ਅੰਮਿ੍ਤਸਰ, 26 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਫਿਰੋਜ਼ਪੁਰ ਡਿਵੀਜ਼ਨ ਨੇ ਸਾਰੀਆਂ ਅੱਠ ਟੀ. ਟੀ. ਈ. ਲਾਬੀਆਂ 'ਚ 100 ਫੀਸਦੀ ਬਾਇਓਮੈਟਿ੍ਕ ਸਾਈਨ-ਆਨ/ਸਾਈਨ-ਆਫ ਸਿਸਟਮ ਸਫਲਤਾਪੂਰਵਕ ਲਾਗੂ ਕੀਤਾ ਹੈ, ਜਿਸ ਨਾਲ ਫਿਰੋਜ਼ਪੁਰ ਡਿਵੀਜ਼ਨ ਇਸ ਸਿਸਟਮ ਨੂੰ ਲਾਗੂ ਕਰਨ ਵਾਲਾ ਉੱਤਰੀ ਰੇਲਵੇ ਦਾ ਪਹਿਲਾ ਡਿਵੀਜ਼ਨ ਬਣ ਗਿਆ ਹੈ | ਫਿਰੋਜ਼ਪੁਰ ਡਿਵੀਜ਼ਨ 'ਚ ਅੰਮਿ੍ਤਸਰ, ਲੁਧਿਆਣਾ, ਜਲੰਧਰ ਸ਼ਹਿਰ, ਜਲੰਧਰ ਛਾਉਣੀ, ਹੁਸ਼ਿਆਰਪੁਰ, ਮੋਗਾ, ਫਿਰੋਜ਼ਪੁਰ ਛਾਉਣੀ ਅਤੇ ਫਾਜ਼ਿਲਕਾ ਰੇਲਵੇ ਸਟੇਸ਼ਨਾਂ 'ਤੇ ਟੀ. ਟੀ. ਈ. ਲਾਬੀਆਂ 'ਚ ਬਾਇਓਮੈਟਿ੍ਕ ਸਾਈਨ-ਆਨ ਅਤੇ ਸਾਈਨ-ਆਫ ਹਾਜ਼ਰੀ ਲਾਗੂ ਕੀਤੀ ਜਾਂਦੀ ਹੈ, ਜਿਸ ਨਾਲ 100 ਫੀਸਦੀ ਬਾਇਓਮੈਟਿ੍ਕ ਹਾਜ਼ਰੀ ਯਕੀਨੀ ਬਣਾਈ ਜਾਂਦੀ ਹੈ | ਇਹ ਆਧੁਨਿਕ ਪ੍ਰਣਾਲੀ ਕਰਮਚਾਰੀਆਂ ਦੀ ਪਾਰਦਰਸ਼ੀ, ਸੁਰੱਖਿਅਤ ਅਤੇ ਸਹੀ ਹਾਜ਼ਰੀ ਰਿਕਾਰਡਿੰਗ ਨੂੰ ਯਕੀਨੀ ਬਣਾਉਂਦੀ ਹੈ | ਇਸ ਆਧੁਨਿਕ ਪ੍ਰਣਾਲੀ ਰਾਹੀਂ, ਟੀ. ਟੀ. ਈ. ਸਟਾਫ ਲਈ ਹਾਜ਼ਰੀ ਅਤੇ ਡਿਊਟੀ ਪ੍ਰਬੰਧਨ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਅਤੇ ਪਾਰਦਰਸ਼ੀ ਹੋ ਗਈ ਹੈ, ਜਿਸ ਨਾਲ ਕੁਸ਼ਲਤਾ 'ਚ ਵਾਧਾ ਹੋਇਆ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਪਹਿਲ ਭਾਰਤ ਸਰਕਾਰ ਦੀ ਡਿਜ਼ੀਟਲ ਇੰਡੀਆ ਪਹਿਲਕਦਮੀ ਦੇ ਤਹਿਤ ਸ਼ੁਰੂ ਕੀਤੀ ਗਈ ਸੀ ਅਤੇ ਇਸ ਨਾਲ ਰੇਲਵੇ ਕਰਮਚਾਰੀਆਂ ਦੇ ਕੰਮ ਪ੍ਰਬੰਧਨ 'ਚ ਕਾਫ਼ੀ ਸੁਧਾਰ ਹੋਇਆ ਹੈ |