26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਪੰਜਾਬ ਸਰਕਾਰ ਨੇ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੀ ਐਨ.ਐਸ.ਏ. ਹਿਰਾਸਤ ਨੂੰ ਠਹਿਰਾਇਆ ਜਾਇਜ਼ <br/>

ਅਜੀਤ ਡੈਸਕ 21-01-2026

ਚੰਡੀਗੜ੍ਹ, 20 ਜਨਵਰੀ (ਸੰਦੀਪ ਕੁਮਾਰ ਮਾਹਨਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪੰਜਾਬ ਸਰਕਾਰ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੀ ਰਾਸ਼ਟਰੀ ਸੁਰੱਖਿਆ ਐਕਟ (ਐਨ.ਐਸ.ਏ.) ਅਧੀਨ ਨਜ਼ਰਬੰਦੀ ਨੂੰ ਪੂਰੀ ਤਰ੍ਹਾਂ ਜਾਇਜ਼ ਠਹਿਰਾਇਆ ਹੈ | ਸੂਬਾ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਖੁਫੀਆ ਸੂਚਨਾਵਾਂ, ਪੁਲਿਸ ਰਿਕਾਰਡ ਅਤੇ ਠੋਸ ਘਟਨਾਵਾਂ ਸਪੱਸ਼ਟ ਤੌਰ 'ਤੇ ਦਰਸਾਉਂਦੀਆਂ ਹਨ ਕਿ ਭਾਈ ਅੰਮਿ੍ਤਪਾਲ ਸਿੰਘ ਦੀਆਂ ਗਤੀਵਿਧੀਆਂ ਸਿਰਫ਼ ਕਾਨੂੰਨ ਵਿਵਸਥਾ ਦੀ ਸਮੱਸਿਆ ਨਹੀਂ ਸਨ, ਸਗੋਂ ਪੰਜਾਬ ਦੀ ਸ਼ਾਂਤੀ, ਜਨਤਕ ਸੁਰੱਖਿਆ ਅਤੇ ਦੇਸ਼ ਦੀ ਅਖੰਡਤਾ ਲਈ ਵੀ ਗੰਭੀਰ ਖ਼ਤਰਾ ਬਣ ਚੁੱਕੀਆਂ ਸਨ | ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਰਾਹੀਂ ਦਾਇਰ ਕੀਤੇ ਗਏ ਜਵਾਬ ਵਿਚ ਕਿਹਾ ਗਿਆ ਹੈ ਕਿ 'ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮਿ੍ਤਪਾਲ ਸਿੰਘ ਹਥਿਆਰਬੰਦ ਸਮਰਥਕਾਂ ਨੂੰ ਸੰਗਠਿਤ ਕਰਨ, ਕੱਟੜਪੰਥੀ ਵਿਚਾਰਧਾਰਾ ਫੈਲਾਉਣ ਅਤੇ ਆਪਣੇ ਆਪ ਨੂੰ ਸਮਾਨਾਂਤਰ ਸੱਤਾ ਦੇ ਰੂਪ ਵਜੋਂ ਪੇਸ਼ ਕਰਨ 'ਚ ਸਰਗਰਮ ਸਨ | ਸੂਬੇ ਨੇ ਫ਼ਰਵਰੀ 2023 'ਚ ਅਜਨਾਲਾ ਪੁਲਿਸ ਸਟੇਸ਼ਨ 'ਤੇ ਹੋਏ ਹਮਲੇ ਨੂੰ ਇਕ ਪ੍ਰਮੁੱਖ ਉਦਾਹਰਨ ਵਜੋਂ ਦਰਸਾਇਆ | ਜਵਾਬ ਵਿਚ ਕਿਹਾ ਗਿਆ ਹੈ ਕਿ ਭਾਈ ਅੰਮਿ੍ਤਪਾਲ ਸਿੰਘ ਤਲਵਾਰਾਂ ਅਤੇ ਕਥਿਤ ਤੌਰ 'ਤੇ ਹਥਿਆਰਾਂ ਨਾਲ ਲੈਸ ਵੱਡੀ ਗਿਣਤੀ ਵਿਚ ਸਮਰਥਕਾਂ ਦੇ ਨਾਲ ਪੁਲਿਸ ਸਟੇਸ਼ਨ ਵਿਚ ਦਾਖਲ ਹੋਇਆ ਅਤੇ ਇਕ ਸਾਥੀ ਨੂੰ ਰਿਹਾਅ ਕਰਨ ਲਈ ਦਬਾਅ ਬਣਾਇਆ | ਸਰਕਾਰ ਦੇ ਅਨੁਸਾਰ ਇਹ ਘਟਨਾ ਸੂਬੇ ਦੇ ਕਾਨੂੰਨੀ ਅਧਿਕਾਰ ਲਈ ਇਕ ਸਪੱਸ਼ਟ ਚੁਣੌਤੀ ਸੀ ਅਤੇ ਇਸ ਨੇ ਇਹ ਉਜਾਗਰ ਕਰ ਦਿੱਤਾ ਕਿ ਸਾਧਾਰਨ ਅਪਰਾਧਿਕ ਕਾਨੂੰਨ ਅਜਿਹੀ ਸਥਿਤੀਆਂ ਤੋਂ ਨਿਪਟਣ ਲਈ ਅਸਮਰੱਥ ਹੈ | ਪੰਜਾਬ ਸਰਕਾਰ ਨੇ ਇਹ ਵੀ ਖੁਲਾਸਾ ਕੀਤਾ ਕਿ ਖੁਫ਼ੀਆ ਏਜੰਸੀਆਂ ਨੂੰ ਅਜਿਹੀਆਂ ਸੂਚਨਾਵਾਂ ਮਿਲੀਆਂ ਸਨ ਜਿਨ੍ਹਾਂ 'ਚ ਭਾਈ ਅੰਮਿ੍ਤਪਾਲ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਇਕ ਕਥਿਤ 'ਹਿੱਟ ਲਿਸਟ' ਤਿਆਰ ਕੀਤੇ ਜਾਣ ਦੀ ਜਾਣਕਾਰੀ ਸੀ | ਇਸ ਸੂਚੀ ਵਿਚ ਪੁਲਿਸ ਅਧਿਕਾਰੀਆਂ ਅਤੇ ਉਨ੍ਹਾਂ ਵਿਅਕਤੀਆਂ ਦੇ ਨਾਮ ਸ਼ਾਮਿਲ ਸਨ, ਜਿਨ੍ਹਾਂ ਨੂੰ ਉਹ ਆਪਣਾ ਵਿਰੋਧੀ ਸਮਝਦੇ ਸਨ | ਸੂਬੇ ਦਾ ਤਰਕ ਸੀ ਕਿ ਅਜਿਹੀ ਸੂਚੀ ਦੀ ਹੋਂਦ ਹੀ ਜਨਤਕ ਅਧਿਕਾਰੀਆਂ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ ਲਈ ਇਕ ਤੁਰੰਤ ਅਤੇ ਗੰਭੀਰ ਖ਼ਤਰੇ ਨੂੰ ਦਰਸਾਉਂਦਾ ਹੈ, ਜਿਸ ਕਾਰਨ ਰੋਕਥਾਮ ਲਈ ਨਜ਼ਰਬੰਦੀ ਜ਼ਰੂਰੀ ਹੋ ਗਈ | ਐਨ.ਐਸ.ਏ. ਦੀ ਹਿਰਾਸਤ ਮਨਮਾਨੀ ਜਾਂ ਸਿਆਸੀ ਦੱਸਦਿਆਂ ਲਗਾਏ ਗਏ ਦੋਸ਼ਾਂ ਨੂੰ ਰੱਦ ਕਰਦੇ ਹੋਏ ਸਰਕਾਰ ਨੇ ਕਿਹਾ ਕਿ ਪੂਰੀ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਸੀ | ਸਮਰੱਥ ਅਧਿਕਾਰੀ ਨੇ ਪੁਲਿਸ ਡੋਜ਼ੀਅਰ, ਖੁਫੀਆ ਰਿਪੋਰਟਾਂ ਅਤੇ ਘਟਨਾਵਾਂ ਦੀ ਲੜੀ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਹੀ ਨਜ਼ਰਬੰਦੀ ਦਾ ਹੁਕਮ ਪਾਸ ਕੀਤਾ | ਨਾਲ ਹੀ ਹਿਰਾਸਤ ਦੇ ਆਧਾਰ ਭਾਈ ਅੰਮਿ੍ਤਪਾਲ ਸਿੰਘ ਨੂੰ ਕਾਨੂੰਨ 'ਚ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸੂਚਿਤ ਕੀਤਾ ਗਿਆ ਸੀ | ਸੂਬੇ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਨਜ਼ਰਬੰਦੀ ਦੇ ਆਧਾਰ ਨਾ ਤਾਂ ਅਸਪੱਸ਼ਟ ਹਨ ਅਤੇ ਨਾ ਹੀ ਪੁਰਾਣੇ, ਸਗੋਂ ਅੰਮਿ੍ਤਪਾਲ ਸਿੰਘ ਦੇ ਨਿਰੰਤਰ ਚਰਿੱਤਰ ਅਤੇ ਗਤੀਵਿਧੀਆਂ ਨੂੰ ਦਰਸਾਉਂਦੇ ਹਨ | ਸੁਣਵਾਈ ਦੌਰਾਨ, ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖ਼ਲ ਕੀਤਾ | ਹਾਲਾਂਕਿ ਬੈਂਚ ਨੇ ਜਵਾਬ ਨੂੰ ਰਿਕਾਰਡ 'ਤੇ ਲਿਆ, ਪਰ ਇਸ ਗੱਲ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਨੇ ਇਹ ਜਵਾਬ ਪਹਿਲਾਂ ਦਾਇਰ ਨਹੀਂ ਕੀਤਾ, ਜਦਕਿ ਮਾਮਲਾ ਪਹਿਲਾਂ ਤੋਂ ਹੀ ਤੈਅ ਸੀ | ਅਦਾਲਤ ਨੇ ਇਸ ਨੂੰ ਨਿਆਂਇਕ ਪ੍ਰਕਿਰਿਆ ਪ੍ਰਤੀ ਲਾਪਰਵਾਹੀ ਮੰਨਦਿਆ ਪੰਜਾਬ ਸਰਕਾਰ 'ਤੇ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ | ਇਹ ਮਾਮਲਾ ਭਾਈ ਅੰਮਿ੍ਤਪਾਲ ਸਿੰਘ ਵਲੋਂ ਦਾਇਰ ਪਟੀਸ਼ਨ 'ਤੇ ਹਾਈ ਕੋਰਟ 'ਚ ਵਿਚਾਰ ਅਧੀਨ ਹੈ, ਜਿਸ 'ਚ ਐਨ.ਐਸ.ਏ. ਅਧੀਨ ਜਾਰੀ ਉਨ੍ਹਾਂ ਦੀ ਲਗਾਤਾਰ ਤੀਜੀ ਨਜ਼ਰਬੰਦੀ ਹਿਰਾਸਤ ਨੂੰ ਚੁਣੌਤੀ ਦਿੱਤੀ ਗਈ ਹੈ | ਭਾਈ ਅੰਮਿ੍ਤਪਾਲ ਸਿੰਘ ਅਪ੍ਰੈਲ 2023 ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦੀ ਹਿਰਾਸਤ ਵਿਚ ਬੰਦ ਹਨ | ਉਨ੍ਹਾਂ ਦੇ ਵਿਰੁੱਧ ਨਜ਼ਰਬੰਦੀ ਆਦੇਸ਼ 18 ਮਾਰਚ, 2023 ਨੂੰ ਪਾਸ ਕੀਤਾ ਗਿਆ ਸੀ | ਪਟੀਸ਼ਨ ਵਿਚ, ਉਨ੍ਹਾਂ 17 ਅਪ੍ਰੈਲ, 2025 ਨੂੰ ਜਾਰੀ ਕੀਤੇ ਗਏ ਤੀਜੇ ਨਵੇਂ ਨਜ਼ਰਬੰਦੀ ਹੁਕਮ ਨੂੰ ਚੁਣੌਤੀ ਦਿੰਦਾ ਹੈ, ਜਿਸ ਨੂੰ ਸੂਬਾ ਸਰਕਾਰ ਨੇ 25 ਅਪ੍ਰੈਲ, 2025 ਨੂੰ ਮਨਜ਼ੂਰੀ ਦਿੱਤੀ ਅਤੇ ਬਾਅਦ 'ਚ 24 ਜੂਨ, 2025 ਨੂੰ ਇਸ ਦੀ ਪੁਸ਼ਟੀ ਕੀਤੀ ਗਈ ਸੀ |

ਪਿਛਲੀ ਖ਼ਬਰ ਨਿਤਿਨ ਨਬੀਨ ਦੇ ਕੌਮੀ ਪ੍ਰਧਾਨ ਬਣਨ ਨਾਲ ਪਾਰਟੀ ਦੇ ਨਵੇਂ ਯੁੱਗ ਦੀ ਹੋਈ ਸ਼ੁਰੂਆਤ-ਸੁਨੀਲ ਜਾਖੜ <br/> ਅਗਲੀ ਖ਼ਬਰ ਸੌਂਦ ਵਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀਆਂ ਸਕੀਮਾਂ ਤੇ ਪ੍ਰਕਿਰਿਆਵਾਂ ਬਾਰੇ ਹੈਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।