ਅੰਮਿ੍ਤਸਰ, 30 ਮਾਰਚ (ਹਰਮਿੰਦਰ ਸਿੰਘ)-ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਡੀ.ਐੱਮ. ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਭਾਜਪਾ ਵਲੋਂ 4 ਅਪ੍ਰੈਲ ਨੂੰ ਅੰਮਿ੍ਤਸਰ 'ਚ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ | ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਜਾਖੜ ਨੇ ਕਿਹਾ ਪੰਜਾਬ ਦੀ ਸੱਤਾਧਾਰੀ ਪਾਰਟੀ ਅਤੇ ਕਾਂਗਰਸੀ ਆਪਸ ਵਿਚ ਮਿਲੇ ਹੋਏ ਹਨ | ਉਨ੍ਹਾਂ ਕਿਹਾ ਕਿ ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ 'ਚ ਕਾਂਗਰਸੀ ਸੰਸਦ ਮੈਂਬਰ ਵਲੋਂ ਸਭ ਤੋਂ ਪਹਿਲਾਂ ਸੀ.ਬੀ.ਆਈ. ਦੀ ਜਾਂਚ ਦੀ ਮੰਗ ਕੀਤੀ ਗਈ ਪਰ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਦੇ ਨਾਲ ਨਹੀਂ ਚੱਲੇ | ਉਨ੍ਹਾਂ ਕਿਹਾ ਕਿ ਰੰਧਾਵਾ ਆਤਮ ਹੱਤਿਆ ਮਾਮਲੇ 'ਚ ਸੱਤਾਧਾਰੀ ਪਾਰਟੀ ਤੇ ਕਾਂਗਰਸ ਦਾ ਦੋਹਰਾ ਚਿਹਰਾ ਸਾਹਮਣੇ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਸੱਤਾਧਾਰੀ ਪਾਰਟੀ ਰੰਧਾਵਾ ਆਤਮ ਹੱਤਿਆ ਮਾਮਲੇ 'ਚ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ਼ ਮਾਮਲਾ ਦਰਜ ਕਰਨ ਦੀ ਗੱਲ ਕਰ ਰਹੀ ਦੂਸਰੇ ਪਾਸੇ ਭੁੱਲਰ ਨੂੰ ਬਚਾਉਣ ਲਈ ਰੰਧਾਵਾ ਪਰਿਵਾਰ 'ਤੇ ਕਥਿਤ ਦਬਾਅ ਬਣਾ ਰਹੀ ਹੈ | ਜਾਖੜ ਨੇ ਕਿਹਾ ਭਾਜਪਾ ਪਹਿਲੇ ਦਿਨ ਰੰਧਾਵਾ ਪਰਿਵਾਰ ਦੇ ਨਾਲ ਖੜ੍ਹੀ ਹੈ | ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖੇਗੀ | ਇਸ ਮੌਕੇ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਅੰਮਿ੍ਤਸਰ ਦਿਹਾਤੀ-1 ਦੇ ਜ਼ਿਲ੍ਹਾ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ, ਹਰਜਿੰਦਰ ਸਿੰਘ ਠੇਕੇਦਾਰ, ਡਾ. ਰਾਮ ਚਾਵਲਾ, ਕੁਮਾਰ ਅਮਿਤ, ਸੁਖਮਿੰਦਰ ਸਿੰਘ ਪਿੰਟੂ, ਗੁਰਪ੍ਰਤਾਪ ਸਿੰਘ ਟਿੱਕਾ, ਅਜੇਬੀਰ ਪਾਲ ਸਿੰਘ ਰੰਧਾਵਾ, ਪਰਮਜੀਤ ਸਿੰਘ ਬਤਰਾ ਆਦਿ ਹਾਜ਼ਰ ਸਨ |
ਡੀ. ਐੱਮ. ਰੰਧਾਵਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਭਾਜਪਾ ਵਲੋਂ 4 ਨੂੰ ਦਿੱਤਾ ਜਾਵੇਗਾ ਧਰਨਾ-ਜਾਖੜ
ਅਜੀਤ ਡੈਸਕ
31-03-2026