ਸ਼ਿਵ ਸ਼ਰਮਾ
ਜਲੰਧਰ, 26 ਮਾਰਚ-ਲਗਾਤਾਰ ਚੱਲ ਰਹੀ ਜੰਗ ਕਾਰਨ ਕੱਚੇ ਤੇਲ ਤੋਂ ਨਿਕਲਣ ਵਾਲੇ ਕਈ ਉਤਪਾਦਾਂ ਦੀਆਂ ਕੀਮਤਾਂ ਵੀ ਨਾਲੋਂ-ਨਾਲ ਵਧਣ ਨਾਲ ਇਸ ਦਾ ਅਸਰ ਕਈ ਕਾਰੋਬਾਰੀਆਂ 'ਤੇ ਪੈ ਰਿਹਾ ਹੈ | ਤੇਲ ਤੋਂ ਲੈ ਕੇ ਇਸ ਨਾਲ ਜੁੜੇ ਕਾਰੋਬਾਰੀਆਂ ਅਤੇ ਲੋਕਾਂ 'ਤੇ ਅਚਾਨਕ ਪਏ ਇਸ ਵਾਧੇ ਨਾਲ ਉਨ੍ਹਾਂ ਦਾ ਬਜਟ ਵੀ ਪ੍ਰਭਾਵਿਤ ਹੋਇਆ ਹੈ | ਕੱਚੇ ਤੇਲ ਤੋਂ ਨਿਕਲਦੇ ਪਲਾਸਟਿਕ ਦੀ ਕੀਮਤ ਵਿਚ ਵੀ 50 ਫੀਸਦੀ ਵਾਧਾ ਹੋ ਗਿਆ ਹੈ ਜਿਸ ਨਾਲ ਪਲਾਸਟਿਕ ਦਾ ਕਾਰੋਬਾਰ ਕਰਨ ਵਾਲਿਆਂ ਨੇ ਇਸ ਤੋਂ ਤਿਆਰ ਹੁੰਦੀਆਂ ਚੀਜ਼ਾਂ ਦੀ ਕੀਮਤ ਵਧਾ ਦਿੱਤੀ ਹੈ | ਦਵਾਈ ਕਾਰੋਬਾਰੀਆਂ ਵਲੋਂ ਜਿਹੜੀ ਪੀਣ ਵਾਲੀ ਦਵਾਈ ਤਿਆਰ ਕੀਤੀ ਜਾਂਦੀ ਹੈ | ਉਸਨੂੰ ਪਲਾਸਟਿਕ ਨਾਲ ਬਣੀ ਸ਼ੀਸ਼ੀ ਵਿਚ ਪਾਇਆ ਜਾਂਦਾ ਹੈ | ਪਲਾਸਟਿਕ ਵਾਲੀ ਸ਼ੀਸ਼ੀ ਵਿਚ ਜ਼ਿਆਦਾ ਖੰਘ ਦੀ ਦਵਾਈ ਅਤੇ ਹੋਰ ਬਿਮਾਰੀਆਂ ਦੀ ਦਵਾਈਆਂ ਵੀ ਸ਼ਾਮਿਲ ਹੁੰਦੀਆਂ ਹਨ | ਪੰਜਾਬ ਵਿਚ ਵੀ ਇਕ ਦਰਜਨ ਤੋਂ ਜ਼ਿਆਦਾ ਦਵਾਈਆਂ ਦੀਆਂ ਫ਼ੈਕਟਰੀਆਂ ਮੌਜੂਦ ਹਨ ਜਿਨ੍ਹਾਂ ਵਿਚ ਲੱਖਾਂ ਦੀ ਗਿਣਤੀ ਵਿਚ ਪਲਾਸਟਿਕ ਦੀਆਂ ਬਣੀਆਂ ਸ਼ੀਸ਼ੀਆਂ ਅਤੇ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ | ਸ਼ੀਸ਼ੀਆਂ ਤਿਆਰ ਕਰਨ ਵਾਲਿਆਂ ਨੇ ਪ੍ਰਤੀ ਸ਼ੀਸ਼ੀ ਦੀ ਕੀਮਤ ਵਿਚ 1 ਰੁਪਏ ਦਾ ਵਾਧਾ ਕਰ ਦਿੱਤਾ ਹੈ | ਇਸ ਨਾਲ ਦਵਾਈ ਕਾਰੋਬਾਰ 'ਤੇ ਲੱਖਾਂ ਰੁਪਏ ਦਾ ਨਵਾਂ ਹੋਰ ਬੋਝ ਪੈ ਗਿਆ ਹੈ | ਇਸ ਤੋਂ ਇਲਾਵਾ ਜਿਹੜੀ ਦਵਾਈ ਗੱਤੇ ਦੇ ਡੱਬੇ ਵਿਚ ਪੈਕ ਕਰਕੇ ਦਿੱਤੀ ਜਾਂਦੀ ਹੈ, ਉਸ ਦੀ ਕੀਮਤ ਵਿਚ ਵੀ ਵਾਧਾ ਹੋ ਗਿਆ ਹੈ | ਪੰਜਾਬ ਡਰੱਗ ਮੈਨੂੰਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੁਖ਼ਾਰ ਲਈ ਅਹਿਮ ਪੈਰਾਸੀਟਾਮੋਲ ਦੇ ਕੱਚੇ ਮਾਲ ਦੀ ਕੀਮਤ ਵਿਚ ਹੀ 3 ਗੁਣਾ ਦਾ ਵਾਧਾ ਹੋ ਗਿਆ ਹੈ ਤੇ ਇਸ ਤੋਂ ਇਲਾਵਾ ਹੋਰ ਦਵਾਈਆਂ ਵਿਚ ਪੈਣ ਵਾਲਾ ਕੱਚਾ ਮਾਲ ਕਾਫੀ ਮਹਿੰਗਾ ਹੋ ਗਿਆ | ਸ. ਜੱਗੀ ਨੇ ਦੱਸਿਆ ਕਿ ਸ਼ੀਸ਼ੀਆਂ, ਡੱਬੀਆਂ ਅਤੇ ਕੱਚਾ ਮਾਲ ਮਹਿੰਗਾ ਹੋਣ ਕਰਕੇ ਇਸ ਦਾ ਭਾਰ ਦਵਾਈ ਕਾਰੋਬਾਰੀਆਂ 'ਤੇ ਪਿਆ ਹੈ ਪਰ ਉਹ ਮਰੀਜ਼ਾਂ ਲਈ ਇਨ੍ਹਾਂ ਦਵਾਈਆਂ ਦੀ ਕੀਮਤਾਂ ਵਿਚ ਵਾਧਾ ਨਹੀਂ ਕਰ ਸਕਦੇ | ਕਿਉਂਕਿ ਸਰਕਾਰ ਵਲੋਂ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਹਨ | ਉਧਰ ਜਿੱਥੇ ਕਾਰੋਬਾਰੀਆਂ ਲਈ ਕੱਚਾ ਮਾਲ ਮਹਿੰਗਾ ਹੋਇਆ ਹੈ ਤੇ ਆਉਣ ਵਾਲੇ ਸਮੇਂ ਵਿਚ ਮਰੀਜ਼ਾਂ ਨੂੰ ਮਹਿੰਗੀਆਂ ਦਵਾਈਆਂ ਦਾ ਵੀ ਝਟਕਾ ਲੱਗ ਸਕਦਾ ਹੈ |
ਕੱਚਾ ਮਾਲ ਮਹਿੰਗਾ ਹੋਣ ਨਾਲ ਦਵਾਈਆਂ ਮਹਿੰਗੀਆਂ ਹੋਣ ਲੱਗੀਆਂ <br/>
ਅਜੀਤ ਡੈਸਕ
27-03-2026