14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਥਾਣਾ ਅਜਨਾਲਾ ਹਮਲੇ ਦੇ ਮਾਮਲੇ ’ਚ ਲੋੜੀਂਦਾ ਅਮਰੀਕਾ ਵਾਸੀ ਭਾਰਤ-ਨਿਪਾਲ ਸਰਹੱਦ ਤੋਂ ਕਾਬੂ ਫ਼ਰਜ਼ੀ ਪਛਾਣ ਨਾਲ ਨਿਪਾਲ ’ਚ ਲੁਕਿਆ ਸੀ ਵਿਕਰਮਜੀਤ ਸਿੰਘ

ਅਜੀਤ ਡੈਸਕ 25-07-2026
ਅਜਨਾਲਾ, 24 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸਾਲ 2023 ਵਿਚ ਵਾਪਰੇ ਬਹੁ-ਚਰਚਿਤ ਅਜਨਾਲਾ ਥਾਣਾ ਹਮਲੇ ਦੇ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਅਤੇ ‘ਵਾਰਿਸ ਪੰਜਾਬ ਦੇ’ ਮੁਖੀ ਅਤੇ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਵਿਕਰਮਜੀਤ ਸਿੰਘ (ਰੂਪਨਗਰ) ਨੂੰ ਨਿਪਾਲ-ਭਾਰਤ ਸਰਹੱਦ ਤੋਂ ਉੱਤਰ ਪ੍ਰਦੇਸ਼ ਪੁਲਿਸ ਵਲੋਂ ਕਾਬੂ ਕੀਤੇ ਜਾਣ ਦੀ ਖ਼ਬਰ ਹੈ।ਜਾਣਕਾਰੀ ਅਨੁਸਾਰ ਅਜਨਾਲਾ ਪੁਲਿਸ ਦੀ ਟੀਮ ਜਲਦ ਹੀ ਉਸ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕਰਕੇ ਅਜਨਾਲਾ ਲਿਆਉਣ ਲਈ ਰਵਾਨਾ ਹੋਵੇਗੀ।ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵਾਸੀ ਵਿਕਰਮਜੀਤ ਸਿੰਘ ਇਕ ਹੋਰ ਵਿਅਕਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਇਨੋਵਾ ਗੱਡੀ ਰਾਹੀਂ ਨਿਪਾਲ ਤੋਂ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਹਿਰਾਈਚ ਯੂ.ਪੀ. ‘ਚ ਰੁਪੈਡੀਹਾ ਪੋਸਟ ਨੇੜੇ ਸਰਹੱਦ ’ਤੇ ਜਾਂਚ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਜਦ ਉਨ੍ਹਾਂ ਨੂੰ ਰੋਕ ਕੇ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਤਾਂ ਜਾਂਚ ਦੌਰਾਨ ਲੋੜੀਂਦੇ ਦਸਤਾਵੇਜ਼ ਨਾ ਮਿਲਣ ਕਾਰਨ ਸਾਰਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਹ ਵੀ ਪੱਤਾ ਲੱਗਾ ਹੈ ਕਿ ਵਿਕਰਮਜੀਤ ਸਿੰਘ ਕਥਿਤ ਤੌਰ ‘ਤੇ ਫ਼ਰਜ਼ੀ ਪਛਾਣ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਲੰਬੇ ਸਮੇਂ ਤੋਂ ਨਿਪਾਲ ਵਿਚ ਲੁਕਿਆ ਹੋਇਆ ਸੀ ਅਤੇ ਹੁਣ ਉਹ ਚੋਰ ਰਸਤਿਆਂ ਰਾਹੀਂ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਥੇ ਸੁਰੱਖਿਆ ਏਜੰਸੀਆਂ ਦੀ ਚੌਕਸੀ ਕਾਰਨ ਉਹ ਕਾਬੂ ਆ ਗਿਆ। ਉਧਰ ਅਜਨਾਲਾ ਥਾਣਾ ਹਮਲੇ ਦੇ ਮਾਮਲੇ ਵਿਚ ਨਾਮਜ਼ਦ ਹੋਣ ਕਰਕੇ ਅਜਨਾਲਾ ਪੁਲਿਸ ਵਿਕਰਮਜੀਤ ਸਿੰਘ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਸ ਤੋਂ ਪੁੱਛਗਿੱਛ ਦੌਰਾਨ ਮਾਮਲੇ ਨਾਲ ਜੁੜੇ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਦੇ ਸਾਬਕਾ ਡਾਇਰੈਕਟਰ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਕਲੀਨ ਚਿੱਟ ਮੁਅੱਤਲੀ ਦਾ ਸਮਾਂ ਡਿਊਟੀ ਮੰਨਿਆ ਜ... ਅਗਲੀ ਖ਼ਬਰ ਯੂਨੀਅਨ ਵਿਚ ਸ਼ਾਮਿਲ ਹੋਣ ਵਾਲੇ ਦੋ ਡਾਕਟਰ ਸਾਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।