ਭਾਰਤ-ਪਾਕਿਸਤਾਨ ਸੰਬੰਧ ਵੋਟਾਂ ਦਾ ਮੁੱਦਾ ਬਣ ਕੇ ਰਹਿ ਗਏ ਹਨ-ਜੱਜ
ਅੰਮ੍ਰਿਤਸਰ, 19 ਜੁਲਾਈ (ਹਰਮਿੰਦਰ ਸਿੰਘ)-ਭਾਰਤ ਅਤੇ ਪਾਕਿਸਤਾਨ ਦਰਮਿਆਨ ਪਾਣੀ ਦੀ ਵੰਡ ਨੂੰ ਲੈ ਕੇ 1960 ’ਚ ਹੋਏ ਸਮਝੌਤੇ ਨਾਲ ਛੇੜ ਛਾੜ ਨਹੀਂ ਕਰਨੀ ਚਾਹੀਦੀ, ਸਮਝੌਤੇ ਨੂੰ ਇੰਨ-ਬਿੰਨ ਲਾਗੂ ਰਹਿਣ ਦੇਣਾ ਚਾਹੀਦਾ। ਪਾਣੀ ਸੰਬੰਧੀ ਹੋਣ ਵਾਲੀ ਜੰਗ ਪ੍ਰਮਾਣੂੰ ਜੰਗ ਬਣ ਸਕਦੀ ਹੈ, ਜੋ ਦੋਵਾਂ ਮੁਲਕਾਂ ਲਈ ਖਤਰਨਾਕ ਸਿੱਧ ਹੋਵੇਗੀ। ਇਹ ਪ੍ਰਗਟਾਵਾ ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਵਲੋਂ ਕੀਤਾ ਗਿਆ। ਹਿੰਦ-ਪਾਕ ਦੋਸਤੀ ਲਈ ਤਿੰਨ ਦਹਾਕਿਆਂ ਤੋਂ ਯਤਨਸ਼ੀਲ ਸੰਸਥਾਵਾਂ ਹਿੰਦ-ਪਾਕਿ ਦੋਸਤੀ ਮੰਚ, ਸਾਫਮਾ ਅਤੇ ਫੋਕਲਰ ਰਿਸਰਚ ਅਕਾਦਮੀ ਵਲੋਂ ਆਪਣੀਆਂ ਹਮਖਿਆਲੀ ਸੰਸਥਾਵਾਂ ਦੇ ਨਾਲ ਮਿਲ ਕੇ ਹਰ ਸਾਲ ਕਰਵਾਏ ਜਾਂਦੇ 14 ਅਤੇ 15 ਅਗਸਤ ਦੀ ਦਰਮਿਆਨੀ ਰਾਤ ਨੂੰ ਹਿੰਦ ਪਾਕ ਦੋਸਤੀ ਮੇਲੇ ਦੀਆਂ ਤਿਆਰੀਆਂ ਸੰਬੰਧੀ ਵਿਰਸਾ ਵਿਹਾਰ ਅੰਮ੍ਰਿਤਸਰ ‘ਚ ਰੱਖੀ ਬੈਠਕ ‘ਚ ਮੁੱਖ ਤੌਰ ‘ਤੇ ਸ਼ਿਰਕਤ ਕਰਦੇ ਹੋਏ ਮਾਣਕ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ 95 ਫ਼ੀਸਦੀ ਲੋਕ ਆਪਸ ਵਿਚ ਦੋਸਤੀ ਚਾਹੁੰਦੇ ਹਨ ਪਰ ਸਰਕਾਰਾਂ ਵਲੋਂ ਖੜ੍ਹੇ ਕੀਤੇ ਗਏ ਸੰਗਠਨ ਇਸ ਦੇ ਵਿਰੋਧ ‘ਚ ਹਨ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਫੋਕਲੋਰ ਰਿਸਰਚ ਅਕਾਦਮੀ ਦੇ ਚੇਅਰਮੈਨ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਸੁਰਜੀਤ ਜੱਜ ਨੇ ਵੱਖ-ਵੱਖ ਮੁਲਕਾਂ ਦਰਮਿਆਨ ਚੱਲ ਰਹੀ ਜੰਗ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਰੁਝਾਨ ਵਿਸ਼ਵ ਭਰ ਦੇ ਲਈ ਖ਼ਤਰਨਾਕ ਹੈ। ਉਨ੍ਹਾਂ ਕਿਹਾ ਭਾਰਤ ਪਾਕਿਸਤਾਨ ਦੇ ਸੰਬੰਧਾਂ ਦਾ ਮੁੱਦਾ ਵੋਟਾਂ ਦਾ ਮੁੱਦਾ ਬਣ ਕੇ ਰਹਿ ਗਿਆ ਹੈ, ਜਿਸ ਨੂੰ ਸਰਕਾਰਾਂ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀਆਂ। ਇਸ ਤੋਂ ਪਹਿਲਾਂ ਰਮੇਸ਼ ਯਾਦਵ ਵਲੋਂ ਆਈਆਂ ਸ਼ਖਸੀਅਤਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਕਿਰਤੀ ਕਿਸਾਨ ਯੂਨੀਅਨ ਵਲੋਂ ਰਮਿੰਦਰ ਸਿੰਘ ਛੱਜਲਵਿੱਡੀ, ਕੌਮੀ ਕਿਸਾਨ ਸਭਾ ਵਲੋਂ ਗੁਰਜਿੰਦਰ ਸਿੰਘ ਬਘਿਆੜੀ, ਪੰਜਾਬ ਕਿਸਾਨ ਯੂਨੀਅਨ ਰੁਲਦੂ ਵਲੋਂ ਬਲਬੀਰ ਸਿੰਘ ਮੂਧਲ, ਡੈਮੋਕੇਟਿਵ ਟੀਚਰ ਫਰੰਟ ਵਲੋਂ ਅਸ਼ਵਨੀ ਅਵਸਥੀ, ਆਲ ਇੰਡੀਆ ਕਿਸਾਨ ਸਭਾ ਵਲੋਂ ਲਖਬੀਰ ਸਿੰਘ ਨਿਜਾਮਪੁਰਾ ਆਦਿ ਨੇ ਵੀ ਸੰਬੋਧਨ ਕੀਤਾ। ਸਮਾਗਮ ਦੇ ਅੰਤ ਵਿਚ ਕਰਮਜੀਤ ਕੌਰ ਜੱਸਲ ਵਲੋਂ ਆਈਆਂ ਸਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗਿਆਨੀ ਗਰਦੀਪ ਸਿੰਘ, ਬਲਜਿੰਦਰ ਸਿੰਘ ਪੰਧੇਰ, ਸਾਫਮਾ ਵਲੋਂ ਰਾਜਿੰਦਰ ਸਿੰਘ ਰੂਬੀ, ਮਨਿੰਦਰ ਸਿੰਘ ਮੌਂਗਾ, ਸੁਰਜੀਤ ਸਿੰਘ ਗੋਪੀਪੁਰ, ਡਾ: ਪ੍ਰਭਜੋਤ ਕੌਰ, ਕਮਲਜੀਤ ਗਿੱਲ, ਜਗਰੂਪ ਸਿੰਘ, ਹਰਜੀਤ ਸਿੰਘ ਸਰਕਾਰੀਆ, ਮਨਜੀਤ ਸਿੰਘ ਆਦਿ ਮੌਜੂਦ ਸਨ।
ਭਾਰਤ-ਪਾਕਿ ਦਰਮਿਆਨ 1960 ’ਚ ਹੋਏ ਸਮਝੌਤੇ ਨਾਲ ਛੇੜਛਾੜ ਨਾ ਕੀਤੀ ਜਾਵੇ-ਸਤਨਾਮ ਮਾਣਕ
ਅਜੀਤ ਡੈਸਕ
20-07-2026