ਵਿੱਤੀ ਵਰ੍ਹੇ ਦੇ ਆਖਰੀ ਦਿਨ ਕਈ ਠੇਕਿਆਂ 'ਤੇ ਸ਼ੌਕੀਨਾਂ ਦੀਆਂ ਭੀੜਾਂ
ਅਜੀਤ ਡੈਸਕ
01-04-2026
ਜਲੰਧਰ, 31 ਮਾਰਚ-ਵਿੱਤੀ ਵਰੇ੍ਹ 2025-26 ਦੇ ਅੱਜ ਆਖ਼ਰੀ ਦਿਨ ਸ਼ਰਾਬ ਸਸਤੀ ਹੋਣ ਕਰਕੇ ਕਈ ਠੇਕਿਆਂ 'ਤੇ ਸ਼ੌਕੀਨਾਂ ਦੀਆਂ ਮੌਜਾਂ ਲੱਗੀਆਂ ਰਹੀਆਂ ਤੇ ਕਈ ਲੋਕ ਪੇਟੀਆਂ ਲੈ ਜਾਂਦੇ ਦੇਖੇ ਗਏ | 2026-27 ਦਾ ਵਿੱਤੀ ਵਰੇ੍ਹ ਦੇ ਪਹਿਲੀ ਅਪੈ੍ਰਲ ਨੂੰ ਸ਼ੁਰੂ ਹੋਣ ਤੋਂ ਕੁੱਝ ਦਿਨ ਪਹਿਲਾਂ ਕਈ ਠੇਕਿਆਂ 'ਤੇ ਸ਼ਰਾਬ ਸਸਤੀ ਕਰ ਦਿੱਤੀ ਜਾਂਦੀ ਹੈ | ਜਿੱਥੇ ਬੀਤੇ ਦਿਨੀਂ ਵੀ ਕਈ ਠੇਕਿਆਂ 'ਤੇ ਸ਼ਰਾਬ ਸਸਤੀ ਹੋਣ ਕਰਕੇ ਸ਼ੌਕੀਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਤਾਂ ਅੱਜ ਵੀ ਕਈ ਠੇਕਿਆਂ 'ਤੇ ਸ਼ੌਕੀਨਾਂ ਦੀਆਂ ਭੀੜਾਂ ਨਜ਼ਰ ਆ ਰਹੀਆਂ ਸੀ | 30 ਤੇ 31 ਮਾਰਚ ਨੂੰ ਕਈ ਸ਼ਰਾਬ ਦੇ ਠੇਕਿਆਂ ਦੀ ਸ਼ਰਾਬ ਦੀ ਵਿੱਕਰੀ ਵਿਚ ਵੀ ਕਾਫੀ ਵਾਧਾ ਹੋਇਆ ਹੈ | ਕਈ ਠੇਕਿਆਂ 'ਤੇ ਇਸ ਕਰਕੇ ਵੀ ਨਿਯਮਾਂ ਮੁਤਾਬਕ ਸਸਤੀ ਸ਼ਰਾਬ ਵੇਚੀ ਜਾਂਦੀ ਹੈ ਕਿਉਂਕਿ ਕਈ ਠੇਕੇਦਾਰਾਂ ਨੂੰ ਚੰਗੀ ਵਿੱਕਰੀ ਹੋਣ ਕਰਕੇ ਉਨ੍ਹਾਂ ਦੀਆਂ ਲਾਇਸੈਂਸਾਂ ਫ਼ੀਸਾਂ ਦੀ ਵੀ ਆਬਕਾਰੀ ਵਿਭਾਗ ਨੂੰ ਭਰਪਾਈ ਹੋ ਜਾਂਦੀ ਹੈ | ਆਬਕਾਰੀ ਵਿਭਾਗ ਵਲੋਂ ਪਹਿਲੀ ਅਪ੍ਰੈਲ ਨੂੰ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਵਰੇ੍ਹ ਵਿਚ ਵੀ ਕਈ ਪਿਛਲੇ ਸ਼ਰਾਬ ਠੇਕੇਦਾਰਾਂ ਤੋਂ ਮਾਲੀਏ ਦੀ ਫ਼ੀਸ ਦਾ ਵਾਧਾ ਲੈ ਕੇ ਲਾਇਸੈਂਸਾਂ ਦਾ ਨਵਿਆਉਣ ਦਾ ਕੰਮ ਕੀਤਾ ਗਿਆ ਹੈ | ਪੰਜਾਬ ਵਿਚ ਸ਼ਰਾਬ ਦੇ 207 ਗਰੁੱਪ ਹਨ ਤਾਂ ਆਬਕਾਰੀ ਵਿਭਾਗ ਨੇ 31 ਮਾਰਚ ਤੱਕ 90 ਫੀਸਦੀ ਤੋਂ ਜ਼ਿਆਦਾ ਸ਼ਰਾਬ ਦੇ ਗਰੁੱਪ ਵੇਚ ਲਏ ਹਨ | ਵਿਭਾਗ ਨੇ ਕਈ ਗਰੁੱਪ ਤਾਂ ਲਾਇਸੈਂਸ ਫ਼ੀਸ ਵਿਚ ਕਮੀ ਕਰਕੇ ਵੀ ਵੇਚੇ ਹਨ | ਆਬਕਾਰੀ ਵਿਭਾਗ ਨੂੰ ਨਵੇਂ ਵਿੱਤੀ ਵਰੇ੍ਹ ਵਿਚ 12500 ਕਰੋੜ ਤੋਂ ਜ਼ਿਆਦਾ ਦਾ ਮਾਲੀਆ ਮਿਲਣ ਦੀ ਸੰਭਾਵਨਾ ਹੈ | ਉਂਜ ਆਬਕਾਰੀ ਵਿਭਾਗ ਨੇ ਸੂਬੇ ਭਰ ਦੇ 207 ਰਹਿ ਗਏ ਸ਼ਰਾਬ ਗਰੁੱਪਾਂ ਵਿਚੋਂ ਹੁਣ ਸਿਰਫ਼ 10 ਫੀਸਦੀ ਲਾਇਸੈਂਸ ਫ਼ੀਸ ਘਟਾ ਕੇ 21 ਗਰੁੱਪ ਵੇਚਣੇ ਹਨ ਜਿਨ੍ਹਾਂ ਦੇ ਟੈਂਡਰ ਬੁੱਧਵਾਰ ਨੂੰ ਖੋਲੇ ਜਾ ਰਹੇ ਹਨ |