ਹਰਕਵਲਜੀਤ ਸਿੰਘ
ਚੰਡੀਗੜ੍ਹ, 23 ਜੂਨ- ਪੰਜਾਬ ਕਾਂਗਰਸ ਦੀ ਕਮਾਨ ਕੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਜਾ ਰਹੀ ਹੈ। ਪੰਜਾਬ ਦੇ ਰਾਜਸੀ ਹਲਕਿਆਂ ਵਿਚ ਇਹ ਚਰਚਾ ਅੱਜ ਜ਼ੋਰਾਂ ’ਤੇ ਸੀ। ਪਾਰਟੀ ਦੇ ਜਿਨ੍ਹਾਂ ਸੀਨੀਅਰ ਆਗੂਆਂ ਨਾਲ ‘ਅਜੀਤ’ ਵਲੋਂ ਗੱਲਬਾਤ ਕੀਤੀ ਗਈ ਦਾ ਕਹਿਣਾ ਸੀ ਕਿ ਪਾਰਟੀ ਦਾ ਮੁੱਖ ਨਿਸ਼ਾਨਾ ਆਉਂਦੀਆਂ ਚੋਣਾਂ ਜਿੱਤਣਾ ਹੈ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਪਾਰਟੀ ਹਾਈਕਮਾਨ ਵਲੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਪਾਰਟੀ ਦੀ ਚੋਣ ਮੁਹਿੰਮ ਕਮੇਟੀ ਦੇ ਮੁਖੀ ਦੇ ਅਹੁਦਿਆਂ ਲਈ ਦੋ ਨਾਮ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਦੇ ਹੀ ਚੁਣੇ ਗਏ ਹਨ। ਜਿਨ੍ਹਾਂ ਵਿਚੋਂ ਇਕ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਦੂਸਰੇ ਨੂੰ ਪਾਰਟੀ ਦੀ ਚੋਣ ਮੁਹਿੰਮ ਕਮੇਟੀ ਦਾ ਮੁਖੀ ਬਣਾਇਆ ਜਾਣਾ ਹੈ। ਦੱਸਿਆ ਜਾ ਰਿਹਾ ਹੈ ਕਿ ਸ. ਚੰਨੀ ਕਿਉਂਕਿ ਚੋਣ ਮੁਹਿੰਮ ਕਮੇਟੀ ਦੇ ਮੁਖੀ ਦੀ ਥਾਂ ਪ੍ਰਧਾਨ ਪ੍ਰਦੇਸ਼ ਕਾਂਗਰਸ ਲਈ ਦਿਲਚਸਪੀ ਵਿਖਾ ਰਹੇ ਹਨ, ਸੰਭਵ ਹੈ ਕਿ ਹਾਈਕਮਾਨ ਵਲੋਂ ਉਨ੍ਹਾਂ ਨੂੰ ਹੀ ਪ੍ਰਦੇਸ਼ ਕਾਂਗਰਸ ਦਾ ਮੁਖੀ ਥਾਪ ਦਿੱਤਾ ਜਾਵੇ। ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਜੋ ਪੰਜਾਬ ਦੇ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਿਆਂ ਬਾਅਦ ਬੀਤੇ ਕੱਲ੍ਹ ਵਿਦੇਸ਼ ਚਲੇ ਗਏ ਸਨ, ਵਲੋਂ ਪੰਜਾਬ ਕਾਂਗਰਸ ਦੇ ਰੱਦੋਬਦਲ ਸਬੰਧੀ ਹਾਈਕਮਾਨ ਨਾਲ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ। ਬੀਤੇ ਦਿਨਾਂ ਵਿਚ ਚਰਚਾ ਇਹ ਵੀ ਰਹੀ ਕਿ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਨੂੰ ਪਾਰਟੀ ਚੋਣ ਮੁਹਿੰਮ ਕਮੇਟੀ ਦਾ ਮੁਖੀ ਥਾਪ ਕੇ ਵਿਜੇ ਇੰਦਰ ਸਿੰਗਲਾ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਵੀ ਥਾਪ ਸਕਦੀ ਹੈ ਲੇਕਿਨ ਹੁਣ ਇਸ ਦੀਆਂ ਸੰਭਾਵਨਾਵਾਂ ਕਾਫੀ ਮੱਧਮ ਨਜ਼ਰ ਆ ਰਹੀਆਂ ਹਨ। ਵਿਜੇਇੰਦਰ ਸਿੰਗਲਾ ਕਾਂਗਰਸ ਹਲਕਿਆਂ ਵਿਚ ਰਾਹੁਲ ਗਾਂਧੀ ਦੇ ਕਾਫੀ ਨੇੜੇ ਸਮਝੇ ਜਾਂਦੇ ਹਨ ਅਤੇ ਰਾਹੁਲ ਗਾਂਧੀ ਉਨ੍ਹਾਂ ਨੂੰ ਕਾਫ਼ੀ ਪਸੰਦ ਕਰਦੇ ਹਨ। ਲੇਕਿਨ ਰਾਜਸੀ ਹਲਕਿਆਂ ਵਿਚ ਇਹ ਚਰਚਾ ਹੈ ਕਿ ਕਾਂਗਰਸ ਦਾ ਜਥੇਬੰਦਕ ਢਾਂਚੇ ਦਾ ਪੁਨਰਗਠਨ ਲਗਾਤਾਰ ਲਟਕਣ ਕਾਰਨ ਪਾਰਟੀ ਦੂਜੀਆਂ ਸਿਆਸੀ ਧਿਰਾਂ ਮੁਕਾਬਲੇ ਕੁਝ ਪੱਛੜੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਦੂਜੀਆਂ ਪਾਰਟੀਆਂ ਪੂਰੇ ਜ਼ੋਰ ਨਾਲ ਚੋਣ ਪ੍ਰਚਾਰ ਲਈ ਕੁੱਦ ਪਈਆਂ ਹਨ । ਇਹ ਵੀ ਸਮਝਿਆ ਜਾ ਰਿਹਾ ਹੈ ਕਿ ਕਾਂਗਰਸ ਵਿਚਲੀ ਅੰਦਰੂਨੀ ਧੜੇਬੰਦੀ ਅਤੇ ਪਾਰਟੀ ਦੀ ਕਮਾਨ ’ਤੇ ਕਬਜ਼ੇ ਲਈ ਜਿਵੇਂ ਸੀਨੀਅਰ ਆਗੂਆਂ ਦਰਮਿਆਨ ਕਾਫੀ ਖਹਿਬਾਜ਼ੀ ਨਜ਼ਰ ਆ ਰਹੀ ਸੀ, ਪਾਰਟੀ ਹਾਈਕਮਾਨ ਉਸ ਨੂੰ ਲੈ ਕੇ ਕਾਫੀ ਚਿੰਤਤ ਸੀ । ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵਲੋਂ ਕੁਝ ਦਿਨ ਪਹਿਲਾਂ ਦਿੱਲੀ ਵਿਖੇ ਪੰਜਾਬ ਦੇ ਆਗੂਆਂ ਨਾਲ ਇਕ ਮੀਟਿੰਗ ਦੌਰਾਨ ਜਿਵੇਂ ਇਹ ਜ਼ਿਕਰ ਕੀਤਾ ਕਿ ਆਉਂਦੇ ਦਿਨਾਂ ਦੌਰਾਨ ਕੁਝ ਸੀਨੀਅਰ ਕਾਂਗਰਸ ਤੇ ਅਕਾਲੀ ਲੀਡਰ ਵੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ, ਕਾਂਗਰਸ ਹਾਈਕਮਾਨ ਲਈ ਇਹ ਵੀ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਕਿਉਂਕਿ ਇਸ ਮੌਕੇ ਕਾਂਗਰਸ ਦੇ ਕਿਸੇ ਸੀਨੀਅਰ ਆਗੂ ਦਾ ਭਾਰਤੀ ਜਨਤਾ ਪਾਰਟੀ ਵੱਲ ਜਾਣ ਦਾ ਪਾਰਟੀ ਦੇ ਮਨੋਬਲ ਨੂੰ ਡੇਗਣ ਵਾਲਾ ਕਦਮ ਸਾਬਤ ਹੋਣਾ ਸੀ । ਇਸੇ ਕਾਰਨ ਕਾਂਗਰਸ ਹਾਈਕਮਾਨ ਕੋਈ ਅਜਿਹਾ ਕਦਮ ਨਹੀਂ ਚੁੱਕ ਰਹੀ ਜਿਸ ਨਾਲ ਪਾਰਟੀ ਵਿਚ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਪੈਦਾ ਹੋਵੇ। ਪਾਰਟੀ ਹਾਈਕਮਾਨ ਵਲੋਂ ਜਥੇਬੰਦਕ ਢਾਂਚੇ ਦਾ ਪੁਨਰਗਠਨ ਵੀ ਉਕਤ ਗੱਲਾਂ ਨੂੰ ਮੁੱਖ ਰੱਖ ਕੇ ਹੀ ਹੋ ਰਿਹਾ ਹੈ। ਲੇਕਿਨ ਦੱਸਿਆ ਜਾ ਰਿਹਾ ਹੈ ਕਿ ਹਾਈਕਮਾਨ ਵਲੋਂ ਰੱਦੋਬਦਲ ਦਾ ਐਲਾਨ ਕਦੀ ਵੀ ਹੋ ਸਕਦਾ ਹੈ ਕਿਉਂਕਿ ਸੀਨੀਅਰ ਆਗੂਆਂ ਨੂੰ ਹੁਣ ਭਰੋਸੇ ਵਿਚ ਲੈ ਲਿਆ ਗਿਆ ਹੈ।
ਕੀ ਚੰਨੀ ਨੂੰ ਮਿਲ ਸਕਦੀ ਹੈ ਪੰਜਾਬ ਕਾਂਗਰਸ ਦੀ ਕਮਾਨ, ਹਾਈਕਮਾਨ ਵਲੋਂ ਸੀਨੀਅਰ ਆਗੂਆਂ ਨੂੰ ਭਰੋਸੇ ’ਚ ਰੱਖਦਿਆਂ ਰੱਦੋਬਦਲ ਕਰਨ ਦੀ ਕੋਸ਼ਿਸ਼
ਅਜੀਤ ਡੈਸਕ
24-06-2026