ਅਜਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਕੱਲ੍ਹ ਰਾਤ ਸਮੇਂ ਸਰਹੱਦੀ ਥਾਣਾ ਭਿੰਡੀ ਸੈਦਾਂ ਵਿਖੇ ਹੋਏ ਧਮਾਕੇ ਤੋਂ ਬਾਅਦ ਅੱਜ ਦੂਸਰੇ ਦਿਨ ਵੀ ਪੁਲਿਸ ਵਲੋਂ ਜਾਂਚ ਲਗਾਤਾਰ ਜਾਰੀ ਰਹੀ | ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸੁਹੇਲ ਮੀਰ ਕਾਸਮ ਵਲੋਂ ਥਾਣਾ ਭਿੰਡੀ ਸੈਦਾਂ ਵਿਖੇ ਰਾਤ ਸਮੇਂ ਹੋਏ ਵਿਸਫੋਟਕ ਧਮਾਕੇ ਦੀ ਜਾਂਚ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਵਲੋਂ ਅੱਜ ਸਾਰਾ ਦਿਨ ਵੱਖ-ਵੱਖ ਪਹਿਲੂਆਂ ਤੋਂ ਜਾਂਚ ਜਾਰੀ ਸੀ ਅਤੇ ਉਨ੍ਹਾਂ ਵਲੋਂ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਬਰੀਕੀ ਨਾਲ ਖੰਗਾਲਿਆ ਜਾ ਰਿਹਾ ਸੀ | ਬੀਤੇ ਕੱਲ੍ਹ ਡੀ.ਐੱਸ.ਪੀ ਗੁਰਿੰਦਰਪਾਲ ਸਿੰਘ ਨਾਗਰਾ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਸੀ ਕਿ ਇਸ ਧਮਾਕੇ ਸੰਬੰਧੀ 31 ਮਾਰਚ ਯਾਨੀ ਕਿ ਅੱਜ ਉੱਚ ਅਧਿਕਾਰੀਆਂ ਵਲੋਂ ਕੋਈ ਖੁਲਾਸਾ ਕੀਤਾ ਜਾਵੇਗਾ ਪਰ ਦੇਰ ਸ਼ਾਮ ਤੱਕ ਕਿਸੇ ਵੀ ਉੱਚ ਪੁਲਿਸ ਅਧਿਕਾਰੀ ਵਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ | ਉਧਰ ਥਾਣੇ ਅੰਦਰ ਹੋਏ ਧਮਾਕੇ ਤੋਂ ਬਾਅਦ ਇਕ ਸੰਗਠਨ ਵਲੋਂ ਇਸ ਧਮਾਕੇ ਦੀ ਜ਼ਿੰਮੇਵਾਰੀ ਲੈਣ ਵਾਲਾ ਪੱਤਰ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ | ਪੱਤਰ ਵਿਚ ਲਿਖਿਆ ਗਿਆ ਹੈ ਕਿ ਖ਼ਾਲਿਸਤਾਨ ਲਿਬਰੇਸ਼ਨ ਆਰਮੀ ਦੀ ਹਾਈਕਮਾਨ ਨੇ 30 ਮਾਰਚ ਨੂੰ ਆਪ੍ਰੇਸ਼ਨ ਖਾਲਸਾ ਨਵਾਂ ਸਵਾਰ ਤਹਿਤ ਅਜਨਾਲਾ ਅੰਮਿ੍ਤਸਰ ਦੇ ਭਿੰਡੀ ਸੈਦਾਂ ਪੁਲਿਸ ਸਟੇਸ਼ਨ 'ਤੇ ਦੋ ਗ੍ਰਨੇਡ ਹਮਲੇ ਕੀਤੇ ਹਨ | ਜਿਸ ਦੀ ਅਸੀਂ ਪੂਰੀ ਜ਼ਿੰਮੇਵਾਰੀ ਸਵੀਕਾਰ ਕਰਦੇ ਹਾਂ | ਇਸ ਦੇ ਨਾਲ ਹੀ ਇਸ ਪੱਤਰ ਵਿਚ ਕੁਝ ਸਮਾਂ ਪਹਿਲਾਂ ਗੁਰਦਾਸਪੁਰ ਦੇ ਪਿੰਡ ਆਦੀਆਂ ਵਿਖੇ ਦੋ ਪੁਲਿਸ ਕਰਮਚਾਰੀਆਂ ਦੇ ਹੋਏ ਕਤਲਾਂ ਤੋਂ ਬਾਅਦ ਪੁਲਿਸ ਵਲੋਂ ਕੀਤੇ ਅਨਕਾਊਾਟਰ ਵਿਚ ਮਾਰੇ ਗਏ ਨੌਜਵਾਨ ਰਣਜੀਤ ਸਿੰਘ ਦੀ ਮੌਤ ਦਾ ਬਦਲਾ ਲੈਣ ਦੀ ਵੀ ਗੱਲ ਕਹੀ ਗਈ ਹੈ | 'ਅਜੀਤ' ਇਸ ਧਮਾਕੇ ਸੰਬੰਧੀ ਜਥੇਬੰਦੀ ਵਲੋਂ ਲਈ ਜਿੰਮੇਵਾਰੀ ਦੀ ਪੁਸ਼ਟੀ ਨਹੀਂ ਕਰਦਾ | ਇਸ ਪੱਤਰ ਦੀ ਹੁਣ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਵਲੋਂ ਵੀ ਕੋਈ ਪੁਸ਼ਟੀ ਨਹੀਂ ਕੀਤੀ ਗਈ |