ਅੰਮਿ੍ਤਸਰ, 31 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਅਣਪਛਾਤੇ ਹਮਲਾਵਰਾਂ ਨੇ ਇਕ ਵੱਡੀ ਕੁਦਰਤੀ ਗੈਸ ਪਾਈਪਲਾਈਨ ਨੂੰ ਬੰਬ ਨਾਲ ਉਡਾ ਦਿੱਤਾ ਹੈ | ਕੋਇਟਾ ਦੇ ਬਾਹਰਵਾਰ ਹੋਏ ਇਸ ਹਮਲੇ ਨੇ ਰਾਜਧਾਨੀ ਅਤੇ ਪੰਜ ਹੋਰ ਜ਼ਿਲਿ੍ਹਆਂ ਨੂੰ ਗੈਸ ਸਪਲਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਹੈ | ਅਜੇ ਤੱਕ ਕਿਸੇ ਵੀ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ | ਸੂਈ ਦੱਖਣੀ ਗੈਸ ਕੰਪਨੀ (ਐੱਸ. ਐੱਸ. ਜੀ. ਸੀ.) ਦੇ ਬੁਲਾਰੇ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਨੇ ਅਖਤਰਾਬਾਦ ਪੱਛਮੀ ਬਾਈਪਾਸ ਦੇ ਨੇੜੇ 18 ਇੰਚ ਵਿਆਸ ਵਾਲੀ ਮੁੱਖ ਗੈਸ ਸਪਲਾਈ ਪਾਈਪਲਾਈਨ ਨੂੰ ਉਡਾ ਦਿੱਤਾ | ਧਮਾਕੇ ਨਾਲ ਕੋਇਟਾ ਦੇ ਹਜ਼ਾਰਾ ਟਾਊਨ, ਹਜ਼ਾਰਗੰਜੀ, ਖਰੋਤਾਬਾਦ, ਪਸ਼ਤੂਨ ਬਾਗ, ਖਾਜੀ ਅਤੇ ਨੋਹਸਰ ਦੇ ਨਾਲ-ਨਾਲ ਮਸਤੁੰਗ, ਕਲਾਤ, ਪਿਸ਼ਿਨ, ਕੁਚਲਕ ਅਤੇ ਜ਼ਿਆਰਤ ਜ਼ਿਲਿ੍ਹਆਂ ਨੂੰ ਗੈਸ ਸਪਲਾਈ 'ਚ ਵਿਘਨ ਪਿਆ ਹੈ |