ਰਾਏਬਰੇਲੀ (ਉੱਤਰ ਪ੍ਰਦੇਸ਼), 20 ਜਨਵਰੀ (ਪੀ.ਟੀ.ਆਈ.)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਅੱਜ ਉੱਤਰ ਪ੍ਰਦੇਸ਼ ਦੇ ਰਾਏਬਰੇਲੀ 'ਚ ਇਕ ਵਿਅਕਤੀ ਨੇ ਉਨ੍ਹਾਂ ਦੇ ਦਾਦਾ ਫਿਰੋਜ ਗਾਂਧੀ ਦਾ ਡਰਾਈਵਿੰਗ ਲਾਈਸੈਂਸ ਸੌਂਪਿਆ | ਆਪਣੇ ਸੰਸਦੀ ਖੇਤਰ ਦੇ ਦੌਰੇ 'ਤੇ ਆਏ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਦੌਰੇ ਦੇ ਦੂਸਰੇ ਦਿਨ ਵਿਕਾਸ ਸਿੰਘ ਨਾਮਕ ਇਕ ਵਿਅਕਤੀ ਨੇ ਫਿਰੋਜ ਗਾਂਧੀ ਦਾ ਡਰਾਈਵਿੰਗ ਲਾਈਸੈਂਸ ਸੌਂਪਿਆ | ਵਿਕਾਸ ਨੇ ਇਹ ਲਾਈਸੈਂਸ ਬੜਾ ਸੰਭਾਲ ਕੇ ਰੱਖਿਆ ਹੋਇਆ ਸੀ | ਰਾਏਬਰੇਲੀ ਪ੍ਰੀਮੀਅਰ ਲੀਗ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਵਿਕਾਸ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਹੁਰੇ ਨੂੰ ਕਈ ਸਾਲ ਪਹਿਲਾਂ ਇਕ ਸਮਾਗਮ ਦੌਰਾਨ ਗਲਤੀ ਨਾਲ ਇਹ ਡਰਾਈਵਿੰਗ ਲਾਇਸੈਂਸ ਮਿਲ ਗਿਆ ਸੀ | ਉਸ ਨੇ ਉਦੋਂ ਤੋਂ ਹੀ ਇਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ | ਉਸ ਨੇ ਕਿਹਾ ਕਿ ਜਦੋਂ ਉਸ ਦੇ ਸਹੁਰੇ ਦੀ ਮੌਤ ਹੋ ਗਈ ਤਾਂ ਬਾਅਦ ਵਿਚ ਉਸ ਦੀ ਸੱਸ ਨੇ ਵੀ ਇਸ ਨੂੰ ਸੰਭਾਲ ਕੇ ਰੱਖਿਆ ਹੋਇਆ ਸੀ | ਵਿਕਾਸ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਵਾਰ ਰਾਹੁਲ ਗਾਂਧੀ ਦੇ ਆਉਣ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਦੀ ਸੱਸ ਨੇ ਉਸ ਨੂੰ ਦੱਸਿਆ ਕਿ ਉਸ ਕੋਲ ਰਾਹੁਲ ਗਾਂਧੀ ਦੀ ਅਮਾਨਤ ਪਈ ਹੈ ਅਤੇ ਉਹ ਇਸ ਨੂੰ ਲੈ ਕੇ ਉਨ੍ਹਾਂ ਨੂੰ ਦੇ ਦੇਣ | ਜਦੋਂ ਵਿਕਾਸ ਸਿੰਘ ਨੇ ਸਟੇਜ 'ਤੇ ਰਾਹੁਲ ਗਾਂਧੀ ਨੂੰ ਲਾਈਸੈਂਸ ਪੇਸ਼ ਕੀਤਾ ਤਾਂ ਉਨ੍ਹਾਂ ਨੇ ਇਸ ਵੱਲ ਦੇਖਿਆ ਅਤੇ ਤੁਰੰਤ ਸੋਸ਼ਲ ਮੀਡੀਆ ਰਾਹੀਂ ਆਪਣੀ ਮਾਂ ਸੋਨੀਆ ਗਾਂਧੀ ਨੂੰ ਲਾਇਸੈਂਸ ਦੀ ਫੋਟੋ ਭੇਜ ਦਿੱਤੀ | ਫਿਰ ਰਾਹੁਲ ਨੇ ਲਾਇਸੈਂਸ ਆਪਣੇ ਕੋਲ ਰੱਖ ਲਿਆ¢