• ਪਤੀ ਪੁਲਿਸ ਮੁਕਾਬਲੇ 'ਚ ਸ਼ਹੀਦ-ਪੁਲਿਸ ਵਲੋਂ ਚੁੱਕਿਆ ਪੁੱਤਰ 36 ਸਾਲਾਂ ਤੋਂ ਅੱਜ ਵੀ ਹੈ ਲਾਪਤਾ • ਅੱਖਾਂ 'ਚ ਅੱਥਰੂ ਤੇ ਦਿਲ 'ਚ ਇਨਸਾਫ਼ ਦੀ ਆਸ: ਪੰਜਾਬ ਦੇ ਕਾਲੇ ਦੌਰ ਦਾ ਸੱਚ
ਅਟਾਰੀ ਸਰਹੱਦ, (ਅੰਮਿ੍ਤਸਰ) 3 ਜੂਨ (ਰਾਜਿੰਦਰ ਸਿੰਘ ਰੂਬੀ)-1984 ਦੇ ਘੱਲੂਘਾਰੇ ਤੋਂ ਬਾਅਦ ਪੁਲਿਸ ਦੇ ਤਸ਼ੱਦਦ ਦੌਰਾਨ ਸ਼ਹੀਦ ਹੋਏ ਜਥੇਦਾਰ ਭਾਈ ਹਰਭਜਨ ਸਿੰਘ ਬੱਬਰ ਵੇਰਕਾ ਪਰਿਵਾਰ ਦੇ ਮੈਂਬਰ ਅੱਜ ਵੀ ਉਸ ਸਮੇਂ ਦਾ ਅੱਖੀਂ ਡਿੱਠਾ ਹਾਲ ਸਾਹਮਣੇ ਲਿਆਉਣ ਤੋਂ ਡਰ ਰਹੇ ਹਨ ਤੇ ਗੁਰੂ ਸਾਹਿਬ ਦਾ ਨਾਮ ਜਪਦੇ ਹੋਏ ਪਾਠ ਕਰਦੇ ਹੋਏ ਆਪਣੇ ਜੀਵਨ ਬਤੀਤ ਕਰ ਰਹੇ ਹਨ | ਇਹ ਸ਼ਬਦ ਸ਼ਹੀਦ ਭਾਈ ਹਰਭਜਨ ਸਿੰਘ ਬੱਬਰ ਵੇਰਕਾ ਦੀ ਪਤਨੀ ਬਜ਼ੁਰਗ ਮਾਤਾ ਸਲਵਿੰਦਰ ਕੌਰ ਨੇ ਪੂਰੀ ਦਾਸਤਾਨ ਅੱਖਾਂ ਵਿਚ ਹੰਝੂ ਲਿਆਉਂਦਿਆਂ ਕਹੇ | ਮਾਤਾ ਸਲਵਿੰਦਰ ਕੌਰ ਅਤੇ ਉਨ੍ਹਾਂ ਦੇ ਸਪੁੱਤਰ ਹਰਵਿੰਦਰ ਸਿੰਘ ਵੇਰਕਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ਼ਹੀਦ ਹਰਭਜਨ ਸਿੰਘ ਬੱਬਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੇਵਾ ਕਰਦਿਆਂ 1984 ਦੇ ਹੋਏ ਘੱਲੂਘਾਰੇ ਦੌਰਾਨ ਹੋਏ ਮਨੁੱਖੀ ਅੱਤਿਆਚਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕੀਤੇ ਜਾਣ ਦਾ ਦੁਖਾਂਤ ਨਾ ਸਹਾਰਦਿਆਂ ਕੌਮ ਲੇਖੇ ਜ਼ਿੰਦਗੀ ਲਗਾਉਂਦਿਆਂ ਪੁਲਿਸ ਮੁਕਾਬਲੇ 'ਚ ਸ਼ਹਾਦਤ ਦਾ ਜਾਮ ਪੀ ਗਏ ਸਨ | ਅੱਜ 'ਅਜੀਤ' ਨਾਲ ਖਾਸ ਗੱਲਬਾਤ ਕਰਦਿਆਂ ਮਾਤਾ ਸਲਵਿੰਦਰ ਕੌਰ (76) ਨੇ ਕਿਹਾ ਕਿ ਉਨ੍ਹਾਂ ਦੇ ਪਤੀ ਸ਼ਹੀਦ ਭਾਈ ਹਰਭਜਨ ਸਿੰਘ ਬੱਬਰ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕਰੀਬ 12 ਸਾਲ ਇਕ ਦੂਸਰੇ ਤੋਂ ਵਿਛੜੇ ਰਹੇ ਜਿਸ 'ਚ ਤਿੰਨ ਲੜਕੇ ਤੇ ਉਹ ਆਪ ਖ਼ੁਦ ਕਈ ਸਾਲਾਂ ਤੱਕ ਪੁਲਿਸ ਦੇ ਤਸ਼ੱਦਦ ਤੋਂ ਬਚਣ ਲਈ ਲੁਕਦੇ ਲੁਕਾਉਂਦੇ ਆਪਣੀਆਂ ਜਾਨਾਂ ਬਚਾਉਂਦੇ ਹੋਏ ਵੱਖ-ਵੱਖ ਥਾਵਾਂ 'ਤੇ ਆਪਣੀ ਜ਼ਿੰਦਗੀ ਬਤੀਤ ਕਰਦੇ ਰਹੇ ਸਨ | ਮਾਤਾ ਸਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਪੁੱਤਰ ਤੇ ਖ਼ੁਦ ਉਨ੍ਹਾਂ ਗੁ: ਡੇਰਾ ਗੁਰੂ ਕੇ ਬਾਗ ਤੇ ਗੁ : ਡੇਰਾ ਬਾਬਾ ਖੜਕ ਸਿੰਘ ਬਾਬਾ ਬੁੱਢਾ ਸਾਹਿਬ (ਠੱਠਾ) ਝਬਾਲ ਵਿਖੇ ਬਿਨਾਂ ਆਪਣੀ ਪਹਿਚਾਣ ਦੱਸਣ ਤੋਂ ਵੱਖਰੇ-ਵੱਖਰੇ ਰਹਿ ਕੇ ਕੱਟਿਆ | ਉਨ੍ਹਾਂ ਦੱਸਿਆ ਕਿ ਪਿਤਾ ਦੀ ਸ਼ਹੀਦੀ ਬਾਰੇ ਉਨ੍ਹਾਂ ਨੂੰ ਦੋ ਦਿਨ ਬਾਅਦ 'ਅਜੀਤ' ਅਖਬਾਰ 'ਚ ਹਰਭਜਨ ਸਿੰਘ ਬੱਬਰ ਜਿਸ 'ਤੇ ਉਸ ਸਮੇਂ 10 ਲੱਖ ਰੁਪਏ ਦਾ ਇਨਾਮ ਸੀ, ਇਕ ਪੁਲਿਸ ਮੁਕਬਾਲੇ 'ਚ ਸ਼ਹੀਦ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਤੇ ਭਰਾ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਬਾਬਾ ਠਾਕੁਰ ਸਿੰਘ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਮਹਾਂਪੁਰਸ਼ ਬਾਬਾ ਖੜਕ ਸਿੰਘ ਬੀੜ ਬਾਬਾ ਬੁੱਢਾ ਸਾਹਿਬ ਵਾਲਿਆਂ ਵਲੋਂ ਪਰਿਵਾਰ ਦੀ ਸਾਰ ਲਈ, ਜਿਨ੍ਹਾਂ ਦੇ ਸਦਾ ਹੀ ਸ਼ੁਕਰ ਗੁਜ਼ਾਰ ਰਹਿਣਗੇ | ਅੱਜ ਉਹ ਉਸ ਕਾਲੇ ਦੌਰ ਨੂੰ ਨਾ ਭੁਲਾਉਂਦੇ ਹੋਏ ਪਰਿਵਾਰ ਇਕਜੁੱਟ ਹੋ ਕੇ ਰਹਿ ਰਿਹਾ ਹੈ | ਮਾਤਾ ਸਲਵਿੰਦਰ ਕੌਰ ਤੇ ਪੁੱਤਰ ਹਰਵਿੰਦਰ ਸਿੰਘ ਨੇ ਦੱਸਿਆ ਭਾਈ ਹਰਭਜਨ ਸਿੰਘ ਬੱਬਰ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਇੱਕ ਸਪੁੱਤਰ ਅਜਮੇਰ ਸਿੰਘ ਜਿਨ੍ਹਾਂ ਦੀ ਉਸ ਸਮੇਂ ਉਮਰ 14 ਤੋਂ 15 ਸਾਲ ਸੀ ਉਨ੍ਹਾਂ ਨੂੰ ਵੀ ਪੁਲਿਸ ਨੇ ਗਿ੍ਫਤਾਰ ਕਰ ਲਿਆ ਤੇ ਅੱਜ 36 ਸਾਲ ਬੀਤਣ ਦੇ ਬਾਵਜੂਦ ਵੀ ਉਨ੍ਹਾਂ ਦੀ ਕੋਈ ਉਘ ਸੱੁਘ ਨਹੀਂ ਲੱਗੀ |
ਸ਼ਹੀਦਾਂ ਦੀ ਮਾਂ ਦਾ ਹੌਸਲਾ : ਪਤੀ ਅਤੇ ਪੁੱਤਰ ਵਾਰ ਕੇ ਵੀ ਸਿਦਕ ਨਾ ਹਾਰਨ ਵਾਲੀ ਦਲੇਰ ਮਾਂ
ਅਜੀਤ ਡੈਸਕ
04-06-2026