ਪਟਨਾ, 25 ਅਕਤੂਬਰ (ਪੀ.ਟੀ.ਆਈ.)- ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਐਤਵਾਰ ਨੂੰ ਬਿਹਾਰ ਦੇ ਪਹਿਲੇ ਮੁੱਖ ਮੰਤਰੀ ਸ਼੍ਰੀਕ੍ਰਿਸ਼ਨ ਸਿੰਘ ਦੀ ਜਯੰਤੀ ਮੌਕੇ ਕਰਵਾਏ ਇੱਕ ਸਮਾਗਮ ਦੌਰਾਨ ਵਿਵਾਦ ਖੜ੍ਹਾ ਕਰ ਦਿੱਤਾ। ਇੱਥੇ ਇੱਕ ਦਰਸ਼ਕ ਨੇ ਟਿੱਪਣੀ ਕੀਤੀ ਸੀ ਕਿ ‘ਪ੍ਰਧਾਨ ਮੰਤਰੀ ਕਿਤੇ ਨਹੀਂ ਜਾਣਗੇ’, ਜਿਸ ਦੇ ਜਵਾਬ ਵਿੱਚ ਖੜਗੇ ਨੇ ਕਿਹਾ, ‘ਮੋਦੀ ਕਾ ਬਾਪ ਭੀ ਜਾਏਗਾ’। ਇਹ ਘਟਨਾ ਪਟਨਾ ਵਿਚ ਸ਼੍ਰੀ ਕ੍ਰਿਸ਼ਨ ਸਿੰਘ ਦੀ 139ਵੀਂ ਜਯੰਤੀ ਮਨਾਉਣ ਲਈ ਕਰਵਾਏ ਪ੍ਰੋਗਰਾਮ ਦੌਰਾਨ ਵਾਪਰੀ। ਸਿੰਘ ਇੱਕ ਉੱਘੇ ਸੁਤੰਤਰਤਾ ਸੈਨਾਨੀ ਸਨ।ਖੜਗੇ ਨੇ ਕਿਹਾ ਸੀ ਕਿ ਕਾਂਗਰਸ ਐਸ.ਆਈ.ਆਰ. ਪ੍ਰਕਿਰਿਆ ਵਿਚ ਕਥਿਤ ਬੇਨਿਯਮੀਆਂ ਕਰਨ ਵਾਲਿਆਂ ਨੂੰ ਜੇਲ੍ਹ ਭੇਜੇਗੀ। ਇਸ ‘ਤੇ ਦਰਸ਼ਕਾਂ ਵਿਚੋਂ ਇੱਕ ਵਿਅਕਤੀ ਨੇ ਕਿਹਾ, ‘ਜਦੋਂ ਤੱਕ ਕੋਈ ਬਗਾਵਤ ਨਹੀਂ ਹੁੰਦੀ, ਮੋਦੀ ਕਿਤੇ ਨਹੀਂ ਜਾਣਗੇ।’ ਇਸ ਦੇ ਜਵਾਬ ਵਿਚ ਕਾਂਗਰਸ ਪ੍ਰਧਾਨ ਨੇ ਕਿਹਾ, ‘ਮੋਦੀ ਕਾ ਬਾਪ ਭੀ ਜਾਏਗਾ’।ਬਿਹਾਰ ਵਿਚ ਐਨ.ਡੀ.ਏ. ਆਗੂਆਂ ਨੇ ਖੜਗੇ ਦੇ ਬਿਆਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ‘ਦੁਰਭਾਗਪੂਰਨ’ ਦੱਸਿਆ ਅਤੇ ਕਿਹਾ ਕਿ ਇਹ ‘ਕਾਂਗਰਸ ਦੀ ਨਿਰਾਸ਼ਾ ਅਤੇ ਸਿਆਸੀ ਮਰਿਆਦਾ ਦੀ ਘਾਟ ਨੂੰ ਦਰਸਾਉਂਦਾ ਹੈ’। ਬਿਹਾਰ ਭਾਜਪਾ ਪ੍ਰਧਾਨ ਸੰਜੇ ਸਰਾਓਗੀ ਨੇ ਇੱਕ ਬਿਆਨ ਵਿੱਚ ਕਿਹਾ, ‘ਪ੍ਰਧਾਨ ਮੰਤਰੀ ਵਿਰੁੱਧ ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਲੋਕਾਂ ਦੇ ਫਤਵੇ ਦਾ ਅਪਮਾਨ ਕਰਨ ਦੇ ਬਰਾਬਰ ਹੈ। ਖੜਗੇ ਉਸ ਸਕ੍ਰਿਪਟ ‘ਤੇ ਚੱਲ ਰਹੇ ਹਨ ਜੋ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਲਿਖੀ ਹੈ। ਮੋਦੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਅਪਮਾਨ ਕਰਨਾ ਕਾਂਗਰਸ ਦੀ ਪੁਰਾਣੀ ਆਦਤ ਰਹੀ ਹੈ।’ ਭਾਜਪਾ ਖੜਗੇ ਦੀਆਂ ਟਿੱਪਣੀਆਂ ਦੀ ਆਲੋਚਨਾ, ਕਿਹਾ, ਕਾਂਗਰਸ ਇੱਕ ‘ਮਾਫੀਆ’ ਵਾਂਗ ਨਵੀਂ ਦਿੱਲੀ, (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਅਪਮਾਨਜਨਕ ‘ਨਿੱਜੀ’ ਟਿੱਪਣੀਆਂ ਕਰਨ ਲਈ ਮਲਿਕਅਰਜੁਨ ਖੜਗੇ ’ਤੇ ਨਿਸ਼ਾਨਾ ਸਾਧਦੇ ਹੋਏ, ਭਾਜਪਾ ਨੇ ਐਤਵਾਰ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਅਜਿਹੀ ਭਾਸ਼ਾ ਵਰਤ ਰਹੇ ਹਨ ਜੋ ‘ਠੱਗਾਂ ਅਤੇ ਗੁੰਡਿਆਂ ਨਾਲ ਜੁੜੀ ਹੋਈ ਹੈ’। ਭਾਜਪਾ ਅਨੁਸਾਰ, ਇਹ ਉਨ੍ਹਾਂ ਦੀ ਪਾਰਟੀ ਦੇ ‘ਵਿਚਾਰਧਾਰਕ ਦੀਵਾਲੀਆਪਨ’ ਨੂੰ ਦਰਸਾਉਂਦਾ ਹੈ, ਜੋ ਹੁਣ ਇਕ ‘ਮਾਫੀਆ ਗੈਂਗ’ ਵਾਂਗ ਜਾਪਦੀ ਹੈ। ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਆਗੂ ਨਿਤਿਨ ਨਬੀਨ ਨੇ ਕਿਹਾ ਕਿ ਦੇਸ਼ ਦੇ ਲੋਕ ਇਸ ‘ਅਸ਼ਲੀਲ ਰਾਜਨੀਤੀ ਨੂੰ ਬਹੁਤ ਨੇੜਿਓਂ ਦੇਖ ਰਹੇ ਹਨ ਅਤੇ ਸਮਾਂ ਆਉਣ ’ਤੇ ਇਸ ਦਾ ਢੁਕਵਾਂ ਜਵਾਬ ਦੇਣਗੇ।’ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਖੜਗੇ ਨੇ ਅੱਜ ਪਟਨਾ ਵਿਚ ਮੋਦੀ ਜੀ ਦੇ ਪਿਤਾ ਬਾਰੇ ਅਸ਼ਲੀਲ ਟਿੱਪਣੀ ਕਰਕੇ ‘ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।’ ਭਾਜਪਾ ਅੱਜ ਕਰੇਗੀ ਦੇਸ਼ ਵਿਆਪੀ ਪ੍ਰਦਰਸ਼ਨ ਨਵੀਂ ਦਿੱਲੀ, (ਪੀ.ਟੀ.ਆਈ.)-ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਕੀਤੀਆਂ ਗਈਆਂ ‘ਇਤਰਾਜ਼ਯੋਗ’ ਟਿੱਪਣੀਆਂ ਦੇ ਵਿਰੋਧ ’ਚ ਸੋਮਵਾਰ ਨੂੰ ਦੇਸ਼ ਵਿਆਪੀ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਵਿਚ ਬਿਹਾਰ ਦੇ ਪਹਿਲੇ ਮੁੱਖ ਮੰਤਰੀ ਸ੍ਰੀਕ੍ਰਿਸ਼ਨ ਸਿੰਘ ਦੇ ਜਨਮਦਿਨ ਦੇ ਸੰਬੰਧ ’ਚ ਕਰਵਾਏ ਇਕ ਸਮਾਗਮ ਦੌਰਾਨ, ਜਦੋਂ ਇਕ ਹਾਜ਼ਰੀਨ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਕਿਤੇ ਨਹੀਂ ਜਾਣਗੇ’, ਤਾਂ ਇਸ ਦੇ ਜਵਾਬ ਵਿਚ ਖੜਗੇ ਨੇ ‘ਮੋਦੀ ਕਾ ਬਾਪ ਭੀ ਜਾਏਗਾ’ (ਮੋਦੀ ਦਾ ਬਾਪ ਵੀ ਜਾਵੇਗਾ) ਵਾਲੀ ਟਿੱਪਣੀ ਕਰਕੇ ਵਿਵਾਦ ਖੜ੍ਹਾ ਕਰ ਦਿੱਤਾ। ਭਾਜਪਾ ਨੇ ਇਕ ਬਿਆਨ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਰਗੀ ਪਿਤਾ ਬਾਰੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਵੱਲੋਂ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਦੇ ਵਿਰੋਧ ਵਿਚ, ਭਾਜਪਾ ਸੋਮਵਾਰ ਨੂੰ ਦੇਸ਼ ਭਰ ਵਿਚ ਸਾਰੇ ਰਾਜ ਮੁੱਖ ਦਫ਼ਤਰਾਂ ’ਤੇ ਜ਼ੋਰਦਾਰ ਪ੍ਰਦਰਸ਼ਨ ਕਰੇਗੀ। ਬਿਹਾਰ ’ਚ ਭਾਜਪਾ ਦੇ ਇਕ ਵਰਕਰ ਨੇ ਇਸ ਸੰਬੰਧੀ ਖੜਗੇ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।