15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਸੁਖਜਿੰਦਰ ਸਿੰਘ ਰੰਧਾਵਾ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਥਾਪਣ ਸਬੰਧੀ ਫ਼ਰਜ਼ੀ ਪੱਤਰ ਨੇ ਮਚਾਇਆ ਹੜਕੰਪ

ਅਜੀਤ ਡੈਸਕ 22-06-2026

ਰਾਹੁਲ ਵਲੋਂ ਦਿੱਲੀ ਵਿਖੇ ਸੂਬੇ ਦੇ 5 ਸੀਨੀਅਰ ਆਗੂਆਂ ਦੇ ਸੁਣੇ ਗਏ ਵਿਚਾਰ
ਚੰਡੀਗੜ੍ਹ, 21 ਜੂਨ (ਬਿਊਰੋ ਚੀਫ਼) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਪਾਰਟੀ ਹਾਈਕਮਾਨ ਵਲੋਂ ਕੀਤੇ ਜਾ ਰਹੇ ਵਿਚਾਰ ਵਟਾਂਦਰਿਆਂ ਬਾਅਦ ਅੱਜ ਬਾਅਦ ਦੁਪਹਿਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਦੇ ਦਸਤਖ਼ਤਾਂ ਵਾਲੇ ਇਕ ਪੱਤਰ ਜਿਸ ਵਿਚ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ, ਨੇ ਰਾਜ ਦੇ ਸਿਆਸੀ ਹਲਕਿਆਂ ਵਿਚ ਕਾਫੀ ਹੜਕੰਪ ਮਚਾਇਆ। ਜਦੋਂ ਕਿ ਬਾਅਦ ਵਿਚ ਸਪੱਸ਼ਟ ਹੋਇਆ ਕਿ ਇਹ ਪੱਤਰ ਫਰਜ਼ੀ ਹੈ। ਸੁਖਜਿੰਦਰ ਸਿੰਘ ਰੰਧਾਵਾ ਵਲੋਂ ਖੁੱਦ ਵੀ ਇਸ ਨਿਯੁਕਤੀ ਪੱਤਰ ਦੇ ਫਰਜ਼ੀ ਹੋਣ ਸਬੰਧੀ ਤੁਰੰਤ ਬਿਆਨ ਜਾਰੀ ਕੀਤਾ ਗਿਆ। ਲੇਕਿਨ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਵਲੋਂ ਅੱਜ ਸਵੇਰੇ ਦਿੱਲੀ ਵਿਖੇ ਸੱਦੇ ਹੋਏ ਪੰਜਾਬ ਦੇ ਸੀਨੀਅਰ ਆਗੂਆਂ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇਇੰਦਰ ਸਿੰਘ ਸਿੰਗਲਾ ਨਾਲ ਵੱਖ ਵੱਖ ਗੱਲਬਾਤ ਕੀਤੀ ਗਈ ਅਤੇ ਚੋਣਾਂ ਤੋਂ ਪਹਿਲਾਂ ਪ੍ਰਦੇਸ਼ ਕਾਂਗਰਸ ਦੇ ਪੁਨਰਗਠਨ ਸਬੰਧੀ ਉਨ੍ਹਾਂ ਦੇ ਵਿਚਾਰ ਲਏ ਗਏ। ਉੱਚ ਕਾਂਗਰਸ ਸੂਤਰਾਂ ਦਾ ਦੱਸਣਾ ਹੈ ਕਿ ਪਾਰਟੀ ਹਾਈਕਮਾਨ ਪ੍ਰਦੇਸ਼ ਕਾਂਗਰਸ ਪ੍ਰਧਾਨ, ਵਿਰੋਧੀ ਧਿਰ ਦੇ ਨੇਤਾ ਅਤੇ ਪਾਰਟੀ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਦੇ ਅਹੁਦਿਆਂ ’ਚੋਂ ਜੱਟ ਸਿੱਖ, ਦਲਿਤ ਤੇ ਹਿੰਦੂ ਨੇਤਾਵਾਂ ਨੂੰ ਬਰਾਬਰ ਨੁਮਾਇੰਦਗੀ ਦੇਣਾ ਚਾਹੁੰਦੀ ਹੈ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਕੰਮ ਕਰ ਰਹੇ ਹਨ ਅਤੇ ਅਗਰ ਪਾਰਟੀ ਪ੍ਰਦੇਸ਼ ਕਾਂਗਰਸ ਪ੍ਰਧਾਨ ਸਬੰਧੀ ਕੋਈ ਤਬਦੀਲੀ ਕਰਨ ਦਾ ਫੈਸਲਾ ਲੈਂਦੀ ਹੈ ਤਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਚੋਣ ਮੁਹਿੰਮ ਕਮੇਟੀ ਲਈ ਚਰਨਜੀਤ ਸਿੰਘ ਚੰਨੀ ਤੇ ਵਿਜੇਇੰਦਰ ਸਿੰਘ ਸਿੰਗਲਾ ਨੂੰ ਹੀ ਇਨ੍ਹਾਂ ਦੋਵਾਂ ਅਹਿਮ ਅਹੁਦਿਆਂ ਲਈ ਚੁਣਿਆ ਜਾ ਸਕਦਾ ਹੈ। ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਦਾ ਮਾਮਲਾ ਲਗਾਤਾਰ ਲਟਕਣ ਕਾਰਨ ਪੰਜਾਬ ਵਿਚ ਕਾਂਗਰਸ ਚੋਣ ਮੁਹਿੰਮ ਪੱਖੋਂ ਦੂਜੀਆਂ ਪਾਰਟੀਆਂ ਤੋਂ ਫਾਡੀ ਨਜ਼ਰ ਆ ਰਹੀ ਹੈ, ਲੇਕਿਨ ਹਾਈਕਮਾਨ ਵਲੋਂ ਹੁਣ ਇਸ ਸਬੰਧੀ ਫੈਸਲਾ ਆਉਂਦੇ 2-3 ਦਿਨਾਂ ਵਿਚ ਹੋ ਜਾਣ ਦੀ ਸੰਭਾਵਨਾ ਹੈ।
ਰੰਧਾਵਾ ਵਲੋਂ ਕਾਰਵਾਈ ਦੀ ਮੰਗ
ਚੰਡੀਗੜ੍ਹ, 21 ਜੂਨ (ਵਿਕਰਮਜੀਤ ਸਿੰਘ ਮਾਨ) - ਅੱਜ ਪੰਜਾਬ ਦੇ ਇਕ ਹਿੱਸੇ ਵਿਚ ਕਿਸੇ ਸ਼ਰਾਰਤੀ ਅਨਸਰ ਵਲੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂਅ ’ਤੇ ਏ.ਆਈ.ਸੀ.ਸੀ. ਵਲੋਂ ਇਕ ਜਾਅਲੀ ਪੱਤਰ ਤਿਆਰ ਕਰਕੇ ਵਾਇਰਲ ਕਰ ਦਿੱਤਾ ਗਿਆ ਜਿਸ ਮਗਰੋਂ ਸਿਆਸੀ ਹਲਕਿਆਂ ਵਿਚ ਚਰਚਾ ਸ਼ੁਰੂ ਹੋ ਗਈ। ਇਸ ਮਗਰੋਂ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਡੀ.ਜੀ.ਪੀ. ਪੰਜਾਬ ਨੂੰ ਪੱਤਰ ਲਿਖ ਕੇ ਜਾਅਲੀ ਏ.ਆਈ.ਸੀ.ਸੀ. ਪੱਤਰ ਅਤੇ ਫੇਕ ਨਿਊਜ਼ ਦੇ ਮਾਮਲੇ ਵਿਚ ਤੁਰੰਤ ਪਰਚਾ ਦਰਜ ਕਰਨ, ਦੋਸ਼ੀਆਂ ਦੀ ਪਛਾਣ ਕਰਨ ਅਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਮਾਮਲੇ ਵਿਚ ਟਵੀਟ ਕਰਦਿਆਂ ਲਿਖਿਆ ਕਿ ਇਹ ਸਿਰਫ਼ ਮੇਰੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ, ਸਗੋਂ ਲੋਕਾਂ ਅਤੇ ਕਾਂਗਰਸ ਵਰਕਰਾਂ ਨੂੰ ਗੁੰਮਰਾਹ ਕਰਨ ਦੀ ਇਕ ਸੋਚੀ-ਸਮਝੀ ਸਾਜ਼ਿਸ਼ ਹੈ। ਮੈਂ ਇਸ ਪੂਰੇ ਮਾਮਲੇ ਦੀ ਸਾਇਬਰ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਉਣ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ ਕਿ ਲੋਕਤੰਤਰ ਵਿਚ ਫਰਜ਼ੀ ਦਸਤਾਵੇਜ਼ਾਂ ਅਤੇ ਝੂਠੇ ਪ੍ਰਚਾਰ ਲਈ ਕੋਈ ਥਾਂ ਨਹੀਂ ਹੋ ਸਕਦੀ।

ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਟਰਾਈਡੈਂਟ ਗਰੁੱਪ ਵਲੋਂ ਸਿਹਤਮੰਦ ਜੀਵਨ ਸ਼ੈਲੀ ਦਾ ਸੰਦੇਸ਼ ਅਗਲੀ ਖ਼ਬਰ ਯੋਗ ਕੇਂਦਰ ਵਲੋਂ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਮਨਾਇਆ ਯੋਗ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।