ਸੇਠ ਰਾਮਚੰਦ ਦੀ ਕੋਠੀ ਰਹਿਮਾਨ ਬਲੋਚ ਦੀ ਹਵੇਲੀ ਵਜੋਂ ਹੋ ਰਹੀ ਪ੍ਰਸਿੱਧ
ਅੰਮਿ੍ਤਸਰ, 26 ਮਾਰਚ (ਸੁਰਿੰਦਰ ਕੋਛੜ)-ਲਗਭਗ ਡੇਢ ਸਦੀ ਪੁਰਾਣੀ ਯੂਰਪੀਅਨ ਤੇ ਮੁਗ਼ਲ ਇਮਾਰਤਸਾਜ਼ੀ ਦਾ ਬਿਹਤਰੀਨ ਨਮੂਨਾ ਅੰਮਿ੍ਤਸਰ ਦੀ 'ਲਾਲ ਕੋਠੀ' ਨੂੰ ਬਾਲੀਵੁੱਡ ਦੀ ਚਰਚਿਤ ਫ਼ਿਲਮ 'ਧੁਰੰਧਰ' 'ਚ ਰਹਿਮਾਨ ਬਲੋਚ (ਅਕਸ਼ੈ ਖੰਨਾ) ਦੀ ਰਿਹਾਇਸ਼ ਵਜੋਂ ਪੇਸ਼ ਕੀਤੇ ਜਾਣ ਤੋਂ ਬਾਅਦ ਇਸ ਦੀ ਪਹਿਚਾਣ ਬਦਲ ਚੁਕੀ ਹੈ | ਸਥਾਨਕ ਕੰਵਿਜ਼ ਰੋਡ 'ਤੇ ਕੂਪਰ ਰੋਡ ਦੇ ਵਿਚਾਲੇ ਸਥਿਤ ਸੇਠ ਰਾਮਚੰਦ 'ਕੱਪੜੇ ਵਾਲੇ' ਦੀ ਇਹ ਤਿੰਨ ਮੰਜ਼ਿਲਾਂ ਆਲੀਸ਼ਾਨ ਕੋਠੀ ਹੁਣ ਰਹਿਮਾਨ ਬਲੋਚ ਜਾਂ ਰਹਿਮਾਨ ਡਕੈਤ ਦੀ ਹਵੇਲੀ ਵਜੋਂ ਪ੍ਰਸਿੱਧੀ ਪ੍ਰਾਪਤ ਕਰ ਰਹੀ ਹੈ | 'ਧੁਰੰਧਰ' ਦੇ ਅਦਾਕਾਰ ਅਕਸ਼ੈ ਖੰਨਾ ਅਤੇ ਰਣਵੀਰ ਸਿੰਘ ਦੇ ਵਧੇਰੇਤਰ ਫ਼ਿਲਮੀ ਸੀਨ ਇਸੇ ਹਵੇਲੀ 'ਚ ਫਿਲਮਾਏ ਗਏ ਹਨ | ਭਾਵੇਂ ਕਿ 'ਧੁਰੰਧਰ' ਤੋਂ ਪਹਿਲਾਂ 10 ਤੋਂ ਵਧੇਰੇ ਬਾਲੀਵੁੱਡ ਫ਼ਿਲਮਾਂ ਦੀ ਸ਼ੂਟਿੰਗ ਇਸ ਹਵੇਲੀ 'ਚ ਹੋ ਚੁਕੀ ਹੈ, ਪਰ ਇਸ ਤੋਂ ਪਹਿਲਾਂ ਇਸ ਦੀ ਪਹਿਚਾਣ 'ਤੇ ਕੋਈ ਅਸਰ ਨਹੀਂ ਪਿਆ ਸੀ | ਦੱਸਣਯੋਗ ਹੈ ਕਿ ਇਸ ਕੋਠੀ ਦੀ ਉਸਾਰੀ ਅੰਮਿ੍ਤਸਰ ਦੇ ਪ੍ਰਸਿੱਧ ਕਪੜਾ ਵਪਾਰੀ ਸ਼ਾਹੂਕਾਰ ਰਾਮਚੰਦ ਨੇ ਲਗਭਗ ਇਕ ਲੱਖ ਰੁਪਏ ਦੀ ਲਾਗਤ ਨਾਲ ਸੰਨ 1870-80 ਦੇ ਦਰਮਿਆਨ ਕਰਵਾਈ ਸੀ | ਇਸ ਖੇਤਰ 'ਚ ਅੰਗਰੇਜ਼ੀ ਸ਼ਾਸਨ ਵੇਲੇ ਸਿਰਫ਼ ਰਾਏ ਬਹਾਦਰ, ਸਰਦਾਰ ਬਹਾਦਰ ਤੇ ਖ਼ਾਨ ਬਹਾਦਰ ਦੀ ਉਪਾਧੀ ਪ੍ਰਾਪਤ ਅੰਗਰੇਜ਼ ਭਗਤ ਲੋਕਾਂ ਨੂੰ ਹੀ ਆਪਣੇ ਬੰਗਲੇ-ਕੋਠੀਆਂ ਉਸਾਰਨ ਦੀ ਮਨਜ਼ੂਰੀ ਸੀ | ਇੱਥੋਂ ਤਕ ਕਿ ਉਨ੍ਹੀਂ ਦਿਨੀਂ ਇੱਥੇ ਜੋ ਦੋ ਰੈਸਟੋਰੈਂਟ ਬਣਾਏ ਗਏ ਸਨ ਉਹ ਵੀ ਸਿਰਫ਼ ਉਕਤ ਪਰਿਵਾਰਾਂ ਜਾਂ ਅੰਗਰੇਜ਼ ਅਧਿਕਾਰੀਆਂ ਲਈ ਹੀ ਸਨ | ਉਸ ਸਮੇਂ ਇੱਥੇ ਬਣੀਆਂ ਕੋਠੀਆਂ 'ਚੋਂ ਇਕ ਦਰਜਨ ਤੋਂ ਵਧੇਰੇ ਅੱਜ ਵੀ ਮੌਜੂਦ ਹਨ ਅਤੇ ਉਨ੍ਹਾਂ 'ਚੋਂ ਲਾਲ ਕੋਠੀ ਸਭ ਤੋਂ ਉੱਚੀ ਅਤੇ ਦਿਲਖਿੱਚਵੀਂ ਹੈ | ਸ਼ਾਹੂਕਾਰ ਰਾਮਚੰਦ ਦੀ ਇਸ ਲਾਲ ਕੋਠੀ 'ਚ ਸੱਜਣ ਵਾਲੀਆਂ ਮਹਿਫ਼ਲਾਂ 'ਚ ਰਈਸਜ਼ਾਦਿਆਂ ਅਤੇ ਅੰਗਰੇਜ਼ ਅਧਿਕਾਰੀਆਂ ਦੀ ਚੰਗੀ ਭੀੜ ਜੁੜਦੀ ਹੋਵੇਗੀ | ਅਜਿਹੇ ਸ਼ੌਕ ਦੇ ਚੱਲਦਿਆਂ ਰਾਮਚੰਦ ਜਲਦੀ ਕਰਜ਼ਦਾਰ ਹੋ ਗਿਆ | ਨਸ਼ਿਆਂ ਕਾਰਨ ਹੋਣ ਵਾਲੀ ਇਸ ਬਰਬਾਦੀ ਦੀ ਗਵਾਹੀ ਦੇਣ ਲਈ ਉਸ ਦੀ ਪਤਨੀ ਨੇ ਇਕ ਅਜਿਹੀ ਪੇਂਟਿੰਗ ਬਣਵਾਈ ਜਿਸ 'ਚ ਲਾਲ ਕੋਠੀ ਨੂੰ ਸ਼ਰਾਬ ਦੇ ਪਿਆਲੇ 'ਚ ਡੁੱਬਦਿਆਂ ਵਿਖਾਇਆ ਗਿਆ | ਅਗਾਂਹ ਉਸ ਦੇ ਪੁੱਤਰ ਸਵ. ਦੁਰਗਾ ਦਾਸ ਮਹਿਰਾ ਦੀ ਪਤਨੀ ਰਾਜ ਕੁਮਾਰੀ ਨੇ ਸਾਲ 1985 ਦੇ ਸ਼ੁਰੂ 'ਚ ਲਗਭਗ ਸਵਾ ਸੱਤ ਲੱਖ ਰੁਪਏ 'ਚ ਇਹ ਕੋਠੀ ਗਾਂਧੀ ਆਸ਼ਰਮ ਸੰਸਥਾ ਦੇ ਡਾਇਰੈਕਟਰ ਰਾਮ ਸੁਮੇਰ ਬਾਈ ਅਤੇ ਸਕੱਤਰ ਮਹੇਸ਼ ਚੰਦਰ ਤਿਵਾੜੀ ਨੂੰ ਵੇਚ ਦਿੱਤੀ | ਇਹ ਕੋਠੀ ਹੁਣ ਗਾਂਧੀ ਆਸ਼ਰਮ ਦੀ ਮਲਕੀਅਤ ਹੈ |
'ਧੁਰੰਧਰ' ਨੇ ਬਦਲੀ ਡੇਢ ਸਦੀ ਪੁਰਾਣੀ 'ਲਾਲ ਕੋਠੀ' ਦੀ ਪਹਿਚਾਣ
ਅਜੀਤ ਡੈਸਕ
27-03-2026