤਿਮ ਉਤਪਾਦਨ ਦੇ ਅੰਕੜੇ ਜਲਦ ਜਾਰੀ ਕੀਤੇ ਜਾਣਗੇ। 2026-27 ਲਈ ਖਰੀਫ਼ ਅਨਾਜ ਉਤਪਾਦਨ ਦਾ ਟੀਚਾ 196.21 ਮਿਲੀਅਨ ਟਨ ਰੱਖਿਆ ਗਿਆ ਹੈ, ਜਦਕਿ ਪਿਛਲੇ ਸਾਲ ਅਸਲ ਉਤਪਾਦਨ 174.14 ਮਿਲੀਅਨ ਟਨ ਰਿਹਾ ਸੀ। ਝੋਨੇ ਹੇਠ ਰਕਬੇ ’ਚ ਸਭ ਤੋਂ ਵੱਧ ਲਗਭਗ 16.32 ਲੱਖ ਹੈਕਟੇਅਰ ਦੀ ਕਮੀ ਆਈ ਹੈ। ਮੱਕੀ, ਸੋਇਆਬੀਨ ਤੇ ਕਪਾਹ ਹੇਠ ਰਕਬਾ ਵੀ ਘਟਿਆ ਹੈ। ਦੂਜੇ ਪਾਸੇ ਉੜਦ, ਬਾਜਰਾ, ਜਵਾਰ, ਤਿਲ, ਸੂਰਜਮੁਖੀ, ਮੂੰਗੀ ਤੇ ਅਰਹਰ ਹੇਠ ਰਕਬਾ ਵਧਿਆ ਹੈ। ਉਨ੍ਹਾਂ ਕਿਹਾ ਕਿ ਇਹ ਦਾਲਾਂ ਤੇ ਮੋਟੇ ਅਨਾਜ ਵੱਲ ਰੁਝਾਨ ਦਾ ਸੰਕੇਤ ਹੈ।