08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਅਜੀਤ ਡੈਸਕ 04-06-2026
ਸ੍ਰੀ ਮੁਕਤਸਰ ਸਾਹਿਬ, 3 ਜੂਨ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਕਮੇਟੀ ਮੈਂਬਰ ਨਿਰਮਲ ਸਿੰਘ ਸੰਗੂਧੌਣ ਦੀ ਪ੍ਰਧਾਨਗੀ ਹੇਠ ਭਾਈ ਦਾਨ ਸਿੰਘ ਯਾਤਰੀ ਨਿਵਾਸ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਕਿਸਾਨਾਂ ਨੇ ਮੰਗ ਕੀਤੀ ਕਿ ਨਹਿਰਾਂ ਤੇ ਕੱਸੀਆਂ ਵਿਚ ਨਹਿਰੀ ਪਾਣੀ ਪੂਰਾ ਕੀਤਾ ਜਾਵੇ, ਕਿਉਂਕਿ ਧਰਤੀ ਹੇਠਲਾ ਪਾਣੀ ਬਹੁਤ ਜ਼ਿਆਦਾ ਮਾੜਾ ਹੈ, ਜਿਸ ਕਾਰਨ ਮੱਕੀਆਂ ਅਤੇ ਪਨੀਰੀਆਂ ਪਾਲਣ ਵਿਚ ਬਹੁਤ ਮੁਸ਼ਕਿਲ ਹੋ ਰਹੀ ਹੈ ਤੇ ਪਨੀਰੀ ਸੜ ਰਹੀ ਹੈ | ਪਿਛਲੇ ਦਿਨ ਕਣਕ ਦੀ ਵਾਢੀ ਦੌਰਾਨ ਹੋਈ ਕੁਦਰਤੀ ਗੜ੍ਹੇਮਾਰੀ ਕਾਰਨ ਨੁਕਸਾਨੀਆਂ ਗਈਆਂ ਫ਼ਸਲਾਂ ਦੇ ਮੁਆਵਜ਼ੇ ਜੋ ਸਰਕਾਰ ਵਲੋਂ ਐਲਾਨੇ ਗਏ ਸਨ, ਉਸ ਵਿਚ ਸਰਕਾਰ ਵਲੋਂ ਜੋ ਪੰਜ ਏਕੜ ਤੋਂ ਘੱਟ ਵਾਲੇ ਕਿਸਾਨ ਨੂੰ ਹੀ ਮੁਆਵਜ਼ਾ ਦਿੱਤਾ ਜਾਣਾ ਤਹਿ ਹੋਇਆ ਹੈ, ਜਥੇਬੰਦੀ ਉਸ ਐਲਾਨ ਦੀ ਸਖ਼ਤ ਨਿਖੇਧੀ ਕਰਦੀ ਹੈ, ਕਿਉਂਕਿ ਜ਼ਿਆਦਾਤਰ ਕਿਸਾਨ ਠੇਕੇ 'ਤੇ ਜ਼ਮੀਨਾਂ ਲੈ ਕੇ ਵਾਹੀ ਕਰਦੇ ਹਨ, ਉਨ੍ਹਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ | ਯੂਨੀਅਨ ਮੰਗ ਕਰਦੀ ਹੈ ਕਿ ਨੁਕਸਾਨੀ ਗਈ ਫ਼ਸਲ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ | ਪਹਿਲਾਂ ਹੀ ਸਰਕਾਰਾਂ ਤੇ ਕੁਦਰਤੀ ਕਰੋਪੀ ਦਾ ਸਾਹਮਣਾ ਕਰ ਰਹੇ ਕਿਸਾਨ ਨੂੰ ਨਿੱਤ ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਹੁਣ ਟਰਾਂਸਫ਼ਾਰਮਰਾਂ ਤੋਂ ਤਾਂਬਾ ਤੇ ਤੇਲ ਚੋਰੀ ਵਰਗੀਆਂ ਘਟਨਾਵਾਂ ਤੋਂ ਬਾਅਦ ਚੋਰਾਂ ਵਲੋਂ ਮੋਟਰਾਂ ਖੋਲ੍ਹਣ ਦਾ ਨਵਾਂ ਰੁਝਾਨ ਸ਼ੁਰੂ ਹੋਇਆ ਹੈ, ਜੋ ਕਿ ਬਹੁਤ ਮੰਦਭਾਗਾ ਹੈ | ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਹੀ ਕੁਦਰਤ ਦੀ ਕਰੋਪੀ ਸਰਕਾਰਾਂ ਦੀ ਅਣਦੇਖੀ ਕਰਜ਼ੇ ਮਾਰ ਝੱਲ ਰਹੀ ਕਿਸਾਨੀ ਲਈ ਚਿੰਤਾ ਦਾ ਵਿਸ਼ਾ ਹੈ, ਪਰ ਪ੍ਰਸ਼ਾਸਨ ਵਲੋਂ ਕਿਸੇ ਵੀ ਚੋਰੀ ਦੀ ਵਾਰਦਾਤ ਨੂੰ ਗੰਭੀਰਤਾ ਨਾਲ ਹੀ ਨਹੀਂ ਲਿਆ ਜਾਂਦਾ | ਜਥੇਬੰਦੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿ ਮੋਟਰਾਂ ਤੇ ਟਰਾਂਸਫ਼ਾਰਮਰ ਚੋਰਾਂ ਨੂੰ ਨੱਥ ਪਾਈ ਜਾਵੇ | ਇਸ ਸਮੇਂ ਕਿਸਾਨ ਆਗੂ ਸੁਰਜੀਤ ਸਿੰਘ ਰੁਪਾਣਾ, ਸ਼ਿਵਰਾਜ ਸਿੰਘ ਭੰਗਚੜੀ, ਦਵਿੰਦਰ ਸਿੰਘ ਭੰਗੇਵਾਲਾ, ਦਲਜੀਤ ਸਿੰਘ ਰੰਧਾਵਾ, ਅਵਤਾਰ ਸਿੰਘ ਫੂਲੇਵਾਲਾ, ਬਿੰਦਰ ਸਿੰਘ ਫੂਲੇਵਾਲਾ, ਦਰਸ਼ਨ ਸਿੰਘ ਮੋਦਲੇਵਾਲਾ, ਦਲ ਸਿੰਘ ਫੂਲੇਵਾਲਾ, ਭਿੰਦਰ ਸਿੰਘ ਫੂਲੇਵਾਲਾ, ਸਿਕੰਦਰ ਸਿੰਘ, ਗੁਰਚਰਨ ਸਿੰਘ ਫੂਲੇਵਾਲਾ, ਮਨਜੀਤ ਸਿੰਘ ਤਾਮਕੋਟ, ਬਲਵਿੰਦਰ ਸਿੰਘ, ਹਰਗੋਬਿੰਦ ਸਿੰਘ, ਜਗਦੀਸ਼ ਸਿੰਘ, ਜੀਵਨ ਸਿੰਘ ਤਾਮਕੋਟ, ਦਰਸ਼ਨ ਸਿੰਘ ਮੁਕਤਸਰ, ਨਿਰਮਲ ਸਿੰਘ ਰੁਪਾਣਾ, ਗੁਰਮੀਤ ਸਿੰਘ ਮਰਾੜ੍ਹ, ਗੁਰਨਾਮ ਸਿੰਘ ਹਰੀਕੇ ਕਲਾਂ, ਹਰਜੀਤ ਸਿੰਘ ਮਰਾੜ੍ਹ, ਰੇਸ਼ਮ ਸਿੰਘ ਮਰਾੜ੍ਹ, ਸੁਖਮੰਦਰ ਸਿੰਘ ਮਰਾੜ੍ਹ, ਹੁਕਮਜੀਤ ਸਿੰਘ ਚੱਕ ਮੋਤਲੇਵਾਲਾ ਆਦਿ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਦਿਲਬਾਗ ਬਾਗੀ ਸ਼ਰਮਾ ਨੂੰ ਐਮ.ਸੀ. ਬਣਨ ਦੀ ਵਧਾਈ ਦਿੱਤੀ ਅਗਲੀ ਖ਼ਬਰ ਕਾਰਾਂ ਦੀ ਨੀਲ ਗਾਂ ਨਾਲ ਟੱਕਰ 'ਚ 3 ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।