* ਪੱਛਮੀ ਏਸ਼ੀਆ ਦੇ ਹਲਾਤਾਂ ਨਾਲ ਵਸਤੂਆਂ ਦੀਆਂ ਕੀਮਤਾਂ ’ਤੇ ਪਿਆ ਅਸਰ * ਕੇਂਦਰ ਸਰਕਾਰ ਵੀ ਕੀਮਤਾਂ ਨੂੰ ਲੈ ਕੇ ਕਰ ਰਹੀ ਹੈ ਨਿਗਰਾਨੀ
ਸ਼ਿਵ ਸ਼ਰਮਾ
ਜਲੰਧਰ, 25 ਜੁਲਾਈ-ਕੇਂਦਰ ਸਰਕਾਰ ਵਲੋਂ ਮਹਿੰਗਾਈ ’ਤੇ ਕਾਬੂ ਕਰਨ ਲਈ ਸਮੇਂ-ਸਮੇਂ ਸਿਰ ਇਹਤਿਆਤੀ ਕਦਮ ਉਠਾਏ ਜਾਂਦੇ ਰਹੇ ਹਨ ਅਤੇ ਜਿਨ੍ਹਾਂ ਚੀਜ਼ਾਂ ਦੀ ਕਮੀ ਆਉਂਦੀ ਹੈ ਤਾਂ ਉਨ੍ਹਾਂ ਦੀ ਬਰਾਮਦ ’ਤੇ ਰੋਕ ਵੀ ਲਗਾਈ ਜਾਂਦੀ ਰਹੀ ਹੈ ਪਰ ਇਸ ਬਾਰੇ ਅੰਤਰਰਾਸ਼ਟਰੀ ਤੇ ਪੱਛਮੀ ਏਸ਼ੀਆ ਦੇ ਹਲਾਤਾਂ ਕਾਰਨ ਮਾਰਚ ਤੋਂ ਬਾਅਦ ਹੀ ਲੋਕਾਂ ਲਈ ਸਮਾਂ ਮਹਿੰਗਾ ਰਿਹਾ ਹੈ। ਇਸ ਸਮੇਂ ਦੌਰਾਨ ਤੇਲ ਤੇ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਸੀ। ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਨਾਲ ਕਿਰਾਏ ਵਧਣ ਨਾਲ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ। ਪੱਛਮੀ ਏਸ਼ੀਆ ਵਿਚ ਚਾਹੇ ਦੁਬਾਰਾ ਹਲਾਤ ਖ਼ਰਾਬ ਹੋ ਗਏ ਹਨ ਪਰ ਦੂਜੇ ਦੇਸ਼ਾਂ ਦੇ ਮੁਕਾਬਲੇ ਕੇਂਦਰ ਸਰਕਾਰ ਨੇ ਚੀਜ਼ਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਾਫ਼ੀ ਹੱਦ ਤੱਕ ਯਤਨ ਕੀਤਾ ਹੈ, ਜਦਕਿ ਕਈ ਦੇਸ਼ਾਂ ਵਿਚ ਤੇਲ, ਗੈਸ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਪੁੱਜ ਗਈਆਂ ਹਨ। ਕੇਂਦਰ ਸਰਕਾਰ ਨੇ ਜਿਥੇ ਮਹਿੰਗਾਈ ਦਰ ਨੂੰ ਰੋਕਣ ਲਈ ਹਰ ਸੰਭਵ ਕਦਮ ਉਠਾਉਂਦੀ ਰਹੀ ਹੈ ਪਰ ਕਮਜ਼ੋਰ ਮੌਨਸੂਨ ਅਤੇ ਜ਼ਿਆਦਾ ਪੈ ਰਹੀ ਗਰਮੀ ਕਾਰਨ ਕਈ ਫ਼ਸਲਾਂ ਦੇ ਪ੍ਰਭਾਵਿਤ ਰਹਿਣ ਦੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ। ਜੇਕਰ ਕਮਜ਼ੋਰ ਮੌਨਸੂਨ ਜਾਰੀ ਰਹਿੰਦਾ ਹੈ ਤਾਂ ਰਾਜਸਥਾਨ ਤੋਂ ਆਉਂਦੀਆਂ ਦਾਲਾਂ ਦੀਆਂ ਕੀਮਤਾਂ ਨੂੰ ਮਹਿੰਗਾਈ ਦਾ ਤੜਕਾ ਲੱਗ ਸਕਦਾ ਹੈ। ਕੇਂਦਰ ਸਰਕਾਰ ਵਲੋਂ ਮਈ ਵਿਚ ਹੀ ਖੰਡ ਮਹਿੰਗੀ ਹੋਣ ਤੋਂ ਰੋਕਣ ਲਈ ਬਰਾਮਦ ’ਤੇ ਰੋਕ ਲਗਾਈ ਸੀ ਪਰ ਇਸ ਦੇ ਬਾਵਜੂਦ ਖੰਡ ਦੀਆਂ ਕੀਮਤਾਂ ਵਿਚ ਕਾਫ਼ੀ ਤੇਜ਼ੀ ਜਾਰੀ ਰਹੀ ਹੈ। ਇਸ ਦਾ ਇਕ ਕਾਰਨ ਹੈ ਕਿ ਗੰਨੇ ਦੀ ਫ਼ਸਲ ਵਿਚ ਕਮੀ ਕਾਰਨ ਖੰਡ ਉਤਪਾਦਨ ਘਟਿਆ ਹੈ, ਜਿਸ ਕਰਕੇ ਵਧੀਆ ਗਰੇਡ ਦੀ ਖੰਡ ਦੀਆਂ ਕੀਮਤਾਂ ਹੀ ਕੁਝ ਸਮੇਂ ਵਿਚ 700 ਰੁਪਏ ਕੁਇੰਟਲ ਤੋਂ ਜ਼ਿਆਦਾ ਵਧ ਚੁੱਕੀਆਂ ਹਨ। ਉਂਜ ਖੰਡ ਦੀ ਨਵੀਂ ਫ਼ਸਲ ਨਵੰਬਰ ਅਤੇ ਦਸੰਬਰ ਦੇ ਮਹੀਨੇ ਵਿਚ ਆਉਂਦੀ ਹੈ, ਜਦਕਿ ਇਸ ਸਾਲ ਦੀ ਤਿਉਹਾਰੀ ਸੀਜ਼ਨ ਉਸ ਵੇਲੇ ਖ਼ਤਮ ਹੋ ਚੁੱਕਾ ਹੋਵੇਗਾ। ਅਗਸਤ ਮਹੀਨੇ ਵਿਚ ਸੀਜ਼ਨ ਦਾ ਸਭ ਤੋਂ ਵੱਡਾ ਤਿਉਹਾਰ ਰੱਖੜੀ ਆਉਂਦਾ ਹੈ ਤਾਂ ਇਸ ਮਹੀਨੇ ਵਿਚ ਦੀਵਾਲੀ ਦੇ ਬਰਾਬਰ ਹੀ ਨਾ ਸਿਰਫ਼ ਮਿਠਾਈਆਂ ਸਗੋਂ ਹੋਰ ਬੇਕਰੀ ਦੇ ਸਾਮਾਨ ਦੀ ਰਿਕਾਰਡ ਵਿੱਕਰੀ ਹੁੰਦੀ ਹੈ। ਇਸ ਤਰ੍ਹਾਂ ਨਾਲ ਖਾਣ ਵਾਲੇ ਤੇਲਾਂ ਵਿਚ ਵੀ ਇਕ ਮਹੀਨੇ ਵਿਚ ਤੇਜ਼ੀ ਦਰਜ ਕੀਤੀ ਗਈ ਹੈ। ਇਸ ਦੇ ਮਹਿੰਗੇ ਹੋਣ ਦਾ ਇਕ ਕਾਰਨ ਪੱਛਮੀ ਏਸ਼ੀਆ ਦੇ ਮੌਜੂਦਾ ਹਲਾਤ ਹਨ। ਉਂਜ ਖਾਣੇ ਦੇ ਤੇਲ ਸੋਇਆਬੀਨ, ਪਾਮ ਆਇਲ ਮਲੇਸ਼ੀਆ, ਇੰਡੋਨੇਸ਼ੀਆ ਤੋਂ ਆਉਂਦੇ ਹਨ। ਇੰਡੋਨੇਸ਼ੀਆ ਤੋਂ ਆਉਂਦੇ ਤੇਲ ਦੇ ਉਥੇ ਹੀ ਈਥੋਨਾਲ ਵਾਂਗ ਇਸ ਨੂੰ ਤੇਲ ਵਿਚ ਰਲੇਵਾਂ ਕਰਨ ਦੀਆਂ ਵੀ ਗੱਲਾਂ ਚੱਲ ਰਹੀਆਂ ਹਨ। ਜੇਕਰ ਪੈਟਰੋਲ ਵਿਚ ਈਥੋਨਾਲ ਦੀ ਤਰ੍ਹਾਂ ਇੰਡੋਨੇਸ਼ੀਆ ਜਾਂ ਮਲੇਸ਼ੀਆ ਵਿਚ ਤੇਲ ਵਿਚ ਪਾਮ ਤੇਲ ਮਿਲਾਉਣ ਦਾ ਕੰਮ ਸ਼ੁਰੂ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਹੋਰ ਵਧਣੋਂ ਰੋਕਿਆ ਨਹੀਂ ਜਾ ਸਕੇਗਾ। ਅਜੇ ਤਾਂ ਅਗਲੇ ਮਹੀਨੇ ਰੱਖੜੀ ਦੇ ਵੱਡੇ ਤਿਉਹਾਰ ਤੋਂ ਇਸ ਸੀਜ਼ਨ ਦੇ ਤਿਉਹਾਰੀ ਸੀਜ਼ਨ ਸ਼ੁਰੂ ਹੋਣੇ ਹਨ ਪਰ ਬਾਜ਼ਾਰ ਵਿਚ ਕਈ ਚੀਜ਼ਾਂ ਪਹਿਲਾਂ ਹੀ ਕਾਫ਼ੀ ਮਹਿੰਗੀਆਂ ਹਨ। ਜੇਕਰ ਮੌਨਸੂਨ ਇਸੇ ਤਰ੍ਹਾਂ ਨਾਲ ਕਮਜ਼ੋਰ ਰਿਹਾ ਤਾਂ ਇਸ ਵਾਰ ਦਾ ਤਿਉਹਾਰੀ ਸੀਜ਼ਨ ਕਾਫ਼ੀ ਮਹਿੰਗਾ ਰਹਿ ਸਕਦਾ ਹੈ। ਉਂਜ ਰਿਪੋਰਟਾਂ ਮੁਤਾਬਿਕ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀਆਂ ਤਾਜ਼ਾ ਰਿਪੋਰਟਾਂ ਮੁਤਾਬਿਕ ਜੂਨ 2026 ਵਿਚ ਪਰਚੂਨ ਮਹਿੰਗਾਈ ਵਧ ਕੇ 4.38 ਫ਼ੀਸਦੀ ਹੋ ਗਈ ਹੈ, ਜਿਹੜੀ ਕਿ ਆਰ. ਬੀ. ਆਈ. ਦੇ ਟੀਚੇ 4 ਫ਼ੀਸਦੀ ਜ਼ਿਆਦਾ ਹੋ ਗਈ ਹੈ। ਚੇਤੇ ਰਹੇ ਕਿ ਆਰ. ਬੀ. ਆਈ. ਸਮੇਂ-ਸਮੇਂ ਸਿਰ ਬਾਜ਼ਾਰ ਵਿਚ ਚੀਜ਼ਾਂ ਦੀਆਂ ਵਧਦੀਆਂ-ਘਟਦੀਆਂ ਕੀਮਤਾਂ ਬਾਰੇ ਅਨੁਮਾਨ ਲਗਾ ਕੇ ਮਹਿੰਗਾਈ ਦਰ ਕੱਢਦੀ ਹੈ। ਇਨ੍ਹਾਂ ਰਿਪੋਰਟਾਂ ਵਿਚ ਵੀ ਕਮਜ਼ੋਰ ਮੌਨਸੂਨ, ਜ਼ਿਆਦਾ ਪੈ ਰਹੀ ਗਰਮੀ ਅਤੇ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਦੱਸਿਆ ਜਾ ਰਿਹਾ ਹੈ।
ਕਮਜ਼ੋਰ ਮੌਨਸੂਨ ਦਾ ਤਿਉਹਾਰੀ ਸੀਜ਼ਨ ’ਤੇ ਵੀ ਰਹੇਗਾ ਅਸਰ
ਅਜੀਤ ਡੈਸਕ
26-07-2026