19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮਾਰਚ ਦੇ ਸ਼ੁਰੂਆਤ 'ਚ ਹੀ ਤਪਣ ਲੱਗਾ ਪੰਜਾਬ, ਤਾਪਮਾਨ 'ਚ 3 ਤੋਂ 5 ਡਿਗਰੀ ਦਾ ਵਾਧਾ <br/>

ਅਜੀਤ ਡੈਸਕ 07-03-2026
ਬਠਿੰਡਾ, 6 ਮਾਰਚ (ਸੱਤਪਾਲ ਸਿੰਘ ਸਿਵੀਆਂ)-ਮੌਸਮ ਦੀ ਤਬਦੀਲੀ ਦੇ ਚਲਦਿਆਂ ਬੇਸ਼ੱਕ ਪੰਜਾਬ ਅੰਦਰ ਠੰਢ ਫਰਵਰੀ ਮਹੀਨੇ ਦੇ ਅੰਤ ਤੱਕ ਛਣ ਜਾਂਦੀ ਹੈ ਪਰ ਇਸ ਦਾ ਅਸਰ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਦੇਖਣ ਨੂੰ ਮਿਲਦਾ ਹੈ | ਪਰ ਹੁਣ ਇਸ ਦੇ ਉਲਟ ਮਾਰਚ ਦੇ ਸ਼ੁਰੂਆਤੀ ਦਿਨਾਂ 'ਚ ਹੀ ਗਰਮੀ ਨੇ ਤੇਜ਼ੀ ਫੜ ਲਈ ਹੈ ਤੇ ਪੰਜਾਬ ਦਿਨ ਚੜਦੇ ਹੀ ਤਪਣ ਲੱਗਿਆ ਹੈ, ਜਦਕਿ ਇਨ੍ਹਾਂ ਦਿਨਾਂ ਅੰਦਰ ਤਾਪਮਾਨ 26 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿੰਦਾ ਹੈ ਪਰ ਇਸ ਵਾਰ ਕਈ ਜ਼ਿਲਿ੍ਹਆਂ ਵਿਚ ਪਾਰਾ 30 ਤੋਂ 32 ਡਿਗਰੀ ਤੱਕ ਪਹੁੰਚ ਗਿਆ ਹੈ, ਜੋ ਮਾਰਚ ਦੇ ਅੰਤ ਐਨੀ ਸਿਖਰ 'ਤੇ ਪਹੁੰਚਦਾ ਹੁੰਦਾ ਹੈ | ਮੌਸਮ ਵਿਭਾਗ ਅਨੁਸਾਰ ਵੱਧ ਰਹੀ ਗਰਮੀ ਦਾ ਮੁੱਖ ਕਾਰਨ ਫਰਵਰੀ ਮਹੀਨੇ ਵਿਚ ਵਰਖਾ ਨਾ ਹੋਣਾ ਹੈ, ਜਿਸ ਕਾਰਨ ਮਿੱਟੀ 'ਚ ਨਮੀ ਘੱਟ ਹੋ ਗਈ ਅਤੇ ਤਾਪਮਾਨ ਤੇਜ਼ੀ ਨਾਲ ਵੱਧ ਗਿਆ ਹੈ | ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਤਾਪਮਾਨ 'ਤੇ ਨਜ਼ਰ ਮਾਰੀ ਜਾਵੇ ਤਾਂ ਬਠਿੰਡਾ 32 ਡਿਗਰੀ, ਅੰਮਿ੍ਤਸਰ 30, ਲੁਧਿਆਣਾ 31, ਜਲੰਧਰ 30, ਪਟਿਆਲਾ 32, ਫਰੀਦਕੋਟ 31, ਮੋਗਾ 31, ਫ਼ਾਜ਼ਿਲਕਾ 32, ਗੁਰਦਾਸਪੁਰ 30 ਅਤੇ ਹੁਸ਼ਿਆਰਪੁਰ ਦਾ ਤਾਪਮਾਨ 30 ਡਿਗਰੀ ਦਰਜ ਕੀਤਾ ਗਿਆ, ਜਿਸ ਵਿਚ ਆਮ ਨਾਲੋਂ 3 ਤੋਂ 5 ਡਿਗਰੀ ਤੱਕ ਦਾ ਵਾਧਾ ਹੋਇਆ ਹੈ | ਮਾਰਚ ਮਹੀਨਾ ਕਣਕ ਦੀ ਫ਼ਸਲ ਲਈ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਜਿਸ ਦੌਰਾਨ ਕਣਕ ਵਿਚ ਦਾਣਾ ਭਰਨ ਦੀ ਪ੍ਰਕਿਰਿਆ ਹੁੰਦੀ ਹੈ ਪਰ ਜੇਕਰ ਤਾਪਮਾਨ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਉਸ ਦੇ ਅਸਰ ਕਾਰਨ ਕਣਕ ਦਾ ਦਾਣਾ ਛੋਟਾ ਰਹਿ ਸਕਦਾ ਹੈ, ਜਿਸ ਕਾਰਨ ਉਪਜ 5 ਤੋਂ 15 ਫੀਸਦੀ ਤੱਕ ਘੱਟਣ ਦੀ ਸੰਭਾਵਨਾ ਹੈ | ਖੇਤੀਬਾੜੀ ਮਾਹਿਰਾਂ ਅਨੁਸਾਰ ਕਣਕ ਲਈ 20 ਤੋਂ 25 ਡਿਗਰੀ ਵਿਚਕਾਰਲਾ ਤਾਪਮਾਨ ਸਭ ਤੋਂ ਵਧੀਆ ਹੁੰਦਾ ਹੈ | ਵਧ ਰਹੀ ਗਰਮੀ ਤੋਂ ਸਭ ਤੋਂ ਵੱਧ ਕਿਸਾਨ ਚਿੰਤਤ ਹਨ, ਜਿਨ੍ਹਾਂ ਨੂੰ ਕਣਕ ਦੇ ਦਾਣਿਆਂ ਦੇ ਵੱਧਣ-ਫੁੱਲਣ ਦੇ ਦਿਨਾਂ 'ਚ ਗਰਮੀ ਦੀ ਮਾਰ ਕਾਰਨ ਕਣਕ ਦੇ ਦਾਣਿਆਂ ਦੇ ਸੁੰਗੜਣ ਅਤੇ ਝਾੜ ਘੱਟਣ ਦੀ ਡਰ ਸਤਾਉਣ ਲੱਗਿਆ ਹੈ | ਮੌਸਮ ਵਿਭਾਗ ਅਨੁਸਾਰ ਅਗਲੇ 7 ਤੋਂ 10 ਦਿਨਾਂ ਦੇ ਅੰਦਰ ਤਾਪਮਾਨ 31 ਤੋਂ 34 ਡਿਗਰੀ ਤੱਕ ਪਹੁੰਚ ਸਕਦਾ ਹੈ ਤੇ ਮੀਂਹ ਦੀ ਸੰਭਾਵਨਾ ਘੱਟ ਹੈ ਪਰ ਜੇਕਰ ਪੱਛਮੀ ਹਵਾਈ ਪ੍ਰਣਾਲੀ ਸਰਗਰਮ ਹੋਈ ਤਾਂ ਕੁਝ ਥਾਵਾਂ 'ਤੇ ਹਲਕੀ ਵਰਖਾ ਵੀ ਹੋ ਸਕਦੀ ਹੈ ਤੇ ਤਾਪਮਾਨ 'ਚ ਕੁਝ ਕਮੀ ਆ ਸਕਦੀ ਹੈ |

ਪਿਛਲੀ ਖ਼ਬਰ ਗੁਰਦਾਸਪੁਰ 'ਚੋਂ ਕਰੋੜਾਂ ਦੀ ਲੁੱਟ ਸਮੇਤ ਖੋਹੀ ਕਾਰ ਟਾਂਡਾ ਨੇੜੇ ਬਰਾਮਦ ਅਗਲੀ ਖ਼ਬਰ ਭਾਈ ਅਮਰੀਕ ਸਿੰਘ ਦੇ ਜਨਮ ਦਿਹਾੜੇ ਮੌਕੇ ਪਿੰਡ ਭੂਰਾ ਕੋਹਨਾ 'ਚ ਵਿਸ਼ਾਲ ਪੰਥਕ ਇਕੱਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।