01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

‘ ਮੱਕਾ ਸੰਯੁਕਤ ਰੱਖਿਆ ਸਮਝੌਤਾ ’ ਬਾਰੇ ਇਸਤਾਂਬੁਲ ’ ਚ ਪਹਿਲੀ ਰੱਖਿਆ ਬੈਠਕ ਸ਼ੁਰੂ

ਅੰਮ੍ਰਿਤਸਰ , 31 ਅਗਸਤ ( ਸੁਰਿੰਦਰ ਕੋਛੜ )- ਮੱਕਾ ਸੰਯੁਕਤ ਰੱਖਿਆ ਸਮਝੌਤੇ ਤਹਿਤ ਗਠਿਤ ਕਮੇਟੀ ਦੀ ਪਹਿਲੀ ਬੈਠਕ ਅੱਜ ਤੁਰਕੀ ਦੇ ਸ਼ਹਿਰ ਇਸਤਾਂਬੁਲ ’ ਚ ਸ਼ੁਰੂ ਹੋਈ । ਇਸ ਬੈਠਕ ’ ਚ ਪਾਕਿਸਤਾਨ , ਸਾਊਦੀ ਅਰਬ ਅਤੇ ਤੁਰਕੀ ਦੇ ਸੀਨੀਅਰ ਨੇਤਾ ਅਤੇ ਫ਼ੌਜ ਮੁਖੀ ਖੇਤਰੀ ਤੇ ਆਲਮੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਅਤੇ ਆਪਸੀ ਰੱਖਿਆ ਸਹਿਯੋਗ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਕੱਠੇ ਹੋਏ ।

ਅਜੀਤ ਡੈਸਕ 01-09-2026
ਅੰਮ੍ਰਿਤਸਰ , 31 ਅਗਸਤ ( ਸੁਰਿੰਦਰ ਕੋਛੜ )- ਮੱਕਾ ਸੰਯੁਕਤ ਰੱਖਿਆ ਸਮਝੌਤੇ ਤਹਿਤ ਗਠਿਤ ਕਮੇਟੀ ਦੀ ਪਹਿਲੀ ਬੈਠਕ ਅੱਜ ਤੁਰਕੀ ਦੇ ਸ਼ਹਿਰ ਇਸਤਾਂਬੁਲ ’ ਚ ਸ਼ੁਰੂ ਹੋਈ । ਇਸ ਬੈਠਕ ’ ਚ ਪਾਕਿਸਤਾਨ , ਸਾਊਦੀ ਅਰਬ ਅਤੇ ਤੁਰਕੀ ਦੇ ਸੀਨੀਅਰ ਨੇਤਾ ਅਤੇ ਫ਼ੌਜ ਮੁਖੀ ਖੇਤਰੀ ਤੇ ਆਲਮੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਅਤੇ ਆਪਸੀ ਰੱਖਿਆ ਸਹਿਯੋਗ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਕੱਠੇ ਹੋਏ । ਇਸ ਉੱਚ - ਪੱਧਰੀ ਬੈਠਕ ’ ਚ ਪਾਕਿ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ , ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਅਤੇ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਨੇ ਪਾਕਿਸਤਾਨੀ ਵਫ਼ਦ ਦੀ ਅਗਵਾਈ ਕੀਤੀ । ਸਾਊਦੀ ਅਰਬ ਵਲੋਂ ਵਿਦੇਸ਼ ਮੰਤਰੀ ਪ੍ਰਿੰਸ ਫ਼ੈਸਲ ਬਿਨ ਫਰਹਾਨ , ਰੱਖਿਆ ਮੰਤਰੀ ਪ੍ਰਿੰਸ ਖ਼ਾਲਿਦ ਬਿਨ ਸਲਮਾਨ ਅਤੇ ਚੀਫ਼ ਆਫ਼ ਜਨਰਲ ਸਟਾਫ਼ ਜਨਰਲ ਫੈਯਾਜ਼ ਅਲ - ਰੁਵੈਲੀ ਸ਼ਾਮਿਲ ਹੋਏ । ਇਸੇ ਤਰ੍ਹਾਂ ਤੁਰਕੀ ਦੇ ਵਿਦੇਸ਼ ਮੰਤਰੀ ਹਾਕਾਨ ਫਿਦਾਨ , ਰੱਖਿਆ ਮੰਤਰੀ ਯਾਸਰ ਗੁਲੇਰ ਅਤੇ ਚੀਫ਼ ਆਫ਼ ਜਨਰਲ ਸਟਾਫ਼ ਜਨਰਲ ਸੇਲਕੁਕ ਬੇਰਾਕਤਾਰੋਗਲੂ ਨੇ ਮੇਜ਼ਬਾਨੀ ਕੀਤੀ । ਇਸ ਗੱਠਜੋੜ ਰਾਹੀਂ ਤਿੰਨੇ ਦੇਸ਼ ਆਪਣੀਆਂ ਵਿਲੱਖਣ ਤਾਕਤਾਂ ਨੂੰ ਇਕੱਠਾ ਕਰ ਰਹੇ ਹਨ । ਇਨ੍ਹਾਂ ’ ਚੋਂ ਪਾਕਿਸਤਾਨ ਕੋਲ ਵੱਡੀ ਫ਼ੌਜ , ਯੁੱਧ ਦਾ ਤਜਰਬਾ ਅਤੇ ਇਹ ਮੁਸਲਿਮ ਜਗਤ ਦਾ ਇਕਲੌਤਾ ਪ੍ਰਮਾਣੂ ਹਥਿਆਰਬੰਦ ਦੇਸ਼ ਹੈ । ਦੂਜੇ ਪਾਸੇ , ਸਾਊਦੀ ਅਰਬ ਫ਼ੌਜੀ ਸਹਿਯੋਗ ਅਤੇ ਵਿੱਤੀ ਲੋੜਾਂ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਉਸ ਕੋਲ ਮਜ਼ਬੂਤ ਆਰਥਿਕ ਤਾਕਤ ਹੈ । ਜਦਕਿ ਤੁਰਕੀ ਨਾਟੋ ਦਾ ਮੈਂਬਰ ਅਤੇ ਆਧੁਨਿਕ ਡਰੋਨ ਤੇ ਉੱਨਤ ਰੱਖਿਆ ਤਕਨਾਲੋਜੀ ਦਾ ਕੇਂਦਰ ਹੈ । ਬੈਠਕ ਦੌਰਾਨ ਤਿੰਨਾਂ ਦੇਸ਼ਾਂ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ , ਹਥਿਆਰਬੰਦ ਫ਼ੌਜਾਂ ਵਿਚਾਲੇ ਆਪਸੀ ਤਾਲਮੇਲ ਵਧਾਉਣ ਅਤੇ ਰੱਖਿਆ ਉਦਯੋਗ ’ ਚ ਸਾਂਝੇ ਉਤਪਾਦਨ ਤੇ ਖੋਜ - ਵਿਕਾਸ ਨੂੰ ਉਤਸ਼ਾਹਿਤ ਕਰਨ ’ ਤੇ ਜ਼ੋਰ ਦਿੱਤਾ ਗਿਆ । ਇਸ ਤੋਂ ਇਲਾਵਾ ਬੈਠਕ ’ ਚ ਦਹਿਸ਼ਤਗਰਦੀ ਵਿਰੋਧੀ ਕਾਰਵਾਈਆਂ ’ ਚ ਸਹਿਯੋਗ ਅਤੇ ਸਮਝੌਤੇ ਦੇ ਕੰਮਕਾਜ ਨੂੰ ਸੁਚਾਰੂ ਰੱਖਣ ਲਈ ਇਕ ਸਥਾਈ ਸਕੱਤਰੇਤ ਅਤੇ ਤਾਲਮੇਲ ਪ੍ਰਣਾਲੀ ਸਥਾਪਤ ਕਰਨ ਦਾ ਖ਼ਾਕਾ ਵੀ ਤਿਆਰ ਕੀਤਾ ਜਾ ਰਿਹਾ ਹੈ । ਮੁੱਖ ਬੈਠਕ ਤੋਂ ਪਹਿਲਾਂ ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਅਤੇ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਨੇ ਤੁਰਕੀ ਦੇ ਰੱਖਿਆ ਮੰਤਰੀ ਯਾਸਰ ਗੁਲੇਰ ਨਾਲ ਵੱਖ - ਵੱਖ ਦੁਵੱਲੀਆਂ ਮੀਟਿੰਗਾਂ ਕਰਕੇ ਆਪਸੀ ਰਣਨੀਤਕ ਸੰਬੰਧਾਂ ਦੀ ਸਮੀਖਿਆ ਵੀ ਕੀਤੀ । ਇਹ ਸਮਝੌਤਾ 7 ਅਗਸਤ ਨੂੰ ਮੱਕਾ ਵਿਖੇ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ , ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਿਪ ਏਰਦੋਗਨ ਅਤੇ ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵਲੋਂ ਸਹੀਬੰਦ ਕੀਤਾ ਗਿਆ ਸੀ । ਸਮਝੌਤੇ ਦੀ ਮੁੱਖ ਧਾਰਾ ਅਨੁਸਾਰ ਤਿੰਨਾਂ ’ ਚੋਂ ਕਿਸੇ ਵੀ ਇਕ ਦੇਸ਼ ’ ਤੇ ਕੀਤਾ ਗਿਆ ਹਮਲਾ ਬਾਕੀ ਦੋਵਾਂ ’ ਤੇ ਹਮਲਾ ਮੰਨਿਆ ਜਾਵੇਗਾ । ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਪੱਛਮੀ ਏਸ਼ੀਆ ’ ਚ ਇਜ਼ਰਾਈਲ - ਈਰਾਨ ਤਣਾਅ ਕਾਰਨ ਅਸਥਿਰਤਾ ਦਾ ਮਾਹੌਲ ਹੈ । ਇਸ ਤੋਂ ਇਲਾਵਾ ਪਾਕਿ ਅਫ਼ਗਾਨ ਸਰਹੱਦ ’ ਤੇ ਤਣਾਅ ਦਾ ਸਾਹਮਣਾ ਕਰ ਰਿਹਾ ਹੈ , ਸਾਊਦੀ ਅਰਬ ਨੂੰ ਹੂਤੀ ਬਾਗ਼ੀਆਂ ਦੇ ਹਮਲਿਆਂ ਦਾ ਖ਼ਤਰਾ ਹੈ ਅਤੇ ਤੁਰਕੀ ਕੁਰਦ ਅੱਤਵਾਦੀਆਂ ਵਿਰੁੱਧ ਮੁਹਿੰਮਾਂ ‘ ਚ ਉਲਝਿਆ ਹੋਇਆ ਹੈ ।
ਪਿਛਲੀ ਖ਼ਬਰ ਸੁਖਬੀਰ ਵਲੋਂ ਪਾਰਟੀ ਦੀ ਹਰਿਆਣਾ ਇਕਾਈ ਦੀ ਕੋਰ ਕਮੇਟੀ ਦਾ ਐਲਾਨ ਅਗਲੀ ਖ਼ਬਰ ਡਰੋਨ ਸਰਵੇ ਖ਼ਿਲਾਫ਼ ਜ਼ਮੀਨ ਬਚਾਓ ਮੋਰਚਾ ਦਾ ਮੌੜ ਮੰਡੀ ਵਿਖੇ ਵੱਡਾ ਇਕੱਠ ਪ੍ਰਸ਼ਾਸਨ ਨੂੰ ਕਾਰਵਾਈ ਲਈ ਦਿੱਤਾ 15 ਦਿਨਾਂ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।