ਪਟਿਆਲਾ, 31 ਮਾਰਚ (ਮਨਦੀਪ ਸਿੰਘ ਖਰੌੜ)-ਸਾਬਕਾ ਜ਼ਿਲ੍ਹਾ ਐਡੀਸ਼ਨ ਸੈਸ਼ਨ ਜੱਜ ਕਵਲਜੀਤ ਸਿੰਘ ਦੀ ਮੌਤ ਹੋਣ ਦੇ ਕੁਝ ਘੰਟਿਆਂ ਅੰਦਰ ਹੀ ਉਸ ਦੇ ਘਰ ਚੋਰੀ ਹੋਣ ਦੇ ਮਾਮਲੇ ਵਿਚ ਦਰਜ ਹੋਏ ਕੇਸ ਵਿਚ ਥਾਣਾ ਲਾਹੌਰੀ ਗੇਟ ਦੀ ਪੁਲਿਸ ਨੇ ਮੌਜੂਦ ਜੱਜ ਨੂੰ ਇਸ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ | ਇਸ ਦੀ ਪੁਸ਼ਟੀ ਕਰਦਿਆਂ ਥਾਣਾ ਲਾਹੌਰੀ ਗੇਟ ਦੇ ਮੁਖੀ ਇੰਸ. ਰਣਦੀਪ ਕੁਮਾਰ ਨੇ ਦੱਸਿਆ ਕਿ ਇਸ ਕੇਸ ਵਿਚ ਪਹਿਲਾਂ ਹੀ ਜੱਜ ਦੇ ਘਰ ਕੰਮ ਕਰਨ ਵਾਲੀ ਇਕ ਔਰਤ ਅਤੇ ਉਸ ਦੇ ਸਾਥੀ ਖਿਲਾਫ ਕੇਸ ਦਰਜ ਕਰਕੇ ਗਿ੍ਫ਼ਤਾਰ ਕੀਤੇ ਹੋਏ ਹਨ | ਇਸ ਕੇਸ ਵਿਚ ਅੱਜ ਜੱਜ ਨੂੰ ਨਾਮਜ਼ਦ ਕਰ ਲਿਆ ਗਿਆ ਹੈ | ਕੇਸ ਫਾਈਲ ਅਨੁਸਾਰ ਪਟਿਆਲਾ ਜ਼ਿਲ੍ਹਾ 'ਚ ਸਾਬਕਾ ਜ਼ਿਲ੍ਹਾ ਐਡੀਸ਼ਨ ਸੈਸ਼ਨ ਜੱਜ ਕਵਲਜੀਤ ਸਿੰਘ ਦੀ ਅਗਸਤ 2025 ਵਿਚ ਕਿਸੇ ਬਿਮਾਰੀ ਕਾਰਨ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ ਸੀ ਉਨ੍ਹਾਂ ਦੀ ਮੌਤ ਹੋਣ ਤੋਂ ਬਾਅਦ ਕੁਝ ਘੰਟਿਆਂ ਅੰਦਰ ਜੱਜ ਦੀ ਨਿੱਜੀ ਰਿਹਾਇਸ਼ 'ਤੇ ਕੁਝ ਵਿਅਕਤੀ ਗਏ ਜੋ ਸਮਾਨ ਚੋਰੀ ਕਰਕੇ ਵਾਪਸ ਆ ਗਏ | ਜੱਜ ਕਵਲਜੀਤ ਸਿੰਘ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਨ੍ਹਾਂ ਦਾ ਪਰਿਵਾਰ ਵਿਦੇਸ਼ 'ਚ ਰਹਿੰਦਾ ਸੀ ਅਤੇ ਉਹ ਘਰ ਵਿਚ ਇਕੱਲੇ ਹੀ ਰਹਿੰਦੇ ਸੀ | ਇਸ ਸੰਬੰਧੀ ਜੱਜ ਦੇ ਕਰੀਬੀ ਦੋਸਤ ਭੁਪਿੰਦਰ ਸਿੰਘ ਥਾਣਾ ਲਾਹੌਰੀ ਗੇਟ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਉਨ੍ਹਾਂ ਦੀ ਸ਼ਿਕਾਇਤ 'ਤੇ ਹੀ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਦੂਜੇ ਪਾਸੇ ਜੱਜ ਦੇ ਵਕੀਲ ਅਨੀਸ਼ ਜੈਨ ਨੇ 'ਅਜੀਤ' ਨੂੰ ਦੱਸਿਆ ਕਿ ਇਹ ਸਾਰਾ ਮਾਮਲਾ ਮਿ੍ਤਕ ਦੀ ਜੱਜ ਦੀ ਜਾਇਦਾਦ ਸੰਬੰਧੀ ਹੈ ਤੇ ਪੁਲਿਸ ਦਬਾਅ ਕਾਰਨ ਇਸ ਕੇਸ 'ਚ ਮੌਜੂਦਾ ਜੱਜ ਨੂੰ ਫਸਾ ਰਹੀ ਹੈ | ਐਡ. ਅਨੀਸ਼ ਜੈਨ ਨੇ ਦੱਸਿਆ ਕਿ 7 ਮਹੀਨੇ ਪੁਰਾਣਾ ਕੇਸ ਹੈ ਪੁਲਿਸ ਮਾਮਲੇ ਦੀ ਮੁੱਢਲੀ ਪੜਤਾਲ ਕੀਤੇ ਬਿਨਾਂ ਹੀ ਸ਼ਿਕਾਇਤ ਉਤੇ ਹੀ ਮੌਜੂਦਾ ਜੱਜ ਖਿਲਾਫ ਕਿਵੇਂ ਕੇਸ ਦਰਜ ਕਰ ਸਕਦੀ ਹੈ? ਇਸ ਕੇਸ ਸੰਬੰਧੀ ਉਨ੍ਹਾਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ ਜਿਸ ਦੀ ਸੁਣਵਾਈ 1 ਅਪ੍ਰੈਲ ਨੂੰ ਹੈ |