ਸੈਂਸਰ ਸਰਟੀਫਿਕੇਟ ਜਾਰੀ ਕਰਨ ’ਚ ਦੇਰੀ ਦਾ ਦੋਸ਼
ਚੰਡੀਗੜ੍ਹ, 23 ਜੂਨ (ਸੰਦੀਪ ਕੁਮਾਰ ਮਾਹਨਾ) – ਪੰਜਾਬੀ ਫ਼ਿਲਮ ‘ਚੜ੍ਹਦੀਕਲਾ’ ਦੀ ਭਾਰਤ ਵਿਚ ਰਿਲੀਜ਼ ’ਚ ਹੋ ਰਹੀ ਦੇਰੀ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਫ਼ਿਲਮ ਨਿਰਮਾਤਾ ਕੰਪਨੀ ਮੈਡ 4 ਫਿਲਮਜ਼ ਨੇ ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ (ਸੀ.ਬੀ.ਐਫ.ਸੀ.) ਵਲੋਂ ਫ਼ਿਲਮ ਦੀ ਰਿਲੀਜ਼ ਲਈ ਲੁੜੀਂਦਾ ਸਰਟੀਫਿਕੇਟ ਜਾਰੀ ਕਰਨ ’ਚ ਕਥਿਤ ਦੇਰੀ ਖ਼ਿਲਾਫ਼ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਸੀ.ਬੀ.ਐਫ.ਸੀ., ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਸਮੇਤ ਹੋਰ ਸਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕਰਦੇ ਹੋਏ 1 ਜੁਲਾਈ ਤੱਕ ਆਪਣਾ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਪਟੀਸ਼ਨ ਵਿਚ ਨਿਰਮਾਤਾ ਕੰਪਨੀ ਨੇ ਦਲੀਲ ਦਿੱਤੀ ਹੈ ਕਿ ਫ਼ਿਲਮ 29 ਮਈ 2026 ਨੂੰ ਅੰਤਰਰਾਸ਼ਟਰੀ ਪੱਧਰ ’ਤੇ ਰਿਲੀਜ਼ ਹੋ ਚੁੱਕੀ ਹੈ। ਪਟੀਸ਼ਨਕਰਤਾ ਅਨੁਸਾਰ ਸੀ.ਬੀ.ਐਫ.ਸੀ. ਨੇ ਫ਼ਿਲਮ ਦੀ ਵਿਸ਼ਾ-ਵਸਤੂ ਸਬੰਧੀ ਕੁੱਝ ਇਤਰਾਜ਼ ਉਠਾਏ ਹਨ। ਬੋਰਡ ਦਾ ਕਹਿਣਾ ਹੈ ਕਿ ਫ਼ਿਲਮ ਦੇ ਕੁੱਝ ਪੱਖ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਅਸਰ ਪਾ ਸਕਦੇ ਹਨ । ਇਸ ਆਧਾਰ ’ਤੇ ਮਾਮਲੇ ਨੂੰ ਰਿਵਿਊ ਬੋਰਡ ਕੋਲ ਭੇਜਿਆ ਗਿਆ ਸੀ। ਹਾਲਾਂਕਿ ਨਿਰਮਾਤਾ ਪੱਖ ਦਾ ਦੋਸ਼ ਹੈ ਕਿ ਰਿਵਿਊ ਬੋਰਡ ਦੀ ਬੈਠਕ ਹੀ ਅਜੇ ਤੱਕ ਨਹੀਂ ਬੁਲਾਈ ਗਈ, ਜਿਸ ਕਾਰਨ ਫ਼ਿਲਮ ਦਾ ਪ੍ਰਮਾਣਨ ਲੰਬਿਤ ਪਿਆ ਹੈ।ਸੁਣਵਾਈ ਦੌਰਾਨ ਹਾਈ ਕੋਰਟ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਿਤ ਧਿਰਾਂ ਤੋਂ ਜਵਾਬ ਤਲਬ ਕੀਤਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 1 ਜੁਲਾਈ ਨੂੰ ਹੋਵੇਗੀ, ਜਦੋਂ ਸੀ.ਬੀ.ਐਫ.ਸੀ ਅਤੇ ਕੇਂਦਰ ਸਰਕਾਰ ਆਪਣਾ ਪੱਖ ਅਦਾਲਤ ਅੱਗੇ ਰੱਖਣਗੇ। ਜ਼ਿਕਰਯੋਗ ਹੈ ਕਿ ਫ਼ਿਲਮ ‘ਚੜ੍ਹਦੀਕਲਾ’ ਵਿਚ ਪ੍ਰਸਿੱਧ ਪੰਜਾਬੀ ਅਦਾਕਾਰ ਐਮੀ ਵਿਰਕ ਅਤੇ ਅਦਾਕਾਰਾ ਰੂਪੀ ਗਿੱਲ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਸਿੱਖ ਇਤਿਹਾਸ ਅਤੇ ਇਸ ਨਾਲ ਜੁੜੀ ਭਾਵਨਾਤਮਕ ਤੇ ਸੰਵੇਦਨਸ਼ੀਲ ਪਿਛੋਕੜ ’ਤੇ ਆਧਾਰਿਤ ਹੈ।
ਪੰਜਾਬੀ ਫ਼ਿਲਮ ‘ਚੜ੍ਹਦੀ ਕਲਾ’ ਦੀ ਰਿਲੀਜ਼ ’ਚ ਦੇਰੀ ਦਾ ਮਾਮਲਾ ਪੁੱਜਿਆ ਹਾਈ ਕੋਰਟ
ਅਜੀਤ ਡੈਸਕ
24-06-2026