ਐੱਸ. ਏ. ਐੱਸ. ਨਗਰ, 3 ਸਤੰਬਰ (ਕਪਿਲ ਵਧਵਾ)-ਮੁਹਾਲੀ ਦੇ ਬਹੁ-ਚਰਚਿਤ ਅਮਰੂਦ ਬਾਗ਼ ਘੁਟਾਲੇ ਨਾਲ ਸੰਬੰਧਿਤ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ 11 ਹੋਰਨਾਂ ਵਿਅਕਤੀਆਂ ਨੂੰ ਪ੍ਰਸਤਾਵਿਤ ਮੁਲਜ਼ਮਾਂ ਵਜੋਂ ਸ਼ਾਮਿਲ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਘੁਟਾਲਾ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪਿੰਡ ਬਾਕਰਪੁਰ ਸਥਿਤ ਜ਼ਮੀਨ ’ਤੇ ਅਮਰੂਦਾਂ ਦੇ ਬਾਗ਼ ਦਿਖਾ ਕੇ ਮੁਆਵਜ਼ਾ ਹਾਸਿਲ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਨਾਲ ਸੰਬੰਧਿਤ ਹੈ । ਈ. ਡੀ. ਵਲੋਂ ਦਾਇਰ ਕੀਤੀ ਗਈ ਸਪਲੀਮੈਂਟਰੀ ਪ੍ਰੋਸੀਕਿਊਸ਼ਨ ਕੰਪਲੇਂਟ ਦੇ ਆਧਾਰ ’ਤੇ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਸੰਮਨ ਜਾਰੀ ਕਰਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ । ਮੁਹਾਲੀ ਦੀ ਵਿਸ਼ੇਸ਼ ਪੀ. ਐਮ. ਐਲ. ਏ. ਅਦਾਲਤ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਈ. ਡੀ. ਦੇ ਵਕੀਲ ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਸਪਲੀਮੈਂਟਰੀ ਕੰਪਲੈਂਟ ਵਿਚ ਪ੍ਰਸਤਾਵਿਤ ਮੁਲਜ਼ਮ ਨੰਬਰ 17 ਤੋਂ 27 ਨੂੰ ਬੀ. ਐੱਨ. ਐੱਸ. ਐੱਸ. ਦੀ ਧਾਰਾ 223 ਤਹਿਤ ਸੰਮਨ ਜਾਰੀ ਕੀਤੇ ਜਾਣ ਦੀ ਲੋੜ ਹੈ। ਸੁਣਵਾਈ ਦੌਰਾਨ ਪ੍ਰਸਤਾਵਿਤ ਮੁਲਜ਼ਮ ਨੰ. 20 ਗੁਰਜੀਤ ਕੌਰ, ਨੰ. 25 ਗੁਰਪ੍ਰੀਤ ਕੌਰ ਅਤੇ ਨੰ. 26 ਨਵਰੂਪ ਸਿੰਘ ਬਰਾੜ ਅਦਾਲਤ ਵਿਚ ਹਾਜ਼ਰ ਹੋਏ ਅਤੇ ਉਨ੍ਹਾਂ ਆਪਣੀ ਹਾਜ਼ਰੀ ਦਰਜ ਕਰਵਾਈ । ਅਦਾਲਤ ਵਲੋਂ ਬਾਕੀ ਪ੍ਰਸਤਾਵਿਤ ਮੁਲਜ਼ਮਾਂ ਜਿਨ੍ਹਾਂ ਵਿਚ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਦੀ ਪਤਨੀ ਜੈਸਮੀਨ ਕੌਰ, ਚਾਰਟਿਡ ਅਕਾਊਂਟੈਂਟ ਅਨਿਲ ਅਰੋੜਾ, ਉਸ ਦੀ ਪਤਨੀ ਰਸ਼ਮੀ ਅਰੋੜਾ, ਅਭਿਸ਼ੇਕ ਕਾਂਸਲ, ਅਭਿਸ਼ੇਕ ਦਾ ਭਰਾ ਗੌਰਵ ਕਾਂਸਲ, ਇਨ੍ਹਾਂ ਦੀ ਮਾਤਾ ਸੁਨੀਤਾ ਗੁਪਤਾ, ਇਨ੍ਹਾਂ ਦੇ ਪਿਤਾ ਪੁਰਸ਼ੋਤਮ ਗੁਪਤਾ ਅਤੇ ਸੁਮਨਪ੍ਰੀਤ ਕੌਰ ਨੂੰ ਆਗਾਮੀ 13 ਅਕਤੂਬਰ ਲਈ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ । ਦੱਸਣਯੋਗ ਹੈ ਕਿ ਮਾਮਲੇ ਵਿਚ ਮੁਲਜ਼ਮਾਂ ਦੀ ਕੁੱਲ ਗਿਣਤੀ 27 ਹੋ ਗਈ ਹੈ।