ਹੁਣ ਜੰਗ ਦਾ ਇੱਕੋ ਇਕ ਉਦੇਸ਼ ਹੋਰਮੁਜ਼ ਜਲਡਮਰੂ ਨੂੰ ਖੁਲ੍ਹਵਾਉਣਾ-ਖ਼ਵਾਜਾ ਆਸਿਫ਼
ਅੰਮਿ੍ਤਸਰ, 26 ਮਾਰਚ (ਸੁਰਿੰਦਰ ਕੋਛੜ)-ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਦੇ ਵਿਚਕਾਰ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਅਮਰੀਕਾ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਜੰਗ ਦਾ ਉਦੇਸ਼ ਬਦਲ ਗਿਆ ਹੈ ਤੇ ਹੁਣ ਸਾਰਾ ਧਿਆਨ ਹੋਰਮੁਜ਼ ਜਲਡਮਰੂ ਨੂੰ ਖੁਲ੍ਹਵਾਉਣ 'ਤੇ ਹੈ | ਹਾਲਾਂਕਿ, ਇਹ ਰਸਤਾ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਖੁੱਲ੍ਹਾ ਸੀ ਅਤੇ ਈਰਾਨ-ਅਮਰੀਕਾ ਯੁੱਧ ਦੇ ਕਾਰਨ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਬੰਦ ਕਰ ਦਿੱਤਾ ਹੈ | ਖ਼ਵਾਜਾ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਾਕਿ ਖ਼ੁਦ ਅਮਰੀਕਾ ਅਤੇ ਈਰਾਨ ਵਿਚਕਾਰ ਗੱਲਬਾਤ ਦੀ ਵਿਚੋਲਗੀ ਅਤੇ ਮੇਜ਼ਬਾਨੀ ਕਰਨ ਲਈ ਤਰਲੋਮੱਛੀ ਹੋ ਰਿਹਾ ਹੈ | ਦਰਅਸਲ, ਹੋਰਮੁਜ਼ ਜਲਡਮਰੂ ਦੁਨੀਆ ਲਈ ਮਹੱਤਵਪੂਰਨ ਹੈ ਕਿਉਂਕਿ ਵਿਸ਼ਵ ਤੇਲ ਵਪਾਰ ਦਾ 20 ਫ਼ੀਸਦੀ ਇਸ 'ਚੋਂ ਲੰਘਦਾ ਹੈ | ਡੋਨਾਲਡ ਟਰੰਪ ਨੇ ਵੀ ਦੁਨੀਆ ਨੂੰ ਇਸ ਰਸਤੇ ਨੂੰ ਦੁਬਾਰਾ ਖੋਲ੍ਹਣ ਲਈ ਇੱਕਜੁੱਟ ਹੋਣ ਦੀ ਅਪੀਲ ਕੀਤੀ | ਪਾਕਿ ਮੀਡੀਆ ਰਿਪੋਰਟਾਂ ਅਨੁਸਾਰ ਈਰਾਨ ਨੇ ਲੰਘੇ ਦਿਨ ਅਮਰੀਕਾ ਦੇ ਜੰਗਬੰਦੀ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ | ਈਰਾਨ ਆਪਣੀਆਂ ਸ਼ਰਤਾਂ 'ਤੇ ਯੁੱਧ ਖ਼ਤਮ ਕਰੇਗਾ | 'ਵਿਚੋਲੀਆ' ਬਣੇ ਪਾਕਿ ਨੇ ਅਮਰੀਕਾ ਵਲੋਂ ਈਰਾਨ ਨੂੰ 15-ਨੁਕਾਤੀ ਸ਼ਾਂਤੀ ਯੋਜਨਾ ਸੌਂਪੀ ਹੈ | ਇਸ ਯੋਜਨਾ 'ਚ ਈਰਾਨ 'ਤੇ ਪਾਬੰਦੀਆਂ ਹਟਾਉਣਾ, ਇਸ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਵਾਪਸ ਲੈਣਾ ਅਤੇ ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਣਾ ਆਦਿ ਸ਼ਾਮਿਲ ਹੈ |
ਪਾਕਿ ਦੇ ਰੱਖਿਆ ਮੰਤਰੀ ਨੇ ਅਮਰੀਕਾ 'ਤੇ ਕੱਸਿਆ ਤੰਜ
ਅਜੀਤ ਡੈਸਕ
27-03-2026