ਮੰਡੀ ਗੋਬਿੰਦਗੜ੍ਹ, 23 ਜੂਨ (ਮੋਹਿਤ ਸਿੰਗਲਾ): ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰਿਆਂ ’ਤੇ ਪੈਣ ਵਾਲਾ ਮੀਂਹ ਦਾ ਪਾਣੀ ਹੁਣ ਬੇਕਾਰ ਨਹੀਂ ਰੁੜ੍ਹੇਗਾ । ਧਰਤੀ ਹੇਠਲੇ ਪਾਣੀ ਦੇ ਲਗਾਤਾਰ ਘਟ ਰਹੇ ਪੱਧਰ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ 13 ਸਾਲ ਪੁਰਾਣੇ ਨਿਯਮਾਂ ਵਿਚ ਮਹੱਤਵਪੂਰਨ ਤਕਨੀਕੀ ਤਬਦੀਲੀਆਂ ਕੀਤੀਆਂ ਹਨ । ਇਸ ਤਹਿਤ ਹਾਈਵੇਅਜ਼ ’ਤੇ ਬਣੇ ਰੇਨ ਵਾਟਰ ਹਾਰਵੈਸਟਿੰਗ ਸਿਸਟਮਾਂ ਨੂੰ ਆਧੁਨਿਕ ਬਣਾਇਆ ਜਾਵੇਗਾ, ਜਿਸ ਨਾਲ ਹਰ ਸਾਲ ਅਨੁਮਾਨਿਤ 924 ਅਰਬ ਲੀਟਰ ਵਰਖਾ ਦਾ ਪਾਣੀ ਸਿੱਧਾ ਧਰਤੀ ਹੇਠਲੇ ਜਲ ਭੰਡਾਰਾਂ ਤੱਕ ਪਹੁੰਚਾਇਆ ਜਾ ਸਕੇਗਾ । ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਮੁਤਾਬਕ ਮੌਜੂਦਾ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸਮੇਂ ਦੇ ਨਾਲ ਮਿੱਟੀ ਅਤੇ ਗਾਰ ਜਮ੍ਹਾ ਹੋਣ ਕਾਰਨ ਜਾਮ ਹੋ ਜਾਂਦੇ ਸਨ, ਜਿਸ ਨਾਲ ਉਨ੍ਹਾਂ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਸੀ । ਇਸ ਸਮੱਸਿਆ ਦੇ ਹੱਲ ਲਈ ਹੁਣ ਹਰ ਸੰਰਚਨਾ ਤੋਂ ਪਹਿਲਾਂ ਵਿਸ਼ੇਸ਼ ਸਿਲਟ ਟ੍ਰੈਪ ਜਾਂ ਗਾਰ ਕੱਢਣ ਵਾਲੇ ਟੈਂਕ ਬਣਾਉਣਾ ਲਾਜ਼ਮੀ ਕੀਤਾ ਗਿਆ ਹੈ । ਮੰਤਰਾਲੇ ਵਲੋਂ ਪਹਿਲੀ ਵਾਰ ਇਸ ਲਈ ਮਿਆਰੀ ਡਿਜ਼ਾਈਨ ਅਤੇ ਲੇ-ਆਊਟ ਵੀ ਜਾਰੀ ਕੀਤਾ ਗਿਆ ਹੈ । ਨਵੇਂ ਨਿਯਮ ਸਾਰੀਆਂ ਆਉਣ ਵਾਲੀਆਂ ਰਾਸ਼ਟਰੀ ਰਾਜਮਾਰਗ ਪਰਿਯੋਜਨਾਵਾਂ ’ਤੇ ਲਾਗੂ ਹੋਣਗੇ । ਵਿਸਤਾਰ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ.) ਤਿਆਰ ਕਰਦੇ ਸਮੇਂ ਹੀ ਵਰਖਾ ਜਲ ਸੰਭਾਲ ਸੰਰਚਨਾਵਾਂ ਦੇ ਸਥਾਨ ਨਿਰਧਾਰਤ ਕਰਨਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਪਹਿਲਾਂ ਹੀ ਮੁਕੰਮਲ ਹੋ ਚੁੱਕੀਆਂ ਪਰਿਯੋਜਨਾਵਾਂ ਵਿਚ ਵੀ ਲੋੜੀਂਦੇ ਬਦਲਾਅ ਕਰਕੇ ਪੁਰਾਣੇ ਸਿਸਟਮਾਂ ਨੂੰ ਨਵੀਂ ਤਕਨੀਕ ਅਨੁਸਾਰ ਅੱਪਗ੍ਰੇਡ ਕੀਤਾ ਜਾਵੇਗਾ ।
ਹਰ ਸਾਲ ਹਾਈਵੇਅਜ਼ ਰਾਹੀਂ 924 ਅਰਬ ਲੀਟਰ ਧਰਤੀ ਹੇਠਲਾ ਪਾਣੀ ਹੋਵੇਗਾ ਰੀਚਾਰਜ, 13 ਸਾਲ ਪੁਰਾਣੇ ਨਿਯਮਾਂ ਵਿਚ ਵੱਡਾ ਬਦਲਾਅ
ਅਜੀਤ ਡੈਸਕ
24-06-2026