ਜਲੰਧਰ, 3 ਜੂਨ (ਜਸਪਾਲ ਸਿੰਘ)-ਅਨਾਜ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਨਾ ਹੋਣ ਅਤੇ ਗੋਦਾਮਾਂ ਦੀ ਘਾਟ ਕਾਰਨ ਹਰ ਸਾਲ ਕਰੀਬ 12 ਤੋਂ 16 ਮਿਲੀਅਨ ਟਨ ਅਨਾਜ ਖਰਾਬ ਹੁੰਦਾ ਹੈ ਤੇ ਭਾਰਤ ਵਰਗੇ ਮੁਲਕ 'ਚ ਜਿੱਥੇ ਭਾਰੀ ਮਾਤਰਾ 'ਚ ਸਰਕਾਰ ਵਲੋਂ ਕਿਸਾਨਾਂ ਤੋਂ ਅਨਾਜ ਦੀ ਖਰੀਦ ਕੀਤੀ ਜਾਂਦੀ ਹੈ ਤੇ 80 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਭੋਜਨ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਉੱਥੇ ਅਨਾਜ ਦੇ ਨੁਕਸਾਨ ਨੂੰ ਘਟਾਉਣਾ ਅਤੇ ਭੋਜਨ ਦੀ ਸੁਰੱਖਿਆ ਯਕੀਨੀ ਬਣਾਉਣੀ ਬੇਹੱਦ ਜ਼ਰੂਰੀ ਹੋ ਜਾਂਦੀ ਹੈ | ਜਿਸ ਲਈ ਭਾਰਤੀ ਖੁਰਾਕ ਨਿਗਮ (ਐਫ. ਸੀ. ਆਈ.) ਨੇ ਅਨਾਜ ਦੀ ਸਾਂਭ-ਸੰਭਾਲ ਲਈ ਦੇਸ਼ ਵਿਆਪੀ ਆਧੁਨਿਕ ਸਟੀਲ ਸਾਈਲੋਜ਼ ਦੀ ਸ਼ੁਰੂਆਤ ਕਰਕੇ ਅਨਾਜ ਸੁਰੱਖਿਆ ਸੰਬੰਧੀ ਇਕ ਵੱਡਾ ਕਦਮ ਚੁੱਕਿਆ ਹੈ | ਇਹ ਸਾਈਲੋ ਪ੍ਰੋਗਰਾਮ ਰਵਾਇਤੀ ਗੋਦਾਮਾਂ ਅਤੇ ਅਨਾਜ ਭੰਡਾਰਨ ਦੇ ਤਰੀਕਿਆਂ ਤੋਂ ਬਿਲਕੁੱਲ ਵੱਖਰਾ ਤੇ ਅਤਿ ਆਧੁਨਿਕ ਤਕਨਾਲੋਜੀ ਨਾਲ ਜੁੜਿਆ ਇਕ ਵਿਗਿਆਨਕ ਪ੍ਰੋਗਰਾਮ ਹੈ | ਇਹ ਸਾਈਲੋਜ਼ ਜਿੱਥੇ ਅਨਾਜ ਦੀ ਗੁਣਵੱਤਾ ਨੂੰ ਸੁਰੱਖਿਅਤ ਰੱਖਦੇ ਹਨ, ਉੱਥੇ ਨੁਕਸਾਨ ਨੂੰ ਵੀ ਘਟਾਉਣ 'ਚ ਆਪਣਾ ਯੋਗਦਾਨ ਪਾਉਂਦੇ ਹਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਰਵਾਇਤੀ ਗੋਦਾਮਾਂ ਦੇ ਮੁਕਾਬਲੇ ਇਨ੍ਹਾਂ ਸਾਈਲੋਜ਼ 'ਚ ਨਮੀ ਨਿਯੰਤਰਣ ਪ੍ਰਣਾਲੀਆਂ, ਹਵਾਬਾਜ਼ੀ ਸਹੂਲਤਾਂ, ਸਵੈ ਚਾਲਤ (ਆਟੋਮੈਟਿਕ) ਪ੍ਰਬੰਧਨ ਵਸਤੂਆਂ ਅਤੇ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ | ਇਹ ਸਾਈਲੋਜ਼ ਐਫ. ਸੀ. ਆਈ. ਦੇ 'ਹੱਬ-ਐਂਡ-ਸਪੋਕ' ਮਾਡਲ ਤਹਿਤ 249 ਥਾਵਾਂ 'ਤੇ ਸਥਾਪਿਤ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਦੀ ਸਮਰਥਾ 108 ਲੱਖ ਮੀਟਿ੍ਕ ਟਨ ਤੋਂ ਵੱਧ ਹੈ | ਅਸਲ 'ਚ ਇਸ ਪ੍ਰੋਗਰਾਮ ਦਾ ਮਕਸਦ ਜਿੱਥੇ ਅਨਾਜ ਦੇ ਭੰਡਾਰਨ ਦੀ ਸਮਰਥਾ ਨੂੰ ਵਧਾਉਣਾ ਹੈ, ਉੱਥੇ ਦੇਸ਼ ਭਰ 'ਚ ਅਨਾਜ ਨੂੰ ਸੰਭਾਲਣ, ਢੋਆ-ਢੁਆਈ ਤੇ ਪ੍ਰਬੰਧਨ ਦੇ ਤਰੀਕਿਆਂ ਨੂੰ ਬਦਲਣ ਤੇ ਇਸ ਨੂੰ ਵਿਗਿਆਨਕ ਤਰੀਕਿਆਂ ਨਾਲ ਹੋਰ ਆਧੁਨਿਕ ਤੇ ਸੁਖਾਲਾ ਬਣਾਉਣਾ ਹੈ | ਇਹ ਪ੍ਰੋਗਰਾਮ ਜਨਤਕ-ਨਿੱਜੀ ਭਾਈਵਾਲੀ (ਪੀ.ਪੀ.ਪੀ.) ਮਾਡਲ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ | ਸਾਲ 2021 ਤੋਂ ਕਰੀਬ 60 ਲੱਖ ਮੀਟਿ੍ਕ ਟਨ ਸਮਰਥਾ ਵਾਲੇ ਵਾਲੇ ਪ੍ਰਾਜੈਕਟ ਖੁੱਲ੍ਹੀ ਤੇ ਪ੍ਰਤੀਯੋਗੀ ਬੋਲੀ ਰਾਹੀਂ ਦਿੱਤੇ ਗਏ ਹਨ | ਇਸ ਦੌਰਾਨ ਅਡਾਨੀ ਐਗਰੀ ਲੋਟਿਸਟਿਕਸ ਲਿਮਟਿਡ ਤੇ ਲੀਪ ਇੰਡੀਆ ਫੂਡ ਐਂਡ ਲੋਜੀਸਟਿਕਸ ਦੋ ਵੱਡੇ ਭਾਗੀਦਾਰਾਂ ਵਜੋਂ ਸਾਹਮਣੇ ਆਏ ਹਨ, ਜਿਨ੍ਹਾਂ ਨੇ ਹੁਣ ਤੱਕ 60 ਲੱਖ ਮੀਟਿ੍ਕ ਟਨ ਵਿਚੋਂ 46.5 ਲੱਖ ਮੀਟਿ੍ਕ ਟਨ ਦੇ ਠੇਕੇ ਪ੍ਰਾਪਤ ਕੀਤੇ ਹਨ, ਜਦਕਿ ਕਈ ਹੋਰ ਨਾਮਵਰ ਕੰਪਨੀਆਂ ਨੇ ਵੀ ਟੈਂਡਰਾਂ 'ਚ ਸਰਗਰਮੀ ਨਾਲ ਹਿੱਸਾ ਲਿਆ |