ਈਰਾਨ ਯੁੱਧ ਦੌਰਾਨ ਭੋਜਨ ਸਪਲਾਈ ਕਰਕੇ ਅਰਬ ਦੇਸ਼ਾਂ ਨੂੰ ਲੁਭਾਉਣ ਦੀ ਕਰ ਰਿਹਾ ਕੋਸ਼ਿਸ਼
ਅੰਮਿ੍ਤਸਰ, 26 ਮਾਰਚ (ਸੁਰਿੰਦਰ ਕੋਛੜ)-ਈਰਾਨ ਯੁੱਧ ਦੌਰਾਨ ਪਾਕਿਸਤਾਨ ਨੇ ਅਰਬ ਦੇਸ਼ਾਂ ਨੂੰ ਭੋਜਨ ਸਪਲਾਈ ਵਧਾ ਕੇ ਆਪਣੀ 'ਭਿਖਾਰੀ ਨਿਰਯਾਤਕ' ਦੇਸ਼ ਵਾਲੀ ਛਾਪ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ | ਹੋਰਮੁਜ਼ ਜਲਡਮਰੂ 'ਚ ਤਣਾਅ ਨੇ ਸਪਲਾਈ ਚੇਨਾਂ ਨੂੰ ਵਿਗਾੜ ਦਿੱਤਾ ਹੈ ਤੇ ਅਰਬ ਦੇਸ਼ਾਂ 'ਚ ਭੋਜਨ ਦੀ ਕਮੀ ਦਾ ਖ਼ਤਰਾ ਵਧ ਗਿਆ ਹੈ | ਖ਼ੁਦ ਆਰਥਿਕ ਤੇ ਬਾਲਣ ਸੰਕਟ ਨਾਲ ਜੂਝ ਰਿਹਾ ਪਾਕਿ ਸਥਿਤੀ ਦਾ ਫ਼ਾਇਦਾ ਉਠਾ ਕੇ ਆਪਣੇ ਆਪ ਨੂੰ ਅਰਬ ਦੇਸ਼ਾਂ ਨੂੰ ਭੋਜਨ ਸਪਲਾਈ ਵਧਾਉਣ ਵਾਲੇ ਇਕ ਮੁੱਖ ਸਪਲਾਇਰ ਵਜੋਂ ਸਥਾਪਤ ਕਰ ਰਿਹਾ ਹੈ | ਪਾਕਿ 'ਚ ਈਾਧਨ ਦੀ ਕਮੀ ਕਾਰਨ ਸਰਕਾਰੀ ਕਰਮਚਾਰੀਆਂ ਲਈ 4 ਦਿਨਾਂ ਦਾ ਕੰਮਕਾਜੀ ਹਫ਼ਤਾ ਲਾਗੂ ਕੀਤਾ ਗਿਆ ਹੈ ਤੇ ਸਕੂਲ ਦੋ ਹਫ਼ਤਿਆਂ ਲਈ ਬੰਦ ਕਰ ਦਿੱਤੇ ਗਏ ਹਨ | ਇਸ ਦੇ ਬਾਵਜੂਦ ਪਾਕਿ ਦਾ ਇਹ ਕਦਮ ਉਸ ਦੀ ਰਣਨੀਤਕ ਸੋਚ ਨੂੰ ਦਰਸਾਉਂਦਾ ਹੈ | ਇਕ ਪਾਸੇ, ਉਹ ਖਾੜੀ ਦੇਸ਼ਾਂ, ਖ਼ਾਸ ਕਰਕੇ ਸਾਊਦੀ ਅਰਬ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ, ਜਦੋਂ ਕਿ ਦੂਜੇ ਪਾਸੇ, ਉਹ ਈਰਾਨ ਨਾਲ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਅਰਬ ਦੇਸ਼ਾਂ 'ਚ ਪਾਕਿ ਦਾ ਅਕਸ 'ਭਿਖਾਰੀ ਨਿਰਯਾਤਕ' ਦਾ ਬਣਿਆ ਹੋਇਆ ਹੈ | ਵੱਡੀ ਗਿਣਤੀ 'ਚ ਪਾਕਿਸਤਾਨੀ ਉੱਥੇ ਪਹੁੰਚ ਕੇ ਸੜਕਾਂ 'ਤੇ ਭੀਖ ਮੰਗ ਰਹੇ ਸਨ | ਇਸ ਨਾਲ ਨਾ ਸਿਰਫ਼ ਦੇਸ਼ ਦੀ ਛਾਪ ਖ਼ਰਾਬ ਹੋਈ ਬਲਕਿ ਕਾਨੂੰਨ ਵਿਵਸਥਾ 'ਤੇ ਵੀ ਅਸਰ ਪਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਨਿਰਦੇਸ਼ ਦਿੱਤੇ ਹਨ ਕਿ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਾਧੂ ਭੋਜਨ ਵਸਤੂਆਂ ਦੇ ਨਿਰਯਾਤ ਨੂੰ ਤੇਜ਼ ਕੀਤਾ ਜਾਵੇ |
ਪਾਕਿ 'ਭਿਖਾਰੀ ਨਿਰਯਾਤਕ' ਵਜੋਂ ਬਣੀ ਆਪਣੀ ਛਾਪ ਨੂੰ ਸੁਧਾਰਨ ਲਈ ਪੱਬਾਂ ਭਾਰ
ਅਜੀਤ ਡੈਸਕ
27-03-2026