ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਨਤਮਸਤਕ ਹੋਣ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ
ਹਠੂਰ, 26 ਮਾਰਚ (ਜਸਵਿੰਦਰ ਸਿੰਘ ਛਿੰਦਾ)-ਨਾਨਕਸਰ ਸੱਚਮੁੱਚ ਭਗਤੀ ਦਾ ਘਰ ਹੈ ਜਿੱਥੇ ਬਾਬਾ ਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਨੇ ਕਠਿਨ ਤਪੱਸਿਆ ਕੀਤੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਹੁੰਦਿਆਂ ਅੱਜ ਉਨ੍ਹਾਂ ਨੂੰ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ ਪਵਿੱਤਰ ਜਨਮ ਭੂਮੀ 'ਤੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਲਈ ਉਹ ਮੌਜੂਦਾ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ | ਇਹ ਪ੍ਰਗਟਾਵਾ ਅੱਜ ਗੁਰਦੁਆਰਾ 13 ਮੰਜ਼ਿਲਾ ਨਾਨਕਸਰ ਝੋਰੜਾਂ ਤੋਂ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਜਾਏ ਵਿਸ਼ਾਲ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੰਗਤਾਂ ਦੇ ਭਰੇ ਪੰਡਾਲ ਵਿਚ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਅੱਜ ਜਿੱਥੇ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਸੰਤ ਬਾਬਾ ਨਰਾਇਣ ਸਿੰਘ ਜੀ ਦੀ ਬਰਸੀ ਹੈ, ਉੱਥੇ ਅੱਜ ਰਾਮਨੌਮੀ ਤੇ ਦੁਰਗਾ ਅਸ਼ਟਮੀ ਦੇ ਪਵਿੱਤਰ ਤਿਉਹਾਰ ਵੀ ਹਨ | ਉਨ੍ਹਾਂ ਕਿਹਾ ਕਿ ਮਹਾਂਪੁਰਖਾਂ ਦੀ ਕਮਾਈ ਦਾ ਫਲ ਹੈ ਕਿ ਅੱਜ ਦੁਨੀਆਂ ਦੇ ਕੋਨੇ ਕੋਨੇ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੋਣ ਲਈ ਆਈਆਂ ਹਨ ਜਿਸ ਵਿਚ ਉਹ ਖੁਦ ਵੀ ਹਨ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਮੂਹ ਸੰਗਤਾਂ ਨੂੰ ਜਨਮ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਬਾਬਾ ਘਾਲਾ ਸਿੰਘ ਵੀ ਸੇਵਾ ਸਿਮਰਨ ਦੀ ਅਜਿਹੀ ਮੂਰਤ ਹਨ ਜੋ ਆਪਣੀ ਸਮੁੱਚੀ ਜ਼ਿੰਦਗੀ ਗੁਰੂ ਦੇ ਚਰਨਾਂ 'ਚ ਬਿਤਾ ਰਹੇ ਹਨ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀ ਉਚਾਰੀ ਬਾਣੀ ਅਤੇ ਕੁਰਬਾਨੀਆਂ ਸਰਬੱਤ ਦੇ ਭਲੇ ਲਈ ਹਨ | ਆਪਣੀ ਸਰਕਾਰ ਅਤੇ ਕੇਂਦਰ ਸਰਕਾਰ ਦੀ ਸਿੱਖ ਧਰਮ ਪ੍ਰਤੀ ਸ਼ਰਧਾ-ਭਾਵਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਰਿਆਣਾ ਵਿਖੇ 1984 ਦੇ 'ਚ ਦੰਗਾ ਪੀੜਤਾਂ ਦੇ 121 ਪਰਿਵਾਰਾਂ ਦੇ ਇਕ-ਇਕ ਜੀਅ ਨੂੰ ਨੌਕਰੀ ਦੇਣ ਦਾ ਫ਼ੈਸਲਾ ਕੀਤਾ ਹੈ | ਇਸੇ ਤਰ੍ਹਾਂ ਉਨ੍ਹਾਂ ਦੀ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੂਰੇ ਦੇਸ਼ ਵਿਚ ਸਮਾਗਮ ਕੀਤੇ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਯਾਦ ਵਿਚ ਵੀਰ ਬਾਲ ਦਿਵਸ ਮਨਾਉਣਾ ਸ਼ੁਰੂ ਕੀਤਾ | ਚੌਧਰੀ ਦੇਵੀ ਲਾਲ ਯੂਨੀਵਰਸਿਟੀ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਚੇਅਰ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ | ਹਰਿਆਣਾ ਵਿਖੇ ਜਿੰਨੇ੍ਹ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਹਨ ਉਨ੍ਹਾਂ ਨੂੰ ਹਰ ਸਹੂਲਤ ਦੇਣ ਲਈ ਉਨ੍ਹਾਂ ਦੀ ਸਰਕਾਰ ਵਚਨਬੱਧ ਹੈ | ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਯਾਦ ਵਿਚ ਬਣੇ ਗੁਰਦੁਆਰਾ ਚਿੱਲ੍ਹਾ ਸਾਹਿਬ ਨੂੰ ਨੌ ਏਕੜ ਜ਼ਮੀਨ ਦੇਣ ਦਾ ਫ਼ੈਸਲਾ ਕੀਤਾ ਹੈ | ਗਵਰਮੈਂਟ ਪੋਲੀਟੈਕਨੀਕਲ ਕਾਲਜ ਅੰਬਾਲਾ ਦਾ ਨਾਂਅ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ 'ਤੇ ਰੱਖਣ ਦਾ ਕੰਮ ਉਨ੍ਹਾਂ ਦੀ ਸਰਕਾਰ ਨੇ ਕੀਤਾ ਹੈ | ਯਮੁਨਾ ਨਗਰ ਦੇ ਵਿਚ ਬਣ ਰਹੇ ਮੈਡੀਕਲ ਕਾਲਜ ਜਿਹਦੀ ਕੀਮਤ ਲਗਭਗ 1200 ਕਰੋੜ ਰੁਪਏ ਉਸ ਮੈਡੀਕਲ ਕਾਲਜ ਦਾ ਨਾਂਅ ਵੀ ਗੁਰੂ ਤੇਗ ਬਹਾਦਰ ਮੈਡੀਕਲ ਕਾਲਜ ਰੱਖਣ ਦਾ ਫ਼ੈਸਲਾ ਕੀਤਾ ਹੈ | ਮਾਤਾ ਗੁਜਰ ਕੌਰ ਜੀ ਦੇ ਨਾਂਅ 'ਤੇ ਕਾਲਜ ਦੀ ਸਥਾਪਨਾ ਕੀਤੀ ਜਾ ਰਹੀ ਹੈ | ਲੋਹਗੜ੍ਹ ਸਾਹਿਬ ਯਮੁਨਾ ਨਗਰ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਸਮਾਰਕ ਦਾ ਉਦਘਾਟਨ ਵੀ ਕੀਤਾ ਜਾ ਚੁੱਕਾ ਹੈ | ਇਸ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਵਲੋਂ ਸ੍ਰੀ ਹਜੂਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਹੇਮਕੁੰਟ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਜਾਣ ਵਾਲੇ ਪ੍ਰਦੇਸ਼ ਦੇ ਤੀਰਥ ਯਾਤਰੀਆਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ | ਇਸ ਮੌਕੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਇੱਥੇ ਪੁੱਜਣ ਲਈ ਧੰਨਵਾਦ ਕੀਤਾ |
ਗੁਰੂ ਸਾਹਿਬਾਨ ਦੀ ਉਚਾਰੀ ਬਾਣੀ ਤੇ ਕੁਰਬਾਨੀਆਂ ਸਰਬੱਤ ਦੇ ਭਲੇ ਲਈ ਹਨ-ਸੈਣੀ <br/>
ਅਜੀਤ ਡੈਸਕ
27-03-2026