ਵਾਧੂ ਲੋਡ ਮਨਜ਼ੂਰ ਕਰਵਾਉਣ ਲਈ ਕਿਸਾਨਾਂ ਲਈ ਸਵੈ ਘੋਸ਼ਿਤ ਸਕੀਮ ਹੋਵੇਗੀ ਜਾਰੀ
ਸ਼ਿਵ ਸ਼ਰਮਾ
ਜਲੰਧਰ, 3 ਜੂਨ- ਸੂਬੇ ਵਿਚ ਇਸ ਮਹੀਨੇ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਉਧਰ ਦੂਜੇ ਪਾਸੇ ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਪਾਵਰਕਾਮ ਕਿਸਾਨਾਂ ਨੂੰ ਇਕ ਵੱਡਾ ਤੋਹਫ਼ਾ ਦੇਣ ਜਾ ਰਿਹਾ ਹੈ | ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਤੋਂ ਬਾਅਦ ਕਿਸਾਨਾਂ ਦੇ ਟਿਊਬਵੈੱਲਾਂ ਦੇ ਵਾਧੂ ਲੋਡ ਦੇ ਮਾਮਲੇ ਵਿਚ ਜਲਦੀ ਹੀ ਸਵੈ ਘੋਸ਼ਿਤ ਸਕੀਮ (ਵੀ.ਡੀ.ਐਸ.) ਜਾਰੀ ਹੋਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ | ਇਸ ਸਕੀਮ ਦੇ ਜਾਰੀ ਹੋਣ ਨਾਲ ਕਿਸਾਨਾਂ ਨੂੰ ਵਾਧੂ ਬਿਜਲੀ ਲੋਡ ਨੂੰ ਲੈ ਕੇ ਹੁੰਦੀਆਂ ਪੇ੍ਰਸ਼ਾਨੀਆਂ ਤੋਂ ਰਾਹਤ ਮਿਲੇਗੀ ਸਗੋਂ ਉਨ੍ਹਾਂ ਨੂੰ ਭਾਰੀ ਜੁਰਮਾਨਿਆਂ ਤੋਂ ਵੀ ਵੱਡੀ ਰਾਹਤ ਮਿਲਣ ਜਾ ਰਹੀ ਹੈ | ਪਾਵਰਕਾਮ ਦੀ ਪਟੀਸ਼ਨ ਨੰਬਰ 33/2026/29/05/26 'ਤੇ ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਵਲੋਂ ਅਹਿਮ ਫ਼ੈਸਲਾ ਕੀਤਾ ਗਿਆ ਹੈ ਜਿਸ ਵਿਚ ਸਵੈ ਘੋਸ਼ਿਤ ਸਕੀਮ ਨੂੰ ਪਾਵਰਕਾਮ ਅਤੇ ਕਿਸਾਨਾਂ ਅਤੇ ਬਿਜਲੀ ਸਿਸਟਮ ਲਈ ਕਾਫੀ ਫ਼ਾਇਦੇਮੰਦ ਦੱਸਿਆ ਜਾ ਰਿਹਾ ਹੈ | ਪਾਵਰਕਾਮ ਦੀ ਕੁੱਝ ਜਥੇਬੰਦੀਆਂ ਨਾਲ ਹੋਈ ਮੀਟਿੰਗ ਵਿਚ ਵੀ ਟਿਊਬਵੈੱਲਾਂ ਦੇ ਬਿਨਾਂ ਦੱਸੇ ਲੋਡ ਨੂੰ ਮਨਜ਼ੂਰ ਕਰਨ ਲਈ ਮੰਗ ਕੀਤੀ ਗਈ ਸੀ | ਫ਼ੈਸਲੇ ਤੋਂ ਬਾਅਦ ਜਲਦੀ ਹੀ ਨੋਟੀਫ਼ਿਕੇਸ਼ਨ ਜਾਰੀ ਹੋ ਸਕਦਾ ਹੈ | ਐਲਾਨੀ ਜਾਣ ਵਾਲੀ ਸਵੈ ਘੋਸ਼ਿਤ ਸਕੀਮ ਬਿਜਲੀ ਅਥਾਰਿਟੀ ਕਮਿਸ਼ਨ ਵਲੋਂ ਸਪਲਾਈ ਕੋਡ-2024 ਦੇ ਤਹਿਤ ਨਿਯਮ 33 (2) ਅਤੇ 6 (13)ਦੇ ਨਿਯਮ ਵਿਚ ਢਿੱਲ ਦੇ ਕੇ ਪਾਵਰਕਾਮ ਨੂੰ ਸਵੈ ਘੋਸ਼ਿਤ ਸਕੀਮ ਸ਼ੁਰੂ ਕਰਨ ਦੀ ਮਨਜੂਰੀ ਦਿੱਤੀ ਜਾਣੀ ਹੈ | ਕਿਸਾਨਾਂ ਲਈ ਵਾਧੂ ਲੋਡ ਮਨਜ਼ੂਰ ਕਰਵਾਉਣ ਲਈ ਪਹਿਲਾਂ ਸਰਵਿਸ ਕੁਨੈਕਸ਼ਨ ਚਾਰਜਿਜ਼ ਕਰੀਬ 6572 ਰੁਪਏ ਬੀ. ਐੱਚ. ਪੀ. ਦੇ ਹਿਸਾਬ ਨਾਲ ਵਸੂਲ ਕੀਤੇ ਜਾਂਦੇ ਸੀ ਤੇ ਹੁਣ ਸਕੀਮ ਦੇ ਲਾਗੂ ਹੋਣ ਤੋਂ ਬਾਅਦ ਕਿਸਾਨ ਆਪਣਾ ਵਾਧੂ ਲੋਡ ਮਨਜ਼ੂਰ ਕਰਵਾਉਣ ਲਈ 2500 ਰੁਪਏ ਬੀ. ਐੱਚ. ਪੀ. ਦੇ ਹਿਸਾਬ ਨਾਲ ਫ਼ੀਸ ਜਮਾਂ ਕਰਵਾਉਣਗੇ | ਜ਼ਮਾਨਤੀ ਰਕਮ 400 ਰੁਪਏ ਪ੍ਰਤੀ ਹਾਰਸ ਪਾਵਰ ਤੋਂ ਘਟਾ ਕੇ 200 ਰੁਪਏ ਬੀ. ਐਚ. ਪੀ. ਨਾਲ ਜਮਾਂ ਕਰਵਾਈ ਜਾ ਸਕੇਗੀ | ਇਹ ਸਕੀਮ ਜਾਰੀ ਹੋਣ ਦੀ ਤਾਰੀਖ਼ ਤੋਂ 45 ਦਿਨ ਤੱਕ ਚੱਲੇਗੀ ਤੇ ਇਸ ਤੋਂ ਬਾਅਦ ਪੂਰੀ ਫ਼ੀਸ ਅਤੇ ਜੁਰਮਾਨਾ ਲਗਾਇਆ ਜਾਵੇਗਾ | ਇਨ੍ਹਾਂ ਦਿਨਾਂ ਵਿਚ ਵਾਧੂ ਲੋਡ ਬਾਰੇ ਚੈਕਿੰਗ ਹੋਵੇਗੀ ਪਰ ਕਿਸੇ ਤਰ੍ਹਾਂ ਦਾ ਜੁਰਮਾਨਾ ਨਹੀਂ ਲਗਵਾਇਆ ਜਾਵੇਗਾ | ਸਵੈ ਘੋਸ਼ਿਤ ਸਕੀਮ ਦੇ ਤਹਿਤ ਲੋਡ ਵਧਾਉਣ ਲਈ ਤਾਰਾਂ ਤੇ ਟਰਾਂਸਫ਼ਾਰਮਰ ਲਗਾਉਣੇ ਪੈਣਗੇ ਤਾਂ ਇਸ ਦਾ ਸਾਰਾ ਖਰਚਾ ਪਾਵਰਕਾਮ ਵਲੋਂ ਹੀ ਉਠਾਇਆ ਜਾਵੇਗਾ | ਇਸ ਸਕੀਮ ਨਾਲ ਪਾਵਰਕਾਮ ਨੂੰ ਕਰੋੜਾਂ ਰੁਪਏ ਦੀ ਆਮਦਨ ਹੋਵੇਗੀ ਸਗੋਂ ਉਸ ਨੂੰ ਵਾਧੂ ਲੋਡ ਦਾ ਪਤਾ ਲੱਗ ਸਕੇਗਾ ਜਿਸ ਨਾਲ ਉਹ ਆਪਣੇ ਬਿਜਲੀ ਸਿਸਟਮ ਵਿਚ ਹੋਰ ਸੁਧਾਰ ਕਰ ਸਕੇ | ਇਕ ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਵੀ ਕਿਸਾਨਾਂ ਦਾ ਵਾਧੂ ਲੋਡ ਮਨਜ਼ੂਰ ਕਰਵਾਉਣ ਲਈ ਸਵੈ ਘੋਸ਼ਿਤ ਸਕੀਮ ਆਈ ਸੀ ਜਿਸ ਵਿਚ 84 ਹਜ਼ਾਰ ਦੇ ਕਰੀਬ ਕਿਸਾਨਾਂ ਵਲੋਂ ਆਪ ਅੱਗੇ ਆ ਕੇ ਆਪਣਾ ਲੁਕਿਆ ਬਿਜਲੀ ਲੋਡ ਮਨਜ਼ੂਰ ਕਰਵਾਇਆ ਗਿਆ ਜਿਸ ਨਾਲ ਪਾਵਰਕਾਮ ਨੂੰ ਕਰੀਬ 99.57 ਕਰੋੜ ਦੀ ਵਸੂਲੀ ਹੋਈ ਸੀ | ਬਿਜਲੀ ਕਮਿਸ਼ਨ ਦਾ ਵੀ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਸਕੀਮ ਨਾਲ ਪਾਵਰਕਾਮ ਵਿੱਤੀ ਹਾਲਾਤਾਂ ਵਿਚ ਵੀ ਸੁਧਾਰ ਹੁੰਦਾ ਹੈ | ਖੇਤੀ ਵਰਗ ਲਈ ਸਵੈ ਘੋਸ਼ਿਤ ਸਕੀਮ ਆਉਣ ਦਾ ਸਵਾਗਤ ਕਰਦੇ ਹੋਏ ਬਿਜਲੀ ਮਾਮਲਿਆਂ ਦੇ ਮਾਹਿਰ ਵਿਜੈ ਤਲਵਾੜ ਨੇ ਕਮਿਸ਼ਨ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਸਵੈ ਘੋਸ਼ਿਤ ਸਕੀਮ ਸਨਅਤੀ ਵਰਗ ਅਤੇ ਵਪਾਰਕ ਵਰਗ, ਘਰੇਲੂ ਵਰਗ ਲਈ ਵੀ ਲਿਆਂਦੀ ਜਾਣੀ ਚਾਹੀਦੀ ਹੈ | ਇਸ ਨਾਲ ਸਨਅਤਕਾਰਾਂ ਨੂੰ ਕਾਫੀ ਫ਼ਾਇਦਾ ਮਿਲੇਗਾ ਸਗੋਂ ਪਾਵਰਕਾਮ ਨੂੰ ਵੀ ਕਰੋੜਾਂ ਰੁਪਏ ਦੀ ਆਮਦਨ ਹੋਵੇਗੀ |
ਟਿਊਬਵੈੱਲਾਂ ਦੇ ਵਾਧੂ ਲੋਡ ਨੂੰ ਲੈ ਕੇ ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ
ਅਜੀਤ ਡੈਸਕ
04-06-2026