ਚੰਡੀਗੜ੍ਹ, 2 ਜੂਨ (ਪ੍ਰੋ. ਅਵਤਾਰ ਸਿੰਘ)ਪੰਜਾਬ ਦੇ ਸ਼ਾਮ ਚੌਰਾਸੀ, ਕਾਦੀਆਂ, ਗੁਰਦਾਸਪੁਰ ਤੇ ਦੀਨਾਨਗਰ 'ਚ 13 ਜੂਨ ਨੂੰ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਸ਼ੇਸ਼ ਤੌਰ 'ਤੇ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਰਾਹੀਂ ਕਰਵਾਈਆਂ ਜਾਣਗੀਆਂ | ਇਸ ਸਬੰਧ ਵਿਚ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ, ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ ਸਾਰੀਆਂ ਚੋਣਾਂ ਈ.ਵੀ.ਐਮ. ਦੀ ਵਰਤੋਂ ਕਰਕੇ ਕਰਵਾਈਆਂ ਜਾਣਗੀਆਂ | ਇਸ ਤੋਂ ਬਾਅਦ, ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ | ਪਟੀਸ਼ਨ 'ਚ ਮੰਗ ਕੀਤੀ ਗਈ ਸੀ ਕਿ ਸਬੰਧਤ ਸਥਾਨਕ ਸਰਕਾਰਾਂ ਦੀਆਂ ਚੋਣਾਂ ਰਵਾਇਤੀ ਬੈਲਟ ਪੇਪਰਾਂ ਦੀ ਬਜਾਏ ਈ.ਵੀ.ਐਮ. ਦੀ ਵਰਤੋਂ ਕਰਕੇ ਕਰਵਾਈਆਂ ਜਾਣ ਤਾਂ ਜੋ ਵੋਟਿੰਗ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ, ਨਿਰਪੱਖ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਜਾ ਸਕੇ | ਮਾਮਲੇ ਦੀ ਸੁਣਵਾਈ ਦੌਰਾਨ ਭਾਰਤ ਦੇ ਚੋਣ ਕਮਿਸ਼ਨ ਨੇ ਅਦਾਲਤ ਨੂੰ ਦੱਸਿਆ ਕਿ 22 ਮਈ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਲੋੜੀਂਦੀਆਂ ਈ.ਵੀ.ਐਮ. ਮਸ਼ੀਨਾਂ ਪਹਿਲਾਂ ਹੀ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ | ਸੁਣਵਾਈ ਦੌਰਾਨ ਪੰਜਾਬ ਰਾਜ ਚੋਣ ਕਮਿਸ਼ਨ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਚੋਣਾਂ ਕਰਵਾਉਣ ਲਈ ਈ.ਵੀ.ਐਮ ਦੀ ਉਪਲਬਧਤਾ ਯਕੀਨੀ ਹੈ ਅਤੇ 13 ਜੂਨ ਨੂੰ ਹੋਣ ਵਾਲੀਆਂ ਸਾਰੀਆਂ ਸਬੰਧਤ ਚੋਣਾਂ ਈ.ਵੀ.ਐਮ. ਦੀ ਵਰਤੋਂ ਕਰਕੇ ਕਰਵਾਈਆਂ ਜਾਣਗੀਆਂ | ਕਮਿਸ਼ਨ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਵੋਟਿੰਗ ਪ੍ਰਕਿਰਿਆ ਨਿਰਧਾਰਤ ਚੋਣ ਸ਼ਡਿਊਲ ਅਨੁਸਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਕਰਕੇ ਕਰਵਾਈ ਜਾਵੇਗੀ |
ਸ਼ਾਮ ਚੌਰਾਸੀ, ਕਾਦੀਆਂ, ਗੁਰਦਾਸਪੁਰ ਅਤੇ ਦੀਨਾਨਗਰ 'ਚ 13 ਜੂਨ ਨੂੰ ਈ.ਵੀ.ਐਮ. ਰਾਹੀਂ ਕਰਵਾਈਆਂ ਜਾਣਗੀਆਂ ਚੋਣਾਂ
ਅਜੀਤ ਡੈਸਕ
03-06-2026