15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪੰਜਾਬੀ ਕਵੀ ਸੁਰਜੀਤ ਰਾਮਪੁਰੀ ਜਨਮ-ਸ਼ਤਾਬਦੀ ਸਾਲ ਦਾ ਆਰੰਭ

ਅਜੀਤ ਡੈਸਕ 13-06-2026

ਲੁਧਿਆਣਾ, 12 ਜੂਨ (ਜਸਵੀਰ ਸਿੰਘ ਬੰਗਾ)-ਵਿਸ਼ਵ ਅਮਨ ਲਹਿਰ ਦੇ ਸਿਰਕੱਢ ਪੰਜਾਬੀ ਕਵੀ ਸੁਰਜੀਤ ਰਾਮਪੁਰੀ ਜਨਮ ਸ਼ਤਾਬਦੀ ਸਾਲ ਦਾ ਆਰੰਭ ਕਰਦਿਆਂ ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਾਂਝੇ ਉੱਦਮ ਨਾਲ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ. ਸਿੰਘ ਨੇ ਕਿਹਾ ਕਿ ਵਿਸ਼ਵ ਅਮਨ ਦੀ ਸਲਾਮਤੀ ਲਈ ਪੰਜਾਬੀ ਕਲਮਕਾਰਾਂ ਨੂੰ ਮੁੜ ਲਾਮਬੰਦ ਹੋਣ ਦੀ ਲੋੜ ਹੈ | ਸੁਰਜੀਤ ਰਾਮਪੁਰੀ, ਪ੍ਰੋ. ਮੋਹਨ ਸਿੰਘ, ਅਜਾਇਬ ਚਿੱਤਰਕਾਰ, ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ ਤੇ ਪਿਆਰਾ ਸਿੰਘ ਸਹਿਰਾਈ ਵਰਗੇ ਲੇਖਕਾਂ ਨੂੰ ਸਾਡੀ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਹਰ ਜੰਗਬਾਜ਼ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇ | ਇਸ ਮੌਕੇ ਉਨ੍ਹਾਂ ਡਾ. ਲਖਵਿੰਦਰ ਸਿੰਘ ਜੌਹਲ ਦੀ ਸੰਪਾਦਨਾ ਹੇਠ ਛਪਦੇ ਮੈਗਜ਼ੀਨ 'ਕਾਵਿ ਲੋਕ' ਦਾ 'ਸੁਰਜੀਤ ਰਾਮਪੁਰੀ ਵਿਸ਼ੇਸ਼ ਅੰਕ' ਪ੍ਰੋ. ਜਗਮੋਹਨ ਸਿੰਘ (ਸ਼ਹੀਦ ਭਗਤ ਸਿੰਘ ਦੇ ਭਣੇਵੇਂ), ਪ੍ਰੋ. ਗੁਰਭਜਨ ਸਿੰਘ ਗਿੱਲ, ਹਰਸ਼ਰਨ ਸਿੰਘ ਨਰੂਲਾ ਤੇ ਪਿ੍ੰਸੀਪਲ ਡਾ. ਰਾਜਿੰਦਰ ਕੌਰ ਮਲਹੋਤਰਾ ਦੇ ਨਾਲ ਲੋਕ ਅਰਪਣ ਕੀਤਾ | ਕਾਵਿ ਲੋਕ ਦੇ ਇਸ ਵਿਸ਼ੇਸ਼ ਅੰਕ ਨੂੰ ਸੁਰਿੰਦਰ ਰਾਮਪੁਰੀ ਨੇ ਸੰਪਾਦਿਤ ਕੀਤਾ ਹੈ | ਇਸ ਮੌਕੇ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਉਹ 1960-61 ਵਿਚ ਲਿਖਾਰੀ ਸਭਾ ਰਾਮਪੁਰ ਦੀਆਂ ਮਿਲਣੀਆਂ ਵਿਚ ਲਗਾਤਾਰ ਸ਼ਾਮਿਲ ਹੋ ਕੇ ਲੇਖਕਾਂ ਦੀ ਜਥੇਬੰਦਕ ਸ਼ਕਤੀ ਨੂੰ ਵੇਖਦੇ ਰਹੇ ਹਨ | ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅੱਜ ਕਾਵਿ ਲੋਕ ਦੇ ਸੁਰਜੀਤ ਰਾਮਪੁਰੀ ਵਿਸ਼ੇਸ਼ ਅੰਕ ਦੇ ਬਹਾਨੇ ਅਸੀਂ ਵਿਚਾਰਨਾ ਹੈ ਕਿ ਪੁਰਖਿਆਂ ਪ੍ਰਤੀ ਸਾਡੀ ਪਹੁੰਚ ਕਿੰਨੀ ਕੁ ਜ਼ੰੁਮੇਵਾਰੀ ਵਾਲੀ ਹੈ | ਡਾ. ਲਖਵਿੰਦਰ ਜੌਹਲ ਤੇ ਸੁਰਿੰਦਰ ਰਾਮਪੁਰੀ ਨੇ ਪਹਿਲਕਦਮੀ ਕਰਕੇ ਸਾਨੂੰ ਵੀ ਜਗਾਇਆ ਹੈ | ਇਸ ਸਮਾਗਮ ਵਿਚ ਡਾ. ਲਖਵਿੰਦਰ ਸਿੰਘ ਜੌਹਲ ਅਤੇ ਸੁਰਿੰਦਰ ਰਾਮਪੁਰੀ ਨੇ ਵੀ ਸੁਰਜੀਤ ਰਾਮਪੁਰੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਮੰਚ ਸੰਚਾਲਨ ਡਾ. ਮਨਦੀਪ ਕੌਰ ਰੰਧਾਵਾ ਨੇ ਕੀਤਾ ਜਦ ਕਿ ਤ੍ਰੈਲੋਚਨ ਲੋਚੀ ਤੇ ਗੁਰਸੇਵਕ ਸਿੰਘ ਢਿੱਲੋਂ ਦੀਆਂ ਰਚਨਾਵਾਂ ਨੂੰ ਤਰੰਨਮ ਵਿਚ ਸੁਣਾ ਕੇ ਮਾਹੌਲ ਸੁਰੀਲਾ ਕਰ ਦਿੱਤਾ | ਸਮਾਗਮ 'ਚ ਗੁਰਦਿਆਲ ਸਿੰਘ, ਤੇਲੂ ਰਾਮ ਕੋਹਾੜਾ, ਦੀਪ ਦਿਲਬਰ, ਸਤੀਸ਼ ਗੁਲੀਟੀ, ਰਾਜਦੀਪ ਤੂਰ, ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ, ਲਿਖਾਰੀ ਸਭਾ ਰਾਮਪੁਰ ਦੇ ਸਾਬਕਾ ਪ੍ਰਧਾਨ, ਅਨਿਲ ਫ਼ਤਿਹਗੜ੍ਹ ਜੱਟਾਂ, ਗੁਰਸੇਵਕ ਸਿੰਘ ਢਿੱਲੋਂ ਤਰਨ ਸਿੰਘ ਬੱਲ, ਅਜਾਇਬ ਚਿੱਤਰਕਾਰ ਦੇ ਸਪੁੱਤਰ ਸੁਖਪਾਲ ਸਿੰਘ, ਪਿ੍ੰਸੀਪਲ ਪਰਮਜੀਤ ਸਿੰਘ ਗਰੇਵਾਲ, ਮਨਦੀਪ ਕੌਰ ਭਮਰਾ, ਪ੍ਰੋ. ਅਮਨਜੀਤ ਕੌਰ, ਦੀਪ ਜਗਦੀਪ ਸਿੰਘ, ਪ੍ਰੋ. ਮਨੀਸ਼ਾ ਸ਼ਰਮਾ, ਨਵਨੀਤ ਸਿੰਘ ਸੇਖਾ, ਅਵਤਾਰ ਸਿੰਘ, ਰਾਜਿੰਦਰ ਸਿੰਘ ਸੰਧੂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੁੱਕਾ ਦੇ ਵਫ਼ਦ ਵਲੋਂ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਮੁਲਾਕਾਤ <br/> ਅਗਲੀ ਖ਼ਬਰ ਪਹਿਲੀ ਪਤਨੀ ਦੇ ਹੁੰਦਿਆਂ ਕਰਵਾਇਆ ਦੂਜਾ ਵਿਆਹ, ਪਰਿਵਾਰਕ ਪੈਨਸ਼ਨ 'ਤੇ ਨਹੀਂ ਬਣਦਾ ਹੱਕ-ਹਾਈ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।