24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਲੋਕ ਸਭਾ 'ਚੋਂ 32 ਸੋਧਾਂ ਨਾਲ ਪਾਸ ਹੋਇਆ ਵਿੱਤ ਬਿੱਲ 2026 <br/>

ਅਜੀਤ ਡੈਸਕ 26-03-2026
ਨਵੀਂ ਦਿੱਲੀ, 25 ਮਾਰਚ (ਉਪਮਾ ਡਾਗਾ ਪਾਰਥ)- ਲੋਕ ਸਭਾ ਨੇ ਬੁੱਧਵਾਰ ਨੂੰ ਵਿੱਤ ਬਿੱਲ 2026 ਨੂੰ 32 ਸਰਕਾਰੀ ਸੋਧਾਂ ਦੇ ਨਾਲ ਪਾਸ ਕਰ ਦਿੱਤਾ | ਹੁਣ ਇਹ ਬਿੱਲ ਰਾਜ ਸਭਾ 'ਚ ਪੇਸ਼ ਕੀਤੇ ਜਾਵੇਗਾ ਅਤੇ ਉਪਰਲੇ ਸਦਨ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਵਿੱਤੀ ਸਾਲ 2026-27 ਦਾ ਬਜਟ ਪੂਰੀ ਤਰ੍ਹਾਂ ਨਾਲ ਪਾਸ ਹੋ ਜਾਵੇਗਾ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ 'ਚ ਬਜਟ 'ਤੇ ਚਰਚਾ 'ਤੇ ਜਵਾਬ ਦਿੰਦਿਆਂ ਕਿਹਾ ਕਿ ਭਾਰਤ 'ਚ ਸੁਧਾਰ ਮਜਬੂਰੀ 'ਚ ਨਹੀਂ ਸਗੋਂ ਭਰੋਸੇ, ਸਪੱਸ਼ਟਤਾ ਅਤੇ ਵਚਨਬੱਧਤਾ ਨਾਲ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਅਜਿਹਾ ਟੈਕਸ ਸਿਸਟਮ ਤਿਆਰ ਕਰਨਾ ਹੈ, ਜੋ ਜ਼ਿਆਦਾ ਜਾਂਚ ਦੀ ਥਾਂ 'ਤੇ ਟੈਕਸ ਭਰਨ ਵਾਲਿਆਂ ਦੇ ਭਰੋਸੇ 'ਤੇ ਆਧਾਰਿਤ ਹੋਵੇ | ਵਿੱਤ ਮੰਤਰੀ ਨੇ ਸਰਕਾਰ ਦੀਆਂ ਸੁਧਾਰ ਨੀਤੀਆਂ ਨੂੰ 5 ਸਿਧਾਂਤਾਂ 'ਤੇ ਆਧਾਰਿਤ ਦੱਸਦਿਆਂ ਕਿਹਾ ਕਿ ਸਰਕਾਰ ਦਾ ਉਦੇਸ਼ ਭਰੋਸਾ ਆਧਾਰਿਤ ਟੈਕਸ ਸਿਸਟਮ ਦੀ ਸਿਰਜਣਾ, ਆਮ ਆਦਮੀ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ, ਛੋਟੇ ਕਾਰੋਬਾਰੀਆਂ, ਕਿਸਾਨਾਂ ਨੂੰ ਸੁਵਿਧਾਵਾਂ ਦੇਣਾ, ਭਾਰਤ ਨੂੰ ਡਿਜ਼ਟਲ, ਬੁਨਿਆਦੀ ਢਾਂਚੇ ਅਤੇ ਹੋਰਨਾਂ ਅਹਿਮ ਖੇਤਰਾਂ 'ਚ ਮਜ਼ਬੂਤ ਕਰਦਿਆਂ ਆਲਮੀ 'ਹੱਬ' ਵਜੋਂ ਸਥਾਪਿਤ ਕਰਨਾ ਹੈ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਚੋਣ ਮੁਖੀ ਰਾਜ ਪੱਛਮੀ ਬੰਗਾਲ 'ਚ ਸੱਤਾ ਧਿਰ ਤਿ੍ਣਮੂਲ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਉਹ ਸੂਬੇ 'ਚ ਗ਼ਰੀਬ ਲੋਕਾਂ ਨਾਲ ਬਦਲੇ ਦੀ ਕਾਰਵਾਈ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਕੇਂਦਰੀ ਯੋਜਨਾਵਾਂ ਦਾ ਫਾਇਦਾ ਨਹੀਂ ਲੈਣ ਦੇ ਰਹੀ | ਸੀਤਾਰਮਨ ਨੇ ਪੱਛਮੀ ਬੰਗਾਲ ਦੇ 7 ਲੱਖ ਤੋਂ ਵੱਧ ਚਾਹ ਬਾਗਾਨਾਂ 'ਚ ਕੰਮ ਕਰਨ ਵਾਲੇ ਕਿਰਤੀਆਂ ਨੂੰ ਕੇਂਦਰੀ ਯੋਜਨਾਵਾਂ ਦਾ ਫਾਇਦਾ ਨਾ ਦੁਆਉਣ ਲਈ ਘੇਰਦਿਆਂ ਇਹ ਵੀ ਕਿਹਾ ਕਿ ਇਸ ਸੰਬੰਧ 'ਚ ਕਮੇਟੀ ਤੱਕ ਦਾ ਗਠਨ ਨਹੀਂ ਕੀਤਾ ਗਿਆ | ਨਾਲ ਹੀ ਚੋਣਾਵੀ ਸੂਬੇ ਕੇਰਲ 'ਤੇ ਵੀ ਗ਼ਰੀਬਾਂ ਦੀ ਅਣਗਹਿਲੀ ਕਰਨ ਦਾ ਦੋਸ਼ ਲਾਇਆ |
ਬਜਟ ਦੇ ਪ੍ਰਸਤਾਵ
ਕੇਂਦਰ ਸਰਕਾਰ ਦੇ 2026-27 ਦੇ ਬਜਟ 'ਚ ਕੁਲ 53.47 ਲੱਖ ਕਰੋੜ ਰੁਪਏ ਖ਼ਰਚ ਕਰਨ ਦਾ ਪ੍ਰਸਤਾਵ ਹੈ, ਜੋ ਚਾਲੂ ਵਿੱਤੀ ਸਾਲ ਦੇ ਮੁਕਾਬਲੇ 7.7 ਫ਼ੀਸਦੀ ਵੱਧ ਹੈ | ਅਗਲੇ ਵਿੱਤੀ ਸਾਲ ਲਈ ਪੂੰਜੀਗਤ ਖ਼ਰਚ 12.2 ਲੱਖ ਕਰੋੜ ਰੁਪਏ ਤੈਅ ਕੀਤੇ ਗਏ ਹਨ | ਸਰਕਾਰ ਨੇ ਟੈਕਸਾਂ ਰਾਹੀਂ 44.04 ਲੱਖ ਕਰੋੜ ਰੁਪਏ ਇਕੱਠੇ ਕਰਨ ਦਾ ਅੰਦਾਜ਼ਾ ਲਾਇਆ ਹੈ, ਜਦਕਿ 17.2 ਲੱੱਖ ਕਰੋੜ ਰੁਪਏ ਦੀ ਉਧਾਰੀ ਪ੍ਰਸਤਾਵਿਤ ਹੈ | ਸਰਕਾਰ ਮੁਤਾਬਿਕ ਵਿੱਤੀ ਸਾਲ 2026-27 'ਚ ਮਾਲੀਆ ਘਾਟਾ 4.3 ਫ਼ੀਸਦੀ ਰਹੇਗਾ |
ਲੋਕ ਸਭਾ 'ਚ ਪੇਸ਼ ਕੀਤਾ ਗਿਆ ਦਿਵਾਲਾ ਅਤੇ ਦਿਵਾਲੀਆਪਨ ਕੋਡ (ਸੋਧ) ਬਿੱਲ 2025
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਦੀਵਾਲਾ ਅਤੇ ਦਿਵਾਲੀਆਪਨ ਕੋਡ (ਸੋਧ) ਬਿੱਲ 2025 ਪੇਸ਼ ਕੀਤਾ | ਵਿਰੋਧੀ ਧਿਰਾਂ ਨੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਬਿੱਲ ਆਪਣਾ ਉਦੇਸ਼ ਪੂਰਾ ਕਰਨ 'ਚ ਨਾਕਾਮ ਰਿਹਾ ਹੈ, ਕਿਉਂਕਿ ਵਿਵਾਦਾਂ ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਟਿ੍ਬਿਊਨਲਾਂ ਕੋਲ ਸੀਮਤ ਸਮਰੱਥਾ ਹੈ | ਬਿੱਲ 'ਤੇ ਚਰਚਾ 'ਚ ਹਿੱਸਾ ਲੈਂਦਿਆਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਇਹ ਵੀ ਕਿਹਾ ਕਿ ਕੋਡ ਸੰਸਥਾਵਾਂ ਦੇ ਅਸਾਮਿਆ 'ਤੇ ਹਮਲਾ ਕਰਨ ਦਾ ਔਜ਼ਾਰ ਬਣ ਗਿਆ ਹੈ |
ਲੋਕ ਸਭਾ 'ਚ ਪੇਸ਼ ਕੀਤਾ ਗਿਆ ਐਫ.ਸੀ.ਆਰ.ਏ. ਸੋਧ ਬਿੱਲ
ਲੋਕ ਸਭਾ 'ਚ ਬੁੱਧਵਾਰ ਨੂੰ ਵਿਦੇਸ਼ੀ ਚੰਦੇ ਦੇ ਰੈਗੂਲੇਸ਼ਨ ਸੰਬੰਧੀ ਅਹਿਮ ਬਿੱਲ 'ਐਫ.ਸੀ.ਆਰ.ਏ. ਸੋਧ ਬਿੱਲ 2026' ਬਿੱਲ ਪੇਸ਼ ਕੀਤਾ ਗਿਆ | ਬਿੱਲ ਪੇਸ਼ ਕਰਦਿਆਂ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਬਿੱਲ ਰਾਹੀਂ ਪਾਰਦਰਸ਼ਿਤਾ 'ਚ ਵਾਧਾ ਹੋਵੇਗਾ ਅਤੇ ਵਿਦੇਸ਼ੀ ਫੰਡਾਂ ਦੀ ਬਿਹਤਰ ਵਰਤੋਂ ਹੋਵੇਗੀ | ਬਿੱਲ ਰਾਹੀਂ ਵਿਦੇਸ਼ ਫੰਡਿਗ ਰਾਹੀਂ ਜਬਰੀ ਧਰਮ ਬਦਲਾਅ ਦੀ ਕਵਾਇਦ 'ਤੇ ਸਰਕਾਰ ਠੱਲ੍ਹ ਪਾਉਣ ਦੀ ਕੋਸ਼ਿਸ਼ ਕਰੇਗੀ | ਕਾਂਗਰਸ ਦੇ ਮਨੀਸ਼ ਤਿਵਾਰੀ ਨੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਬਿੱਲ ਰਾਹੀਂ ਬਿਨਾਂ ਸੰਵਿਧਾਨਕ ਸੁਰੱਖਿਆ ਦੇ ਪ੍ਰਸ਼ਾਸਨ ਨੂੰ ਅਸੀਮਿਤ ਤਾਕਤ ਦਿੱਤੀ ਜਾ ਰਹੀ ਹੈ | ਤਿ੍ਣਮੂਲ ਦੀ ਪ੍ਰਤਿਮਾ ਮੰਡਲ ਨੇ ਬਿੱਲ ਨੂੰ ਖ਼ਤਰਨਾਕ ਅਤੇ ਤਾਨਾਸ਼ਾਹੀ ਦੱਸਦਿਆਂ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਬਿੱਲ ਰਾਹੀਂ ਸਾਰੀ ਤਾਕਤ ਕੇਂਦਰ ਦੇ ਅਧੀਨ ਹੋ ਜਾਵੇਗੀ |

ਪਿਛਲੀ ਖ਼ਬਰ ਜਥੇਦਾਰ ਗੁਰਬਖ਼ਸ਼ ਸਿੰਘ ਖ਼ਾਲਸਾ ਨੂੰ ਸ਼੍ਰੋਮਣੀ ਕਮੇਟੀ ਦਾ ਬੁਲਾਰਾ ਥਾਪਣ 'ਤੇ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਾਇਆ ਵਿਖੇ ਪੰਜਾਬ ਬਚਾਓ ਰੈਲੀ ਅੱਜ-ਖਹਿਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।