ਦੋ ਵੱਖ-ਵੱਖ ਵਰਗਾਂ ਦੇ ਧੜਿਆਂ ਨੇ ਹਾਈ ਕਮਾਨ ਨੂੰ ਭੇਜੀ ਆਪਣੀ ਸ਼ਿਕਾਇਤ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 20 ਜਨਵਰੀ-ਪੰਜਾਬ ਵਿਚ ਅਗਲੇ ਵਰੇ੍ਹ 2027 ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਕਾਂਗਰਸ ਹਾਈਕਮਾਨ ਇਨ੍ਹਾਂ ਚੋਣਾਂ ਨੂੰ ਲੈ ਕੇ ਬੇਹਦ ਗੰਭੀਰ ਹੈ ਕਿਉਂਕਿ ਕਾਂਗਰਸ ਹਾਈ ਕਮਾਨ ਪੰਜਾਬ ਤੋਂ ਕੇਂਦਰ ਵਿਚ ਸੱਤਾ ਵਾਪਸੀ ਦਾ ਰਸਤਾ ਦੇਖ ਰਹੀ ਹੈ | ਇਸ ਦੇ ਚਲਦੇ ਹੀ ਕਾਂਗਰਸ ਹਾਈ ਕਮਾਨ ਵਲੋਂ ਵਾਰ-ਵਾਰ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਅਨੁਸ਼ਾਸਨ ਵਿਚ ਰਹਿ ਕੇ ਇਕਜੁੱਟਤਾ ਬਣਾ ਕੇ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਪਰ ਉਸ ਦੇ ਬਾਵਜੂਦ ਵਾਰ-ਵਾਰ ਪੰਜਾਬ ਕਾਂਗਰਸ ਦੀ ਧੜੇਬੰਦੀ ਸਾਹਮਣੇ ਆ ਜਾਂਦੀ ਹੈ | ਹੁਣ ਇਕ ਵਾਰ ਫਿਰ ਪੰਜਾਬ ਕਾਂਗਰਸ ਦੀ ਧੜੇਬੰਦੀ ਇਕ ਮੀਟਿੰਗ ਦੌਰਾਨ ਸਾਹਮਣੇ ਆ ਗਈ ਜਦੋਂ ਪਾਰਟੀ ਦੇ ਸੀਨੀਅਰ ਆਗੂਆਂ ਨੇ ਆਪੋ ਆਪਣੇ ਵਰਗਾਂ ਦੇ ਨੁਮਾਇੰਦਗੀ ਸਬੰਧੀ ਖੁੱਲ੍ਹ ਕੇ ਆਪਣੀ ਭੜਾਸ ਕੱਢੀ ਜਿਸਦੀ ਰਿਪੋਰਟ ਕਾਂਗਰਸ ਆਈ ਕਮਾਨ ਦੇ ਦਿੱਲੀ ਦਰਬਾਰ 'ਚ ਪਹੁੰਚ ਗਈ, ਜਿਸ ਨੂੰ ਲੈ ਕੇ ਹਾਈਕਮਾਨ ਖਫਾ ਦੱਸੀ ਜਾ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ ਇਕ ਸੀਨੀਅਰ ਕਾਂਗਰਸ ਆਗੂ ਨੇ ਮੀਟਿੰਗ ਦੌਰਾਨ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਕਾਂਗਰਸ ਦੇ ਸਾਰੇ ਵੱਡੇ ਅਹੁਦੇ ਇਕ ਵਿਸ਼ੇਸ਼ ਵਰਗ ਨਾਲ ਸੰਬੰਧਿਤ ਆਗੂਆਂ ਨੂੰ ਦਿੱਤੇ ਜਾ ਰਹੇ ਹਨ ਜਿਸ ਦੇ ਚਲਦੇ ਉਨ੍ਹਾਂ ਦੇ ਸਮਾਜ ਦੇ ਆਗੂ ਅਹੁਦੇਦਾਰ ਤੇ ਵਰਕਰ ਮਾਯੂਸੀ ਦੇ ਆਲਮ ਵਿਚ ਹਨ | ਦੱਸਿਆ ਜਾ ਰਿਹਾ ਹੈ ਕਿ ਇਸ ਮਗਰੋਂ ਉਕਤ ਆਗੂ ਦੇ ਮੀਟਿੰਗ ਵਿਚੋਂ ਚਲੇ ਜਾਣ ਤੋਂ ਬਾਅਦ ਦੂਜੇ ਵਰਗ ਦੇ ਵੱਡੇ ਆਗੂ ਨੇ ਕਿਹਾ ਕਿ ਹੁਣ ਸਾਡੀ ਗੱਲ ਵੀ ਸੁਣ ਕੇ ਜਾਂਦੇ, ਆਪਣੀ ਗੱਲ ਕਹਿਕੇ ਜਾਣਾ ਠੀਕ ਨਹੀਂ | ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅੱਜ ਉਸ ਦਲਿਤ ਵਰਗ ਦੇ ਵੱਡੇ ਆਗੂ ਨੇ ਹਾਈਕਮਾਨ ਦੀ ਘੁਰਕੀ ਮਗਰੋਂ ਆਪਣੇ ਬਿਆਨ ਤੋਂ ਯੂ-ਟਰਨ ਮਾਰਦੇ ਹੋਏ ਕਿਹਾ ਕਿ ਉਹ ਗੁਰੂ ਸਾਹਿਬਾਨ ਦੇ ਫ਼ਲਸਫ਼ੇ 'ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ' 'ਤੇ ਅਡਿੱਗ ਵਿਸ਼ਵਾਸ ਰੱਖਦੇ ਹਨ ਅਤੇ ਕਿਸੇ ਵੀ ਮੀਟਿੰਗ ਜਾਂ ਮੰਚ ਤੋਂ ਕਦੇ ਵੀ ਜਾਤ ਜਾਂ ਬਿਰਾਦਰੀ ਸੰਬੰਧੀ ਕੋਈ ਟਿੱਪਣੀ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਜਾਣ-ਬੁੱਝ ਕੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਇਕ ਗੁਲਦਸਤਾ ਹੈ ਅਤੇ ਜਦੋਂ ਤੱਕ ਸਾਰੇ ਵਰਗਾਂ ਨੂੰ ਨਾਲ ਲੈ ਕੇ ਨਹੀਂ ਚੱਲਿਆ ਜਾਂਦਾ, ਤਦ ਤੱਕ ਨਾ ਪਾਰਟੀ ਮਜ਼ਬੂਤ ਹੁੰਦੀ ਹੈ ਅਤੇ ਨਾ ਹੀ ਸਰਕਾਰ ਬਣਦੀ ਹੈ | ਉੱਧਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਵਿਸ਼ੇਸ਼ ਵਰਗਾਂ ਦੇ ਵੱਡੇ ਧੜਿਆਂ ਦੇ ਮੁੱਖ ਆਗੂਆਂ ਨੇ ਆਪੋ ਆਪਣੇ ਪੱਧਰ 'ਤੇ ਹਾਈ ਕਮਾਨ ਨੂੰ ਸ਼ਿਕਾਇਤ ਭੇਜ ਦਿੱਤੀ ਹੈ | ਇਸ ਸੰਬੰਧੀ ਦੱਸਿਆ ਜਾ ਰਿਹਾ ਹੈ ਕਿ ਆਉਂਦੇ ਦਿਨਾਂ ਵਿਚ ਹਾਈਕਮਾਨ ਪੰਜਾਬ ਕਾਂਗਰਸ ਦੇ ਇੰਚਾਰਜ ਦੇ ਜਰੀਏ ਸਾਰੇ ਮਾਮਲੇ ਦੀ ਰਿਪੋਰਟ ਤਲਬ ਕਰ ਸਕਦੀ ਹੈ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵਲੋਂ ਇਹ ਕਿਹਾ ਗਿਆ ਸੀ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਚੋਣ ਲੜੇਗੀ ਅਤੇ ਕਾਂਗਰਸ ਦਾ ਚਿਹਰਾ ਸਿਰਫ ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾਰਜਨ ਖੜਗੇ ਹੋਣਗੇ ਅਤੇ ਦੱਸਿਆ ਜਾ ਰਿਹਾ ਇਸ ਬਿਆਨ ਮਗਰੋਂ ਕਈ ਸੀਨੀਅਰ ਆਗੂਆਂ ਵਿਚ ਬੇਚੈਨੀ ਪਾਈ ਜਾ ਰਹੀ ਹੈ ਜੋ ਹਾਈ ਕਮਾਨ ਦੇ ਮੂੰਹੋਂ ਆਪਣੇ ਨਾਮ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਕਰਵਾਉਣਾ ਚਾਹੁੰਦੇ ਸਨ |
ਇਕਜੁੱਟਤਾ ਦੀ ਹਿਦਾਇਤ ਦੇ ਬਾਵਜੂਦ ਪੰਜਾਬ ਕਾਂਗਰਸ 'ਚ ਧੜੇਬੰਦੀ ਦੀਆਂ ਸੁਰਾਂ ਕਾਰਨ ਹਾਈ ਕਮਾਨ ਖ਼ਫ਼ਾ
ਅਜੀਤ ਡੈਸਕ
21-01-2026