15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਲੋਹੀਆਂ 'ਚ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੁੱਟੇ ਜਾਣ ਤੋਂ ਬਾਅਦ ਮਾਮਲਾ ਦਰਜ <br/>

ਅਜੀਤ ਡੈਸਕ 02-02-2026
• ਪੁਲਿਸ ਦਾ ਸਹਿਯੋਗ ਕਰ ਕੇ ਜਲਦ ਲੱਭਾਂਗੇ ਬੇਅਦਬੀ ਕਰਨ ਵਾਲੇ ਮਾੜੇ ਅਨਸਰ : ਭਾਈ ਖੋਸਾ
ਲੋਹੀਆਂ ਖਾਸ, 1 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਲੋਹੀਆਂ 'ਚ ਉਸ ਵੇਲੇ ਧਾਰਮਿਕ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਜਦੋਂ ਕੁੱਝ ਦੁਕਾਨਦਾਰਾਂ ਵੱਲੋਂ ਦੇਖਿਆ ਗਿਆ ਕਿ ਗੁਟਕਾ ਸਾਹਿਬ ਦੇ ਪਵਿੱਤਰ ਅੰਗਾਂ ਨੂੰ ਪਾੜ ਕੇ ਟੀ-ਪੁਆਇੰਟ ਤੋਂ ਮੱਖੂ ਰੋਡ ਵੱਲ ਮਨਜੀਤ ਸਿੰਘ ਖਰਾਦੀਆਂ ਦੀ ਵਰਕਸ਼ਾਪ ਤੋਂ ਪੈਟਰੌਲ ਪੰਪ ਤੱਕ ਸੜਕ 'ਤੇ ਸੁੱਟਿਆ ਹੋਇਆ ਸੀ | ਇਸ ਸੰਬੰਧੀ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਮੁੱਖ ਆਗੂ ਭਾਈ ਸੁਖਜੀਤ ਸਿੰਘ ਖੋਸਾ ਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਹ ਤੁਰੰਤ ਮੌਕੇ 'ਤੇ ਪੁੱਜ ਗਏ | ਗੱਲਬਾਤ ਕਰਦਿਆਂ ਭਾਈ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਕਿਸੇ ਮਾੜੇ ਅਨਸਰਾਂ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਅਜਿਹੀਆਂ ਕਾਰਵਾਈ ਕੀਤੀਆਂ ਜਾ ਰਹੀਆਂ ਹਨ, ਇਸ ਲਈ ਭੜਕਾਹਟ 'ਚ ਆਉਣ ਦੀ ਥਾਂ ਸਭ ਤੋਂ ਪਹਿਲਾਂ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਥਾਣਾ ਲੋਹੀਆਂ ਵਿਖੇ ਪੁੱਜੇ ਭਾਈ ਸੁਖਜੀਤ ਸਿੰਘ ਖੋਸਾ, ਫੁੱਮਣ ਸਿੰਘ, ਮਨਜੀਤ ਸਿੰਘ ਰਾਈਵਾਲ, ਦਿਲਬਾਗ ਸਿੰਘ ਰਾਈਵਾਲ, ਦਰਸ਼ਨ ਸਿੰਘ ਲੋਹੀਆਂ, ਆਤਮਾ ਸਿੰਘ ਜਲਾਲਪੁਰ ਤੇ ਹੋਰਾਂ ਨੇ ਪੁਲਿਸ ਨੂੰ ਸਖਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਬੇਨਤੀ ਕੀਤੀ ਤੇ ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲੇ ਮਾੜੇ ਅਨਸਰਾਂ ਨੂੰ ਲੱਭਣ 'ਚ ਪੁਲਿਸ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ | ਇਸ ਸੰਬੰਧੀ ਥਾਣਾ ਲੋਹੀਆਂ ਦੇ ਮੁਖੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੁੱਢਲੇ ਰੂਪ 'ਚ ਘਟਨਾ ਦੇਖਣ ਵਾਲੇ ਵਿਅਕਤੀਆਂ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਘਟਨਾ ਵਾਲੇ ਇਲਾਕੇ ਦੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ ਤੇੇ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇਗਾ |

ਪਿਛਲੀ ਖ਼ਬਰ ਈਰਾਨੀ ਕੱਚੇ ਤੇਲ ਦੀ ਬਜਾਏ ਵੈਨੇਜ਼ੁਏਲਾ ਤੋਂ ਤੇਲ ਖ਼ਰੀਦੇਗਾ ਭਾਰਤ-ਟਰੰਪ ਅਗਲੀ ਖ਼ਬਰ ਡਰਾਇਵਰ ਦੀ ਗੋਲੀ ਮਾਰ ਕੇ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।