02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਮਾਮਲਾ ਜਾਅਲੀ ਖੇਡ ਸਰਟੀਫਿਕੇਟ ਦਾ-ਪੰਜਾਬੀ ’ਵਰਸਿਟੀ ਦੇ ਸਾਬਕਾ ਡਾਇਰੈਕਟਰ ਸਪੋਰਟਸ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ

ਅਜੀਤ ਡੈਸਕ 26-07-2026

ਪਟਿਆਲਾ, 25 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਖ਼ਿਲਾਫ਼ ਕਥਿਤ ਜਾਅਲੀ ਖੇਡ ਸਰਟੀਫਿਕੇਟ ਮਾਮਲੇ ਵਿਚ ਪਟਿਆਲਾ ਦੀ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਡਾ. ਸ਼ਿਲਪੀ ਗੁਪਤਾ ਦੀ ਅਦਾਲਤ ਨੇ 4 ਜੁਲਾਈ 2026 ਨੂੰ ਸੁਣਾਏ ਹੁਕਮ ਵਿਚ ਪੁਲਿਸ ਦੀ ਕੈਂਸਲੇਸ਼ਨ ਰਿਪੋਰਟ ਨੂੰ ਰੱਦ ਕਰਦਿਆਂ ਡਾ. ਸ਼ਰਮਾ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਲਬ ਕੀਤਾ ਅਤੇ 5 ਸਤੰਬਰ 2026 ਤੱਕ ਉਨ੍ਹਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ। ਇਹ ਮਾਮਲਾ ਥਾਣਾ ਅਰਬਨ ਅਸਟੇਟ, ਪਟਿਆਲਾ ਵਿਚ 13 ਅਗਸਤ 2015 ਨੂੰ ਦਰਜ ਐਫ.ਆਈ.ਆਰ. ਨੰਬਰ 103 ਨਾਲ ਸੰਬੰਧਿਤ ਹੈ, ਜੋ ਧਾਰਾਵਾਂ 420, 467, 468 ਅਤੇ 471 ਆਈ.ਪੀ.ਸੀ. (ਹੁਣ ਬੀ.ਐਨ.ਐਸ. ਦੀਆਂ ਸੰਬੰਧਿਤ ਧਾਰਾਵਾਂ) ਤਹਿਤ ਦਰਜ ਕੀਤੀ ਗਈ ਸੀ।ਸ਼ਿਕਾਇਤਕਰਤਾ ਡਾ. ਭੁਪਿੰਦਰ ਸਿੰਘ ਨੇ ਅਦਾਲਤ ਵਿਚ ਦਲੀਲ ਦਿੱਤੀ ਸੀ ਕਿ ਡਾ. ਰਾਜ ਕੁਮਾਰ ਸ਼ਰਮਾ ਨੇ 1991 ਵਿਚ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਅਤੇ 2004 ਵਿਚ ਪੰਜਾਬੀ ਯੂਨੀਵਰਸਿਟੀ ਵਿਚ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਦੇ ਅਹੁਦੇ ਲਈ ਅਰਜ਼ੀਆਂ ਦੌਰਾਨ ਕਥਿਤ ਤੌਰ ‘ਤੇ ਜਾਅਲੀ ਖੇਡ ਸਰਟੀਫਿਕੇਟ ਪੇਸ਼ ਕੀਤੇ ਸਨ। ਹਾਲਾਂਕਿ, ਪੁਲਿਸ ਦੀ ਐਸ.ਆਈ.ਟੀ. ਨੇ ਕੈਂਸਲੇਸ਼ਨ ਰਿਪੋਰਟ ਦਾਇਰ ਕਰਦਿਆਂ ਕਿਹਾ ਸੀ ਕਿ ਦੋਸ਼ੀ ਨੂੰ ਇਨ੍ਹਾਂ ਸਰਟੀਫਿਕੇਟਾਂ ਤੋਂ ਕੋਈ ਲਾਭ ਨਹੀਂ ਮਿਲਿਆ। ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਕਿ ਜਾਂਚ ਰਿਕਾਰਡ ਤੋਂ ਪਹਿਲੀ ਨਜ਼ਰ ਵਿਚ ਇਹ ਸਾਹਮਣੇ ਆਉਂਦਾ ਹੈ ਕਿ ਸਰਟੀਫਿਕੇਟ ਜਾਅਲੀ ਹੋਣ ਦੇ ਦੋਸ਼ ਹਨ ਅਤੇ ਇਹ ਦਲੀਲ ਕਿ ਇਨ੍ਹਾਂ ਤੋਂ ਕੋਈ ਲਾਭ ਨਹੀਂ ਲਿਆ ਗਿਆ, ਟਰਾਇਲ ਦੌਰਾਨ ਪਰਖਿਆ ਜਾਣ ਵਾਲਾ ਮੁੱਦਾ ਹੈ। ਅਦਾਲਤ ਨੇ ਕਿਹਾ ਕਿ ਜੇ ਜਾਅਲੀ ਦਸਤਾਵੇਜ਼ ਅਰਜ਼ੀ ਨਾਲ ਲਗਾਏ ਗਏ ਸਨ ਤਾਂ ਇਹ ਆਪਣੇ ਆਪ ਵਿਚ ਗੰਭੀਰ ਅਪਰਾਧ ਬਣਦਾ ਹੈ।

ਪਿਛਲੀ ਖ਼ਬਰ ਮੁੱਖ ਮੰਤਰੀ ਨਿਵਾਸ ਦੇ ਬਾਹਰ ਆਸ਼ਾ ਵਰਕਰਾਂ ਤੇ ਪੁਲਿਸ ਵਿਚਾਲੇ ਟਕਰਾਅ ਅਗਲੀ ਖ਼ਬਰ ਕਾਰ ਸਮੇਤ ਨਹਿਰ ’ਚ ਡੁੁੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।