ਅੰਮ੍ਰਿਤਸਰ, 19 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ ’ਚ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਨੌਲੱਖਾ ਬਾਜ਼ਾਰ ਸਥਿਤ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ ਨੂੰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਲਗਭਗ 6 ਸਾਲ ਪਹਿਲਾਂ ਸੀਲ ਕੀਤਾ ਗਿਆ ਸੀ, ਜਿਸ ਕਾਰਨ ਪਾਕਿ ’ਚ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਮਨਾਈ ਜਾ ਰਹੀ ਭਾਈ ਤਾਰੂ ਸਿੰਘ ਦੀ ਸ਼ਹੀਦੀ ਬਰਸੀ ਮੌਕੇ ਅੱਜ ਸਵੇਰੇ ਲਾਹੌਰ, ਸ੍ਰੀ ਨਨਕਾਣਾ ਸਾਹਿਬ ਅਤੇ ਪਿਸ਼ਾਵਰ ਤੋਂ ਸ਼ਹੀਦੀ ਅਸਥਾਨ ਵਿਖੇ ਪਹੁੰਚੀ ਸੰਗਤ ਨੂੰ ਸੜਕ ’ਤੇ ਖੜ੍ਹੇ ਹੋ ਕੇ ਹੀ ਅਰਦਾਸ ਕਰਨੀ ਪਈ।ਪਾਕਿ ਦੇ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਅਸਥਾਨ ਪਾਕਿਸਤਾਨੀ ਸਿੱਖਾਂ ਸਮੇਤ ਦੇਸ਼-ਵਿਦੇਸ਼ ਦੀ ਸੰਗਤ ਲਈ ਬੰਦ ਹੈ ਅਤੇ ਉਨ੍ਹਾਂ ਨੂੰ ਇਥੇ ਦਰਸ਼ਨਾਂ ਲਈ ਜਾਣ ਦੀ ਮਨਜ਼ੂਰੀ ਨਹੀਂ ਹੈ। ਇਸ ਨੂੰ ਲੈ ਕੇ ਪਾਕਿ ਸਿੱਖ ਸੰਗਤ ’ਚ ਭਾਰੀ ਰੋਸ ਬਣਿਆ ਹੋਇਆ ਹੈ ਅਤੇ ਉਨ੍ਹਾਂ ਸਾਫ਼ ਤੌਰ ’ਤੇ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੀ ਨਵਉਸਾਰੀ ’ਤੇ ਅਰਬਾਂ ਰੁਪਏ ਖ਼ਰਚਣ ਦੇ ਨਾਲ-ਨਾਲ ਪੁਰਾਣੇ ਇਤਿਹਾਸਕ ਗੁਰਦੁਆਰਿਆਂ ਅਤੇ ਖ਼ਾਸ ਤੌਰ ‘ਤੇ ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਦੀ ਸਮਾਧ ਨੂੰ ਵੀ ਕਬਜ਼ਾਮੁਕਤ ਕਰਵਾਏ। ਚਾਵਲਾ ਨੇ ਦੱਸਿਆ ਕਿ ਭਾਈ ਤਾਰੂ ਸਿੰਘ ਦੇ ਸ਼ਹੀਦੀ ਸਥਾਨ ਦੇ ਨਾਂਅ ਹਿੰਦੂ ਔਕਾਫ਼ ਵਲੋਂ ਲਗਾਈ 4-5 ਕਨਾਲ ਭੂਮੀ ਹਥਿਆਉਣ ਲਈ ਸੁਹੇਲ ਬੱਟ ਪੁੱਤਰ ਸਲਾਹੁਦੀਨ ਬੱਟ ਅਤੇ ਕੱਟੜਪੰਥੀ ਸਮੂਹ ਦਾਵਤ-ਏ-ਇਸਲਾਮੀ (ਬਰੇਲਵੀ) ਵਲੋਂ ਵਿਵਾਦ ਖੜ੍ਹਾ ਕਰਕੇ ਇਸ ਅਸਥਾਨ ਨੂੰ ਪੱਕੇ ਤੌਰ ‘ਤੇ ਸੀਲ ਕਰਵਾਇਆ ਗਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜਿਸ ਜ਼ਮੀਨ ’ਤੇ ਸ਼ਹੀਦੀ ਅਸਥਾਨ ਸਥਾਪਿਤ ਹੈ, ਉਹ ਸਾਰੀ ਭੂਮੀ ਹਜ਼ਰਤ ਪੀਰ ਸ਼ਾਹ ਕਾਕੂ ਚਿਸ਼ਤੀ ਦੀ ਮਜ਼ਾਰ ਦੀ ਹੈ। ਚਾਵਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਸ਼ਹੀਦੀ ਅਸਥਾਨ ਨੂੰ ਖੁਲ੍ਹਵਾਉਣ ਲਈ ਉਪਰਾਲੇ ਕੀਤੇ ਗਏ ਪਰ ਪਾਕਿ ਗੁਰਦੁਆਰਾ ਕਮੇਟੀ ਦੀ ਚੁੱਪ ਕਾਰਨ ਇਹ ਮਾਮਲਾ ਠੰਢੇ ਬਸਤੇ ’ਚ ਪੈ ਗਿਆ।
ਲਾਹੌਰ ’ਚ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਨਾ ਖੋਲ੍ਹਿਆ ਜਾਣ ਕਰਕੇ ਪਾਕਿ ਸਿੱਖਾਂ ਨੇ ਸੜਕ ’ਤੇ ਖੜ੍ਹੇ ਹੋ ਕੇ ਕੀਤੀ ਅਰਦਾਸ, ਸਿੱਖ ਭਾਈਚਾਰੇ ’ਚ ਪਾਕਿ ਸਰਕਾਰ ਖ਼ਿਲਾਫ਼ ਰੋਸ
ਅਜੀਤ ਡੈਸਕ
20-07-2026